ਵੱਡੀ ਖ਼ਬਰ: ਸੁੱਚਾ ਸਿੰਘ ਛੋਟੇਪੁਰ ਭਲਕੇ ਅਕਾਲੀ ਦਲ 'ਚ ਹੋਣਗੇ ਸ਼ਾਮਲ
Wednesday, Dec 08, 2021 - 06:22 PM (IST)
ਗੁਰਦਾਸਪੁਰ (ਹਰਮਨ) - ਗੁਰਦਾਸਪੁਰ ਜ਼ਿਲ੍ਹੇ ਸਮੇਤ ਸਮੁੱਚੇ ਪੰਜਾਬ ਅੰਦਰ ਸਿਆਸਤ ਵਿਚ ਵੱਡਾ ਸਥਾਨ ਰੱਖਦੇ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਦੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਚੱਲ ਰਹੀ ਗੱਲਬਾਤ ਆਖ਼ਰਕਾਰ ਕਿਸੇ ਪਾਸੇ ਲੱਗ ਗਈ ਹੈ। ਭਲਕੇ ਯਾਨੀ 9 ਦਸੰਬਰ ਨੂੰ ਸੁੱਚਾ ਸਿੰਘ ਛੋਟੇਪੁਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਪਤਾ ਲੱਗਾ ਹੈ ਕਿ ਛੋਟੇਪੁਰ ਨੂੰ ਚੰਡੀਗੜ੍ਹ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਲੀਡਰਸ਼ਿਪ ਖੁਦ ਅਕਾਲੀ ਦਲ ਵਿੱਚ ਸ਼ਾਮਲ ਕਰਵਾਏਗੀ। ਇਸ ਗੱਲ ਦੀ ਵੀ ਪੂਰੀ ਉਮੀਦ ਹੈ ਕਿ ਭਲਕੇ ਉਨ੍ਹਾਂ ਨੂੰ ਬਟਾਲਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦਾ ਸਾਂਝਾ ਉਮੀਦਵਾਰ ਐਲਾਨਿਆ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਜ਼ਿਕਰਯੋਗ ਹੈ ਕਿ ਸੁੱਚਾ ਸਿੰਘ ਛੋਟੇਪੁਰ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਸਬੰਧੀ ਲੰਮੇ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਸਨ, ਜਿਸ ਦੇ ਚਲਦਿਆਂ ਪਹਿਲਾਂ ਉਨ੍ਹਾਂ ਨੂੰ ਡੇਰਾ ਬਾਬਾ ਨਾਨਕ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਸੀ। ਬਾਅਦ ਵਿਚ ਉਨ੍ਹਾਂ ਦਾ ਨਾਂ ਕਾਦੀਆਂ ਹਲਕੇ ਲਈ ਚਰਚਾ ਵਿੱਚ ਸੀ। ਇਨ੍ਹਾਂ ਦੋਵਾਂ ਹਲਕਿਆਂ ਵਿੱਚ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ, ਜਿਸ ਦੇ ਬਾਅਦ ਹੁਣ ਉਨ੍ਹਾਂ ਨੂੰ ਬਟਾਲਾ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ 'ਚ ਕੁੜੀ ਨੂੰ ਲੈ ਕੇ ਹੋਏ ਮਾਮੂਲੀ ਤਕਰਾਰ ਨੇ ਧਾਰਿਆ ਭਿਆਨਕ ਰੂਪ, ਚੱਲੀ ਗੋਲ਼ੀ (ਤਸਵੀਰਾਂ)
ਜ਼ਿਕਰਯੋਗ ਹੈ ਕਿ ਸੁੱਚਾ ਸਿੰਘ ਛੋਟੇਪੁਰ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ। 2002 ਵਿੱਚ ਉਹ ਪੁਰਾਣੇ ਹਲਕੇ ਧਾਰੀਵਾਲ ਤੋਂ ਆਜ਼ਾਦ ਉਮੀਦਵਾਰ ਵਜੋਂ ਵਿਧਾਇਕ ਬਣੇ ਸਨ। ਇਸ ਦੇ ਇਲਾਵਾ ਵੀ ਹੋਰ ਅਨੇਕਾਂ ਅਹੁਦਿਆਂ ’ਤੇ ਰਹਿ ਚੁੱਕੇ ਹਨ, ਜਿਨ੍ਹਾਂ ਦੇ ਅਕਾਲੀ ਦਲ ਵਿਚ ਆਉਣ ਨਾਲ ਸਮੁੱਚੀ ਜ਼ਿਲ੍ਹਾ ਗੁਰਦਾਸਪੁਰ ਅੰਦਰ ਅਕਾਲੀ ਦਲ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਖ਼ਾਲ੍ਹੀ ਜੇਬਾਂ ਦੇਖ ਗੁੱਸੇ ’ਚ ਆਏ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਮਜ਼ਦੂਰ, ਦਿੱਤੀ ਦਰਦਨਾਕ ਮੌਤ