ਅੰਮ੍ਰਿਤਸਰ ’ਚ ਹੋਇਆ ਬਲੈਕ ਫੰਗਸ ਤੋਂ ਪੀੜਤ ਮਰੀਜ਼ ਦਾ ਸਫ਼ਲ ਅੱਖਾਂ ਦਾ ਆਪ੍ਰੇਸ਼ਨ
Thursday, May 27, 2021 - 08:44 PM (IST)
ਅੰਮ੍ਰਿਤਸਰ(ਦਲਜੀਤ)- ਸਰਕਾਰੀ ਮੈਡੀਕਲ ਕਾਲਜ ਅਧੀਨ ਚੱਲਣ ਵਾਲੇ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਨੇ ਬਲੈਕ ਫੰਗਸ ਤੋਂ ਪੀੜਤ ਮਰੀਜ਼ ਦਾ ਆਪ੍ਰੇਸ਼ਨ ਕਰ ਕੇ ਉਸ ਦੀਆਂ ਅੱਖਾਂ ਦੀ ਰੋਸ਼ਨੀ ਬਚਾਈ ਹੈ। ਇਸ ਮਰੀਜ਼ ਦੀ ਸਾਇਨਸ ’ਚ ਬਲੈਕ ਫੰਗਸ ਪਹੁੰਚ ਚੁੱਕਿਆ ਸੀ। ਇਸ ਨਾਲ ਅੱਖਾਂ ਦੀ ਰੋਸ਼ਨੀ ਜਾਣ ਦਾ ਖ਼ਤਰਾ ਸੀ।
ਜਾਣਕਾਰੀ ਅਨੁਸਾਰ ਈ. ਐੱਨ. ਟੀ. ਹਸਪਤਾਲ ਦੇ ਆਈ ਸਪੈਸ਼ਲਿਸਟ ਡਾ. ਵਿਕਰਮਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਸ ਮਰੀਜ਼ ਦੀ ਸਰਜਰੀ ਕੀਤੀ। ਇਸ ਦੌਰਾਨ ਸਾਇਨਸ ਤੋਂ ਬਲੈਕ ਫੰਗਸ ਨੂੰ ਹਟਾਇਆ ਗਿਆ। ਇਸਦੇ ਇਲਾਵਾ ਅੱਖਾਂ ਦੇ ਹੇਠਲੇ ਹਿੱਸੇ ਤੱਕ ਵੀ ਬਲੈਕ ਫੰਗਸ ਦੀ ਤਹਿ ਨੂੰ ਹਟਾਇਆ ਗਿਆ। ਤਕਰੀਬਨ ਢਾਈ ਘੰਟੇ ਚੱਲੀ ਸਰਜਰੀ ਦੇ ਬਾਅਦ ਡਾਕਟਰਾਂ ਨੇ ਮਰੀਜ਼ ਨੂੰ ਵਾਰਡ ’ਚ ਭੇਜ ਦਿੱਤਾ ਹੈ। ਡਾਕਟਰਾਂ ਅਨੁਸਾਰ ਮਰੀਜ਼ ਦੇ ਕੁਝ ਟੈਸਟ ਕਰਵਾਏ ਜਾ ਰਹੇ ਹਨ।
ਦੱਸਣਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ ’ਚ ਬਲੈਕ ਫੰਗਸ ਦੇ ਕੁਲ 17 ਮਰੀਜ਼ ਰਿਪੋਰਟ ਹੋ ਚੁੱਕੇ ਹਨ। ਇਨ੍ਹਾਂ ’ਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਬਲੈਕ ਫੰਗਸ ਦੇ ਇਲਾਜ ’ਚ ਇਸਤੇਮਾਲ ਹੋਣ ਵਾਲਾ ਐਫੋ-ਬੀ ਇੰਜੈਕਸ਼ਨ ਉਪਲੱਬਧ ਨਹੀਂ ਹੋਣ ਦੀ ਵਜ੍ਹਾ ਨਾਲ ਨਿੱਜੀ ਹਸਪਤਾਲਾਂ ਵਲੋਂ ਇਸ ਬੀਮਾਰੀ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਕਰਨ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ।