ਚੰਡੀਗੜ੍ਹ : ਬਿਜਲੀ ਵਿਭਾਗ ਦੇ ਸਬ ਸਟੇਸ਼ਨ ਅਟੈਂਡੈਂਟ ਦੀ ਮੌਤ ਦੇ ਮਾਮਲੇ ''ਚ ਨਵਾਂ ਮੋੜ

Friday, Nov 24, 2017 - 08:44 AM (IST)

ਚੰਡੀਗੜ੍ਹ : ਬਿਜਲੀ ਵਿਭਾਗ ਦੇ ਸਬ ਸਟੇਸ਼ਨ ਅਟੈਂਡੈਂਟ ਦੀ ਮੌਤ ਦੇ ਮਾਮਲੇ ''ਚ ਨਵਾਂ ਮੋੜ

ਚੰਡੀਗੜ੍ਹ (ਅਰਚਨਾ) : ਬਿਜਲੀ ਵਿਭਾਗ ਦੇ ਸਬ-ਸਟੇਸ਼ਨ ਅਟੈਂਡੈਂਟ ਹਰਵਿੰਦਰ ਸਿੰਘ ਦੀ ਮੌਤ ਕੁਦਰਤੀ ਸੀ। ਉਸ ਦਾ ਕਤਲ ਨਹੀਂ ਕੀਤਾ ਗਿਆ ਸੀ। ਹਰਵਿੰਦਰ ਦੇ ਦਿਲ ਦੇ ਵਧੇ ਹੋਏ ਸਾਈਜ਼ ਨੂੰ ਉਸ ਦੀ ਮੌਤ ਦੇ ਕਾਰਨ ਵਜੋਂ ਦੇਖਿਆ ਜਾ ਰਿਹਾ ਹੈ।  ਸੂਤਰਾਂ ਅਨੁਸਾਰ ਤਾਂ ਹਰਵਿੰਦਰ ਦੀ ਆਟੋਪਸੀ ਰਿਪੋਰਟ ਦੌਰਾਨ ਕੀਤੀ ਗਈ ਪ੍ਰੀਲਿਮਨਰੀ ਜਾਂਚ ਕਹਿੰਦੀ ਹੈ ਕਿ ਹਰਵਿੰਦਰ ਦੇ ਦਿਲ ਦਾ ਭਾਰ 500 ਗ੍ਰਾਮ ਦੇ ਆਸ-ਪਾਸ ਸੀ, ਜਦੋਂਕਿ ਆਮ ਤੌਰ 'ਤੇ ਇਕ ਆਮ ਵਿਅਕਤੀ ਦੇ ਦਿਲ ਦਾ ਭਾਰ 350 ਗ੍ਰਾਮ ਤੋਂ ਲੈ ਕੇ 400 ਗ੍ਰਾਮ ਦੇ  ਵਿਚਕਾਰ ਹੁੰਦਾ ਹੈ। ਦਿਲ ਦਾ ਵਧਿਆ ਹੋਇਆ ਸਾਈਜ਼ ਦੱਸਦਾ ਹੈ ਕਿ ਹਰਵਿੰਦਰ ਹਾਈਪਰਟ੍ਰਾਫੀ ਰੋਗ ਨਾਲ ਪੀੜਤ ਸੀ। ਅਜਿਹੇ ਮਰੀਜ਼ ਦੀ ਐਮਰਜੈਂਸੀ ਹਾਲਤ 'ਚ ਆਕਸੀਜਨ ਦੀ ਲੋੜ ਵਧ ਜਾਂਦੀ ਹੈ।  ਹਰਵਿੰਦਰ ਜਦੋਂ 17 ਨਵੰਬਰ ਨੂੰ ਸੈਕਟਰ-25 ਦੀ ਆਜ਼ਾਦ ਕਾਲੋਨੀ 'ਚ ਡਿਫਾਲਟਰਾਂ ਦੇ ਕੁਨੈਕਸ਼ਨ ਕੱਟਣ ਗਏ ਤਾਂ ਉਸ ਦੌਰਾਨ ਉਨ੍ਹਾਂ ਦੀ ਸਥਾਨਕ ਲੋਕਾਂ ਨਾਲ ਲੜਾਈ ਹੋਈ ਤੇ ਲੜਾਈ ਦੌਰਾਨ ਜੇ ਕਿਸੇ ਨੇ ਹਰਵਿੰਦਰ ਨੂੰ ਧੱਕਾ ਮਾਰ ਦਿੱਤਾ ਹੋਵੇਗਾ ਜਾਂ ਉਨ੍ਹਾਂ ਨੂੰ ਬਚਣ ਲਈ ਭੱਜਣਾ ਪੈ ਗਿਆ ਹੋਵੇਗਾ ਤਾਂ ਉਨ੍ਹਾਂ ਦੇ ਦਿਲ ਨੂੰ ਮਿਲਣ ਵਾਲੀ ਆਕਸੀਜਨ ਦਾ ਪੱਧਰ ਡਿੱਗ ਗਿਆ ਹੋਵੇਗਾ। ਆਕਸੀਜਨ ਦੀ ਘਾਟ ਕਾਰਨ ਸਰੀਰ ਨੇ ਉਨ੍ਹਾਂ ਦੇ ਦਿਲ ਦਾ ਸਾਥ ਨਹੀਂ ਦਿੱਤਾ ਤੇ ਉਹ ਮੌਕੇ 'ਤੇ ਬੇਹੋਸ਼ ਹੋ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਪੋਸਟਮਾਰਟਮ ਬੋਰਡ ਨੇ ਆਪਣੀ ਰਿਪੋਰਟ 'ਚ ਕਿਸੇ ਵੀ ਤਰ੍ਹਾਂ ਦੀ ਸੱਟ ਜਾਂ ਜ਼ਖਮ ਦੇ ਨਿਸ਼ਾਨ ਦਾ ਜ਼ਿਕਰ ਨਹੀਂ ਕੀਤਾ ਹੈ ਜੋ ਦੱਸੇ ਕਿ ਹਰਵਿੰਦਰ ਦੀ ਲੋਕਾਂ ਨੇ ਮਾਰਕੁੱਟ ਕੀਤੀ ਸੀ। ਜੇ ਹਰਵਿੰਦਰ ਨੂੰ ਮਾਰਨ ਲਈ ਡੰਡੇ ਜਾਂ ਕਿਸੇ ਕਿਸਮ ਦੇ ਹਥਿਆਰ ਦੀ ਵਰਤੋਂ ਕੀਤੀ ਗਈ ਹੁੰਦੀ ਤਾਂ ਉਸਦੇ ਸਰੀਰ 'ਤੇ ਜ਼ਖਮ ਹੁੰਦੇ ਤੇ ਉਸਦੇ ਕਲਾਟ ਮਾਰਕ ਸਰੀਰ ਅੰਦਰ ਮਿਲਦੇ ਪਰ ਬੋਰਡ ਨੂੰ ਅਜਿਹਾ ਕੋਈ ਨਿਸ਼ਾਨ ਨਹੀਂ ਮਿਲਿਆ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੇ ਨੀਲ ਸਰੀਰ 'ਤੇ ਦੇਖੇ ਗਏ ਹਨ।


Related News