ਮੁੜ 'ਆਪ' ਦਾ ਝਾੜੂ ਫੜ ਸਕਦੇ ਨੇ ਸੁੱਚਾ ਸਿੰਘ ਛੋਟੇਪੁਰ
Monday, Nov 08, 2021 - 08:25 PM (IST)
ਗੁਰਦਾਸਪੁਰ: ਮਾਝੇ ਦੇ ਸਿਰਕੱਢ ਸਿਆਸੀ ਆਗੂ ਸੁੱਚਾ ਸਿੰਘ ਛੋਟੇਪੁਰ ਮੁੜ ਆਮ ਆਦਮੀ ਪਾਰਟੀ ਦਾ ਝਾੜੂ ਫੜ ਸਕਦੇ ਹਨ। ਸਿਆਸੀ ਹਲਕਿਆਂ ਵਿੱਚ ਚਰਚਾਵਾਂ ਚੱਲ ਰਹੀਆਂ ਹਨ ਕਿ ਸੁੱਚਾ ਸਿੰਘ ਛੋਟੇਪੁਰ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੇ ਸੰਪਰਕ ਵਿੱਚ ਹਨ ਅਤੇ ਜਲਦ ਹੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਛੋਟੇਪੁਰ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਸਨ ਪਰ ਸੂਤਰਾਂ ਦੀ ਮੰਨੀਏ ਤਾਂ ਗੁਰਦਾਸਪੁਰ ਦੀ ਜਿਸ ਸੀਟ 'ਤੋਂ ਸੁੱਚਾ ਸਿੰਘ ਛੋਟੇਪੁਰ ਚੋਣ ਲੜਨਾ ਚਾਹੁੰਦੇ ਸਨ ਉਸ 'ਤੇ ਦੋਹਾਂ ਧਿਰਾਂ ਵਿਚਕਾਰ ਸਹਿਮਤੀ ਨਹੀਂ ਬਣ ਪਾਈ ਸੀ।
ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਖ਼ੁਲਾਸਾ, ਦੱਸਿਆ ਕਿਉਂ ਦਿੱਲੀ ਹਵਾਈ ਅੱਡੇ ਨਹੀਂ ਜਾਂਦੀਆਂ ਪੰਜਾਬ ਸਰਕਾਰ ਦੀਆਂ ਬੱਸਾਂ (ਵੀਡੀਓ)
ਗੌਰਤਲਬ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਆਮ ਆਦਮੀ ਪਾਰਟੀ ਤੋਂ ਵੱਖ ਹੋ ਗਏ ਸਨ। ਛੋਟੇਪੁਰ ਉਸ ਸਮੇਂ ਪਾਰਟੀ ਦੇ ਸੂਬਾ ਕਨਵੀਨਰ ਸਨ। ਪਾਰਟੀ ਨਾਲ ਹੋਏ ਮਤਭੇਦਾਂ ਕਾਰਨ 'ਆਪ' ਅਤੇ ਛੋਟੇਪੁਰ ਦੇ ਰਾਹ ਵੱਖ-ਵੱਖ ਹੋ ਗਏ ਸਨ। ਆਮ ਆਦਮੀ ਪਾਰਟੀ ਤੋਂ ਵੱਖ ਹੋਣ ਮਗਰੋਂ ਛੋਟੇਪੁਰ ਨੇ 'ਆਪਣਾ ਪੰਜਾਬ' ਨਾਮ ਦੀ ਇੱਕ ਵੱਖਰੀ ਪਾਰਟੀ ਬਣਾਈ ਸੀ। ਇਸ ਪਾਰਟੀ ਵੱਲੋਂ ਉਹ 2021 ਦੀਆਂ ਵਿਧਾਨ ਸਭਾ ਚੋਣਾਂ 'ਚ ਗੁਰਦਾਸਪੁਰ ਤੋਂ ਚੋਣ ਵੀ ਲੜੇ ਸਨ ਪਰ ਉਨ੍ਹਾਂ ਨੂੰ ਸਫ਼ਲਤਾ ਹਾਸਲ ਨਹੀਂ ਹੋ ਸਕੀ ਸੀ।
ਇਹ ਵੀ ਪੜ੍ਹੋ: ਅਮਨ ਅਰੋੜਾ ਵੱਲੋਂ ਮੁੱਖ ਮੰਤਰੀ ਚੰਨੀ ਨੂੰ ਪੱਤਰ, ਪੰਜਾਬ ਦੇ ਕਿਸਾਨਾਂ ਲਈ ਕੀਤੀ ਵੱਡੀ ਮੰਗ
ਸਿਆਸੀ ਹਲਕਿਆਂ ਵਿੱਚ ਇਹ ਗੱਲ ਆਮ ਚਰਚਾ ਦਾ ਵਿਸ਼ਾ ਹੈ ਕਿ ਮਾਝੇ ਵਿੱਚ 'ਆਪ' ਆਪਣਾ ਮਜਬੂਤ ਆਧਾਰ ਬਣਾਉਣ ਲਈ ਕਿਸੇ ਵੱਡੇ ਸਿਆਸੀ ਆਗੂ ਦੀ ਭਾਲ ਵਿੱਚ ਹੈ ਅਤੇ ਮੁੜ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿੱਚ ਸ਼ਾਮਲ ਕਰ ਸਕਦੀ ਹੈ।ਜੇਕਰ ਛੋਟੇਪੁਰ 'ਆਪ' ਵਿੱਚ ਮੁੜ ਸ਼ਾਮਲ ਹੁੰਦੇ ਹਨ ਤਾਂ ਸੂਬੇ ਦੀ ਰਾਜਨੀਤੀ ਦੇ ਨਾਲ ਹੀ ਉਨ੍ਹਾਂ ਦੇ ਆਪਣੇ ਜੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਸਿਆਸੀ ਸਮੀਕਰਨ ਵੀ ਬਦਲਣਗੇ। ਉਧਰ ਪੰਜਾਬ ਦੀ ਰਾਜਨੀਤੀ ਵਿੱਚ ਜਿੱਥੇ ਅਕਾਲੀ ਦਲ-ਬਸਪਾ ਗਠਜੋੜ ਨੇ ਵਿਧਾਨ ਸਭਾ ਚੋਣਾਂ ਲਈ 70 ਤੋਂ ਵੱਧ ਉਮੀਦਵਾਰ ਐਲਾਨ ਦਿੱਤੇ ਹਨ ਤਾਂ ਉਥੇ ਹੀ ਕਾਂਗਰਸ ਕੈਪਟਨ ਦੇ ਅਸਤੀਫ਼ੇ ਮਗਰੋਂ ਵੀ ਨਵਜੋਤ ਸਿੱਧੂ ਦੇ ਨਿੱਤ ਆਪਣੀ ਹੀ ਸਰਕਾਰ ਖ਼ਿਲਾਫ਼ ਉਠਾਏ ਜਾ ਰਹੇ ਸਵਾਲਾਂ ਕਾਰਨ ਚਰਚਾ ਵਿੱਚ ਰਹਿੰਦੀ ਹੈ।ਆਮ ਆਦਮੀ ਪਾਰਟੀ ਪੰਜਾਬ ਵਿੱਚ ਮੁੱਖ ਮੰਤਰੀ ਚਿਹਰੇ ਦੀ ਭਾਲ ਵਿੱਚ ਹੈ। ਅਜਿਹੇ ਵਿੱਚ ਜੇਕਰ ਸੁੱਚਾ ਸਿੰਘ ਛੋਟੇਪੁਰ ਮੁੜ 'ਆਪ' ਵਿੱਚ ਜਾਂਦੇ ਹਨ ਤਾਂ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਵੇਖਣ ਨੂੰ ਮਿਲਣਗੇ।
ਨੋਟ : ਕੀ ਸੁੱਚਾ ਸਿੰਘ ਛੋਟੇਪੁਰ ਨੂੰ ਆਮ ਆਦਮੀ ਪਾਰਟੀ ਵਿੱਚ ਜਾਣਾ ਚਾਹੀਦਾ ਹੈ ਜਾਂ ਨਹੀਂ? ਕੁਮੈਂਟ ਕਰਕੇ ਦਿਓ ਆਪਣੀ ਰਾਏ