ਅਚਾਨਕ ਗੋਲੀ ਚੱਲਣ ਨਾਲ ਵਿਅਕਤੀ ਦੀ ਮੌਤ

Monday, Feb 01, 2021 - 07:44 PM (IST)

ਅਚਾਨਕ ਗੋਲੀ ਚੱਲਣ ਨਾਲ ਵਿਅਕਤੀ ਦੀ ਮੌਤ

ਫਿਰੋਜ਼ਪੁਰ, (ਮਲਹੋਤਰਾ, ਕੁਮਾਰ)– ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨੇਡ਼ੇ ਇਕ ਹੋਟਲ ’ਤੇ ਕੰਮ ਕਰਨ ਵਾਲੇ ਵਿਅਕਤੀ ਦੀ ਗੋਲੀ ਲੱਗਣ ਕਾਰਣ ਮੌਤ ਹੋ ਗਈ। ਪੁਲਸ ਨੇ ਹਾਲੇ ਤੱਕ ਨਾ ਤਾਂ ਕਿਸੇ ਮੁਲਜ਼ਮ ਖਿਲਾਫ ਪਰਚਾ ਦਰਜ ਕੀਤਾ ਹੈ ਅਤੇ ਨਾ ਹੀ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਪਰ ਏਨਾ ਜ਼ਰੂਰ ਹੈ ਕਿ ਇਸ ਕਤਲ ਦੀ ਵਾਰਦਾਤ ਨੂੰ ਜਿਥੇ ਕੁਝ ਰਾਜਨੀਤਿਕ ਲੋਕਾਂ ਵੱਲੋਂ ਦਬਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਉਥੇ ਪੁਲਸ ਦੀ ਭੇਦਭਰੀ ਚੁੱਪੀ ਵੀ ਸਵਾਲ ਖਡ਼੍ਹੇ ਕਰਦੀ ਹੈ।

ਪਤਾ ਲੱਗਾ ਹੈ ਕਿ ਮ੍ਰਿਤਕ ਸੰਜੈ ਜੈਨ ਫਿਰੋਜ਼ਪੁਰ ਛਾਉਣੀ ਦੇ ਇਕ ਹੋਟਲ ’ਚ ਕੰਮ ਕਰਦਾ ਹੈ ਅਤੇ ਅੱਜ ਸਵੇਰੇ 11 ਵਜੇ ਦੇ ਕਰੀਬ ਉਸ ਨੂੰ ਗੋਲੀ ਲੱਗ ਗਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਗੋਲੀ ਲੱਗਣ ਤੋਂ ਬਾਅਦ ਸੰਜੈ ਨੂੰ ਕਿਸੇ ਨਜ਼ਦੀਕੀ ਹਸਪਤਾਲ ’ਚ ਨਹੀਂ ਲਿਜਾਇਆ ਗਿਆ ਅਤੇ ਫਰੀਦਕੋਟ ਮੈਡੀਕਲ ਕਾਲਜ ਭੇਜਣ ਲਈ ਗੱਡੀ ’ਚ ਬਿਠਾ ਲਿਆ ਗਿਆ ਜਿਥੇ ਜਾਂਦੇ ਹੋਏ ਰਸਤੇ ’ਚ ਹੀ ਉਸਦੀ ਮੌਤ ਹੋ ਗਈ। ਇੰਨਾ ਹੀ ਨਹੀਂ ਤੁਰੰਤ ਜਲਦਬਾਜੀ ’ਚ ਜਿਥੇ ਮ੍ਰਿਤਕ ਦਾ ਲਹੂ ਡੁੱਲ੍ਹਿਆ ਸੀ ਉਸ ਜਗ੍ਹਾ ਨੂੰ ਵੀ ਸਾਫ ਕਰਨ ਦੀ ਕਾਰਵਾਈ ਅਮਲ ’ਚ ਲਿਆਂਦੀ ਗਈ, ਤਾਂ ਕਿ ਸਬੂਤਾਂ ਨੂੰ ਨਸ਼ਟ ਕੀਤਾ ਜਾ ਸਕੇ। ਸੂਤਰ ਦੱਸਦੇ ਹਨ ਕਿ ਉਥੇ ਆਸ-ਪਾਸ ਕੁਝ ਦੁਕਾਨਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਉਤਰਵਾ ਲਿਆ ਗਿਆ। ਡੀ. ਐੱਸ. ਪੀ. ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੀ ਸੂਚਨਾ ਤੋਂ ਬਾਅਦ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

ਥਾਣਾ ਕੈਂਟ ਮੁਖੀ ਕ੍ਰਿਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੇ ਹਾਂ, ਉਸ ਦੇ ਆਧਾਰ ’ਤੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।


author

Bharat Thapa

Content Editor

Related News