ਸੁਬਰਾਮਣੀਅਮ ਸਵਾਮੀ ਦੇ ਬਿਆਨ 'ਤੇ ਅਕਾਲੀ ਆਗੂ ਆਪਣਾ ਸਟੈਂਡ ਸਪੱਸ਼ਟ ਕਰਨ : ਕਾਂਗਰਸ
Monday, Aug 26, 2019 - 12:02 PM (IST)
ਚੰਡੀਗੜ੍ਹ (ਅਸ਼ਵਨੀ) - ਭਾਜਪਾ ਆਗੂ ਤੇ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਵਲੋਂ ਸ੍ਰੀ ਕਰਤਾਰਪੁਰ ਲਾਂਘਾ ਨਾ ਖੋਲ੍ਹਣ ਦੀ ਵਕਾਲਤ ਦੀ ਕਰੜੀ ਆਲੋਚਨਾ ਕੀਤੀ ਹੈ। ਉਨ੍ਹਾਂ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂਆਂ, ਜਿਨ੍ਹਾਂ 'ਚ 2 ਕੈਬਨਿਟ ਮੰਤਰੀ ਤੇ 8 ਵਿਧਾਇਕ ਸ਼ਾਮਲ ਹਨ, ਨੇ ਕਿਹਾ ਕਿ ਇਸ ਬਿਆਨ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ। ਸ੍ਰੀ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਲਈ ਵਰ੍ਹਿਆਂ ਤੋਂ ਅਰਦਾਸ ਕਰ ਰਹੀ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਦੀ ਆਸਥਾ ਨੂੰ ਡੂੰਘੀ ਸੱਟ ਵੱਜੀ ਹੈ। ਉਨ੍ਹਾਂ ਜਾਰੀ ਕੀਤੇ ਸਾਂਝੇ ਪ੍ਰੈੱਸ ਬਿਆਨ 'ਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਭਾਰਤ ਭੂਸ਼ਣ ਆਸ਼ੂ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਕੁਲਜੀਤ ਸਿੰਘ ਨਾਗਰਾ, ਰਾਜਾ ਅਮਰਿੰਦਰ ਸਿੰਘ ਵੜਿੰਗ, ਫਤਹਿਜੰਗ ਸਿੰਘ ਬਾਜਵਾ, ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ, ਬਲਵਿੰਦਰ ਸਿੰਘ ਲਾਡੀ ਤੇ ਸੰਤੋਖ ਸਿੰਘ ਭਲਾਈਪੁਰ ਨੇ ਭਾਜਪਾ-ਅਕਾਲੀ ਗਠਜੋੜ ਨੂੰ ਕਰੜੇ ਹੱਥੀਂ ਲਿਆ ਹੈ। ਉਕਤ ਸਾਰਿਆਂ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੇ ਕਿਹਾ ਕਿ ਸਿੱਖਾਂ ਦੀ ਅਖੌਤੀ ਅਲੰਬਰਦਾਰ ਬਣੇ ਅਕਾਲੀ ਦਲ ਦੇ ਆਗੂਆਂ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜਿਸ ਪਾਰਟੀ ਦੀ ਕੇਂਦਰੀ ਸੱਤਾ 'ਚ ਉਹ ਵਜ਼ੀਰੀਆਂ ਮਾਣ ਰਹੇ ਹਨ ਅਤੇ ਕਈ ਦਹਾਕਿਆਂ ਤੋਂ ਜਿਸ ਪਾਰਟੀ ਨਾਲ ਨਹੁੰ-ਮਾਸ ਦਾ ਰਿਸ਼ਤਾ ਅਲਾਪ ਰਹੇ ਹਨ, ਉਸੇ ਪਾਰਟੀ ਦੇ ਸੀਨੀਅਰ ਆਗੂ ਸਵਾਮੀ ਵਲੋਂ ਸ੍ਰੀ ਕਰਤਾਰਪੁਰ ਲਾਂਘਾ ਰੋਕਣ ਦੀ ਕੀਤੀ ਜਾ ਰਹੀ ਸਾਜ਼ਿਸ਼ ਅਤੇ ਖੁੱਲ੍ਹੇਆਮ ਕੀਤੀ ਜਾ ਰਹੀ ਮੁਖਾਲਫਤ 'ਤੇ ਅਕਾਲੀ ਦਲ ਦੀ ਕੀ ਪ੍ਰਤਿਕਿਰਿਆ ਹੈ।
ਉਨ੍ਹਾਂ ਕਿਹਾ ਕਿ ਇਹ ਗੱਲ ਪੰਜਾਬ ਖਾਸ ਕਰ ਕੇ ਸਿੱਖ ਜਗਤ ਭਲੀ-ਭਾਂਤ ਜਾਣਦਾ ਹੈ ਕਿ ਬਾਦਲ ਪਰਿਵਾਰ ਨੂੰ ਸਿੱਖੀ ਨਾਲੋਂ ਆਪਣੀਆਂ ਕੁਰਸੀਆਂ ਨਾਲ ਵੱਧ ਮੋਹ ਹੈ। ਭਾਜਪਾ ਵਲੋਂ ਗੁਰੂ ਘਰਾਂ 'ਤੇ ਜੀ. ਐੱਸ. ਟੀ. ਤੋਂ ਲੈ ਕੇ ਹੁਣ ਲਾਂਘਾ ਰੋਕਣ ਦੀਆਂ ਚਾਲਾਂ ਤੱਕ ਲਏ ਅਨੇਕਾਂ ਸਿੱਖ ਤੇ ਪੰਜਾਬ ਵਿਰੋਧੀ ਫੈਸਲਿਆਂ 'ਤੇ ਅਕਾਲੀ ਦਲ ਦੀ ਚੁੱਪੀ ਸਾਬਤ ਕਰਦੀ ਹੈ ਕਿ ਅਕਾਲੀ ਦਲ ਬਰਾਬਰ ਦੀ ਗੁਨਾਹਗਾਰ ਹੈ। ਇਹ ਸੋਚੀ ਸਮਝੀ ਸਾਜ਼ਿਸ਼ ਦਾ ਹੀ ਸਿੱਟਾ ਸੀ ਕਿ ਭਾਜਪਾ ਆਗੂ ਨੇ ਇਹ ਬਿਆਨ ਚੰਡੀਗੜ੍ਹ ਆ ਕੇ ਦਿੱਤਾ। ਭਾਜਪਾ ਆਗੂ ਦੇ ਇਸ ਬਿਆਨ ਨਾਲ ਬਿੱਲੀ ਹੁਣ ਥੈਲਿਓਂ ਬਾਹਰ ਆ ਗਈ ਹੈ ਅਤੇ ਭਾਜਪਾ ਆਗੂਆਂ ਖਾਸ ਕਰ ਕੇ ਪੰਜਾਬ ਦੇ ਆਗੂਆਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਸਵਾਮੀ ਦੇ ਬਿਆਨ ਨਾਲ ਸਹਿਮਤ ਹਨ ਜਾਂ ਨਹੀਂ।