ਗੁਰਦਾਸਪੁਰ ਉਪ ਚੋਣ : ਲੰਗਾਹ ਕਾਂਡ ਨੇ ਭਾਜਪਾ ਦੀ ਜਿੱਤ ਦੀ ਰਾਹ ''ਚ ਅਟਕਾਇਆ ਰੋੜਾ

Thursday, Oct 05, 2017 - 04:13 AM (IST)

ਗੁਰਦਾਸਪੁਰ ਉਪ ਚੋਣ : ਲੰਗਾਹ ਕਾਂਡ ਨੇ ਭਾਜਪਾ ਦੀ ਜਿੱਤ ਦੀ ਰਾਹ ''ਚ ਅਟਕਾਇਆ ਰੋੜਾ

ਜਲੰਧਰ(ਬੁਲੰਦ)-ਗੁਰਦਾਸਪੁਰ ਲੋਕਸਭਾ ਉਪ ਚੋਣ 'ਚ ਜਿਥੇ ਪਹਿਲਾਂ ਮੁੱਖ ਸਿਆਸੀ ਪਾਰਟੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਦਰਮਿਆਨ ਟੱਕਰ ਬਰਾਬਰ ਦੀ ਨਜ਼ਰ ਆ ਰਹੀ ਸੀ, ਉੱਥੇ ਹੀ ਗੁਰਦਾਸਪੁਰ ਤੋਂ ਅਕਾਲੀ ਦਲ ਦੇ ਵੱਡੇ ਚਿਹਰੇ ਸੁੱਚਾ ਸਿੰਘ ਲੰਗਾਹ ਦਾ ਸੈਕਸੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਮੀਕਰਨ ਲਗਾਤਾਰ ਬਦਲਦੇ ਜਾ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੁੰਦੇ ਸਾਰ ਹੀ ਅਕਾਲੀ-ਭਾਜਪਾ ਦਾ ਗ੍ਰਾਫ ਕਾਫੀ ਹੇਠਾਂ ਆਉਂਦਾ ਦਿਖਾਈ ਦੇ ਰਿਹਾ ਹੈ। ਮਾਮਲੇ ਬਾਰੇ ਅਕਾਲੀ ਦਲ ਦੇ ਗੁਰਦਾਸਪੁਰ 'ਚ ਲੰਬੇ ਸਮੇਂ ਤੋਂ ਚੋਣ ਡਿਊਟੀ ਨਿਭਾ ਰਹੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਕੋਲੋਂ ਮਿਲ ਰਹੀਆਂ ਸੂਚਨਾਵਾਂ ਅਨੁਸਾਰ ਲੰਗਾਹ ਕਾਂਡ ਨੇ ਨਾ ਸਿਰਫ ਅਕਾਲੀ ਦਲ ਦੇ ਅਕਸ 'ਤੇ ਧੱਬਾ ਲਾਇਆ ਹੈ, ਬਲਕਿ ਭਾਜਪਾ ਦੀ ਜਿੱਤ ਦੇ ਰੱਥ ਦਾ ਤਾਂ ਇਕ ਪਹੀਆ ਹੀ ਤੋੜ ਦਿੱਤਾ ਹੈ। ਜਾਣਕਾਰ ਦੱਸਦੇ ਹਨ ਕਿ ਹੁਣ ਪਿਛਲੇ 3 ਦਿਨਾਂ 'ਚ ਹੀ ਲੋਕ ਅਕਾਲੀ ਨੇਤਾਵਾਂ ਅਤੇ ਵਰਕਰਾਂ ਨੂੰ ਭਾਜਪਾਈਆਂ ਲਈ ਪ੍ਰਚਾਰ ਕਰਦਾ ਦੇਖ ਕੇ ਗੁੱਸੇ 'ਚ ਦਿਖਾਈ ਦੇ ਰਹੇ ਹਨ। ਇੰਨਾ ਹੀ ਨਹੀਂ ਕਿਤੇ-ਕਿਤੇ ਤਾਂ ਸਿੱਧੇ ਤੌਰ 'ਤੇ ਅਕਾਲੀ ਨੇਤਾਵਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰਾਂ ਅਨੁਸਾਰ ਜਿਸ ਤਰ੍ਹਾਂ ਅਕਾਲੀ ਨੇਤਾਵਾਂ ਨੂੰ ਲੰਗਾਹ ਦੇ ਕੀਤੇ ਦੀ ਸਜ਼ਾ ਭੁਗਤਣੀ ਪੈ ਰਹੀ ਹੈ, ਉਸ ਨੂੰ ਦੇਖ ਕੇ ਤਾਂ ਹੁਣ ਭਾਜਪਾ ਨੇਤਾਵਾਂ ਨੇ ਅਕਾਲੀ ਦਲ ਵਾਲਿਆਂ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਵੱਖਰੇ ਤੌਰ 'ਤੇ ਪ੍ਰਚਾਰ ਕਰੋ ਤੇ ਸਾਨੂੰ ਆਪਣਾ ਪ੍ਰਚਾਰ ਕਰਨ ਦਿਓ। ਲੰਗਾਹ ਦੇ ਸਾਰੇ ਮਾਮਲੇ ਦੀ ਰਿਪੋਰਟ ਕੇਂਦਰ ਸਰਕਾਰ ਤੱਕ ਵੀ ਪਹੁੰਚ ਚੁੱਕੀ ਹੈ, ਜਿਸ ਨੂੰ ਲੈ ਕੇ ਭਾਜਪਾ ਹਾਈਕਮਾਨ ਕਾਫੀ ਨਾਰਾਜ਼ ਹੈ ਅਤੇ ਇਸ ਗੁੱਸੇ ਦੇ ਨਤੀਜੇ ਆਉਣ ਵਾਲੇ ਦਿਨਾਂ 'ਚ ਦਿਖਾਈ ਦੇ ਸਕਦੇ ਹਨ। 
ਅਜਿਹੇ 'ਚ ਕਾਂਗਰਸ ਤੇ 'ਆਪ' ਨੂੰ ਆਪਣੀ-ਆਪਣੀ ਜਿੱਤ ਦਾ ਰਾਹ ਪੱਧਰਾ ਹੁੰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਲੰਗਾਹ ਕਾਂਡ ਤੋਂ ਬਾਅਦ ਹੁਣ ਮੈਦਾਨ 'ਚ ਸਿਰਫ ਕਾਂਗਰਸ ਅਤੇ 'ਆਪ' ਹੀ ਮਜ਼ਬੂਤੀ ਨਾਲ ਉਭਰਦੇ ਨਜ਼ਰ ਆ ਰਹੇ ਹਨ ਅਤੇ ਭਾਜਪਾ ਤੀਜੇ ਸਥਾਨ 'ਤੇ ਖਿਸਕਦੀ ਨਜ਼ਰ ਆ ਰਹੀ ਹੈ। ਦੇਖਣਾ ਹੋਵੇਗਾ ਕਿ ਅਕਾਲੀ-ਭਾਜਪਾ ਇਸ ਮੁਸ਼ਕਿਲ ਸਥਿਤੀ ਤੋਂ ਕਿਵੇਂ ਪਾਰ ਪਾਉਂਦੇ ਹਨ।


Related News