ਹੈ ਕੋਈ ਵਾਲੀ-ਵਾਰਿਸ ਸਬ ਤਹਿਸੀਲ ਮਮਦੋਟ ਦਾ? ਦਫ਼ਤਰ ਖੁੱਲ੍ਹਾ, ਨਾਇਬ ਤਹਿਸੀਲਦਾਰ ਗਾਇਬ
Tuesday, Feb 16, 2021 - 03:08 PM (IST)
ਮਮਦੋਟ (ਸ਼ਰਮਾ) - ਹਿੰਦ-ਪਾਕਿ ਸਰਹੱਦ ’ਤੇ ਵੱਸਿਆ ਕਸਬਾ ਮਮਦੋਟ, ਜੋ ਸਰਕਾਰੀ ਸਹੂਲਤਾਂ ਤੋਂ ਪਹਿਲਾਂ ਕਾਫ਼ੀ ਪੱਛੜਿਆ ਇਲਾਕਾ ਹੈ। ਇਥੋਂ ਦੇ ਵਸਨੀਕ ਪਹਿਲਾਂ ਹੀ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਹਨ। ਸਬ-ਤਹਿਸੀਲ ਮਮਦੋਟ ਦੇ ਮੁਲਾਜ਼ਮਾਂ ਦੀਆਂ ਆਪਹੁਦਰੀਆਂ ਕਾਰਣ ਦਫ਼ਤਰ ਆਉਣ ਵਾਲੇ ਲੋਕ ਅਤੇ ਕਿਸਾਨ ਲਗਾਤਾਰ ਖੱਜਲ-ਖੁਆਰ ਹੋ ਰਹੇ ਹਨ ਪਰ ਨਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਾ ਹੀ ਹਲਕੇ ਦੀ ਨੁਮਾਇੰਦਗੀ ਕਰ ਰਹੀ ਕਾਂਗਰਸ ਸਰਕਾਰ ਦੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਜਾਂ ਲੀਡਰਸ਼ਿਪ ਹੀ ਕੋਈ ਸੁਣਵਾਈ ਕਰ ਰਹੀ ਹੈ।
ਦੱਸ ਦੇਈਏ ਕਿ ਜਦੋਂ ਪ੍ਰਤੀਨਿਧੀਆਂ ਦੀ ਟੀਮ ਵੱਲੋਂ ਸਬ-ਤਹਿਸੀਲ ਦਫ਼ਤਰ ਮਮਦੋਟ ਦਾ ਦੌਰਾ ਕੀਤਾ ਗਿਆ ਤਾਂ ਕੰਮ ਕਰਾਉਣ ਲਈ ਆਏ ਦੂਰ-ਦੁਰਾਡੇ ਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਤਹਿਸੀਲ ਦਫ਼ਤਰ ਤਾਂ 10 ਵਜੇ ਖੋਲ੍ਹ ਦਿੱਤਾ ਗਿਆ ਸੀ ਪਰ ਦੁਪਹਿਰ 1 ਵਜੇ ਤੱਕ ਚਪੜਾਸੀ ਅਤੇ ਕੰਪਿਊਟਰ ਅਪਰੇਟਰ ਤੋਂ ਇਲਾਵਾ ਨਾਇਬ ਤਹਿਸੀਲਦਾਰ ਅਤੇ ਹੋਰ ਕੋਈ ਮੁਲਾਜ਼ਮ ਹਾਜ਼ਰ ਨਹੀਂ ਸੀ। ਲੋਕਾਂ ਨੇ ਕਿਹਾ ਕਿ ਨਾਇਬ ਤਹਿਸੀਲਦਾਰ ਦੀ ਰਿਹਾਇਸ਼ ਵੀ ਮਮਦੋਟ ਵਿਖੇ ਹੈ ਪਰ ਬਾਵਜੂਦ ਇਸਦੇ ਨਾਇਬ ਤਹਿਸੀਲਦਾਰ ਰੋਜ਼ਾਨਾ ਦਫ਼ਤਰੀ ਸਮੇਂ ਤੋਂ ਕਰੀਬ 3, 4 ਘੰਟੇ ਦਫ਼ਤਰ ’ਚ ਲੇਟ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਦਫ਼ਤਰ ਕੰਪਲੈਕਸ ਅੰਦਰ ਬਣਾਇਆ ਗਿਆ ਪਬਲਿਕ ਟਾਇਲਟ ਨਾਇਬ ਤਹਿਸੀਲਦਾਰ ਦੇ ਹੁਕਮਾਂ ਨਾਲ ਬੰਦ ਕਰ ਕੇ ਰਿਕਾਰਡ ਰੂਮ ਬਣਾ ਦਿੱਤਾ ਗਿਆ ਹੈ। ਤ੍ਰਾਸਦੀ ਇਹ ਹੈ ਕਿ ਟਾਇਲਟ ’ਚ ਸੁੱਟਿਆ ਹੋਇਆ ਸਰਕਾਰੀ ਰਿਕਾਰਡ ਕਿੰਨਾ ਸੁਰੱਖਿਅਤ ਹੈ, ਇਹ ਦੇਖਣ ਲਈ ਸ਼ਾਇਦ ਨਾਇਬ ਤਹਿਸੀਲਦਾਰ ਕੋਲ ਸਮਾਂ ਹੀ ਨਹੀਂ ਹੈ।
ਇਸ ਸਬੰਧੀ ਜਦੋਂ ਨਾਇਬ ਤਹਿਸੀਲਦਾਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਆਪਣਾ ਪੱਖ ਦਿੰਦਿਆਂ ਕਿਹਾ ਕਿ ਉਹ ਅੱਜ ਛੁੱਟੀ ’ਤੇ ਹਨ। ਜਦੋਂ ਉਨ੍ਹਾਂ ਨੂੰ ਛੁੱਟੀ ਸਬੰਧੀ ਅਰਜੀ ਬਾਰੇ ਪੁੱਛਿਆਂ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਇਸ ਦੀ ਜਾਣਕਾਰੀ ਐੱਸ. ਡੀ. ਐੱਮ. ਸਾਹਿਬ ਤੋਂ ਲੈ ਸਕਦੇ ਹੋ ਅਤੇ ਜਦੋਂ ਐੱਸ. ਡੀ. ਐੱਮ. ਸਾਹਿਬ ਫਿਰੋਜ਼ਪੁਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਮਮਦੋਟ ਨੂੰ ਕਿਸੇ ਜ਼ਰੂਰੀ ਮੀਟਿੰਗ ਵਾਸਤੇ ਫਿਰੋਜ਼ਪੁਰ ਬੁਲਾਇਆ ਗਿਆ ਹੈ। ਸੋ ਲੋੜ ਹੈ ਹਲਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਮੈਡਮ ਸਤਿਕਾਰ ਕੌਰ ਗਹਿਰੀ ਨੂੰ ਵਿਸ਼ੇਸ਼ ਧਿਆਨ ਦੇ ਕੇ ਨਾਇਬ ਤਹਿਸੀਲਦਾਰ ਦੀ ਡਿਊਟੀ ਸਬ-ਤਹਿਸੀਲ ਵਿਖੇ ਰੋਜ਼ਾਨਾ ਯਕੀਨੀ ਬਣਾਉਣ ਦੀ, ਤਾਂ ਜੋ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ’ਚ ਅਫ਼ਸਰਾਂ ਦੀਆਂ ਆਪਹੁਦਰੀਆਂ ਦਾ ਖਾਮਿਆਜ਼ਾ ਕਾਂਗਰਸ ਪਾਰਟੀ ਨੂੰ ਨਾ ਭੁਗਤਣਾ ਪਵੇ। ਸਬ-ਤਹਿਸੀਲ ਮਮਦੋਟ ਵਿਖੇ ਵੱਖ-ਵੱਖ ਪਿੰਡਾਂ ਤੋਂ ਕੰਮਕਾਜ ਕਰਵਾਉਣ ਆਏ ਕਿਸਾਨਾਂ ਨੂੰ ਆ ਰਹੀ ਮੁਸ਼ਕਲਾਂ ਤੋਂ ਬਚਾਇਆ ਜਾ ਸਕੇ।