ਰਿਸ਼ਵਤ ਨਾ ਮਿਲਣ ’ਤੇ ਕੀਤੇ ਝੂਠੇ ਕੇਸ ਦੇ ਦੋਸ਼ ’ਚ ਸਬ-ਇੰਸਪੈਕਟਰ, ਏ. ਐੱਸ. ਆਈ. ਤੇ 2 ਹੌਲਦਾਰਾਂ ਵਿਰੁੱਧ ਪਰਚਾ ਦਰਜ
Tuesday, Jul 24, 2018 - 12:33 AM (IST)
ਲੰਬੀ/ਮਲੋਟ, (ਜੁਨੇਜਾ)- ਥਾਣਾ ਲੰਬੀ ਦੀ ਪੁਲਸ ਵੱਲੋਂ ਰਿਸ਼ਵਤ ਨਾ ਮਿਲਣ ਕਰ ਕੇ 2 ਵਿਅਕਤੀਆਂ ਵਿਰੁੱਧ ਐੱਨ. ਡੀ. ਪੀ. ਐੱਸ. ਦਾ ਝੂਠਾ ਕੇਸ ਦਰਜ ਕਰਨ ਦੇ ਮਾਮਲੇ ’ਤੇ ਮਾਣਯੋਗ ਸਪੈਸ਼ਲ ਅਦਾਲਤ ਸ੍ਰੀ ਮੁਕਤਸਰ ਸਾਹਿਬ ਦੇ ਜੱਜ ਸਾਹਿਬਾਨ ਕੰਵਲਜੀਤ ਸਿੰਘ ਦੇ ਹੁਕਮਾਂ ’ਤੇ 1 ਸਬ-ਇੰਸਪੈਕਟਰ ਅਤੇ 1 ਏ. ਐੱਸ. ਆਈ. ਸਮੇਤ 4 ਪੁਲਸ ਮੁਲਾਜ਼ਮਾਂ ਵਿਰੁੱਧ ਪਰਚਾ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਕੀ ਸੀ ਮਾਮਲਾ
ਜਾਣਕਾਰੀ ਅਨੁਸਾਰ ਥਾਣਾ ਲੰਬੀ ਦੀ ਪੁਲਸ ਦੇ ਏ. ਐੱਸ. ਆਈ. ਅਜਮੇਰ ਸਿੰਘ, ਹੌਲਦਾਰ ਸੁਖਦੇਵ ਸਿੰਘ ਅਤੇ ਹੌਲਦਾਰ ਰਾਜਵੀਰ ਸਿੰਘ ਨੇ 16 ਨਵੰਬਰ, 2014 ਨੂੰ ਜ਼ੈੱਨ ਕਾਰ ਨੰਬਰ ਡੀ ਐੱਲ ਸੀ ਐੱਚ 1363 ਸਮੇਤ ਯੋਗੇਸ਼ ਕੁਮਾਰ ਪੁੱਤਰ ਤੇਜ ਸ਼ਰਮਾ ਵਾਸੀ ਯੋਧੂ ਕਾਲੋਨੀ, ਸ੍ਰੀ ਮੁਕਤਸਰ ਸਾਹਿਬ ਅਤੇ ਗੁਰਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਤਿਲਕ ਨਗਰ, ਸ੍ਰੀ ਮੁਕਤਸਰ ਸਾਹਿਬ ਨੂੰ ਨਸ਼ੇ ਵਾਲੀਆਂ ਸ਼ੀਸ਼ੀਆਂ ਅਤੇ ਗੋਲੀਆਂ ਦੀ ਬਰਾਮਦਗੀ ਵਿਖਾ ਕੇ ਸਬ-ਇੰਸਪੈਕਟਰ ਕਸ਼ਮੀਰੀ ਲਾਲ ਸਾਹਮਣੇ ਹਾਜ਼ਰ ਕਰ ਕੇ ਦੋਵਾਂ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ ਪੁਲਸ ਵੱਲੋਂ ਬਣਾਏ ਮੁਲਜ਼ਮਾਂ ਦੀ ਸਫਾਈ ਧਿਰ ਦਾ ਕਹਿਣਾ ਹੈ ਕਿ 15-11-2014 ਨੂੰ ਯੋਗੇਸ਼ ਕੁਮਾਰ ਅਤੇ ਗੁਰਵਿੰਦਰ ਸਿੰਘ ਸੰਗਰੀਆਂ ਤੋਂ ਮੋਟਰਸਾਈਕਲ ’ਤੇ ਟੀਸ਼ੂ ਪੇਪਰਾਂ ਦੇ ਆਰਡਰ ਲੈ ਕੇ ਆ ਰਹੇ ਸਨ ਕਿ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਆਰ. ਸੀ. ਚੈੱਕ ਕਰਨ ਲਈ ਰੋਕਿਆ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਬੈਂਕ ਦੇ ਏ. ਟੀ. ਐੱਮ. ’ਚੋਂ ਪੈਸੇ ਵੀ ਕਢਵਾਏ। ਬਾਅਦ ’ਚ 1 ਲੱਖ ਰੁਪਏ ਰਿਸ਼ਵਤ ਦੇਣ ਜਾਂ ਐੱਨ. ਡੀ. ਪੀ. ਐੱਸ. ਦੇ ਝੂਠੇ ਕੇਸ ਵਿਚ ਫਸਾ ਦੇਣ ਦੀ ਧਮਕੀ ਦਿੱਤੀ। ਸਫਾਈ ਧਿਰ ਨੇ ਗਵਾਹਾਂ ਦੇ ਅਾਧਾਰ ’ਤੇ ਸਾਬਤ ਕੀਤਾ ਕਿ ਪੁਲਸ ਨੇ ਉਕਤ ਦੋਵਾਂ ਵਿਅਕਤੀਅਾਂ ਨੂੰ 15 ਨਵੰਬਰ ਨੂੰ ਗਲਤ ਹਿਰਾਸਤ ਵਿਚ ਲਿਆ ਸੀ ਅਤੇ ਇਸ ਦਿਨ ਦੁਪਹਿਰ 2:00 ਵਜੇ ਏ. ਟੀ. ਐੱਮ. ਵਿਚ ਯੋਗੇਸ਼ ਕੁਮਾਰ ਨਾਲ ਪੈਸੇ ਕਢਵਾ ਰਹੇ ਹੌਲਦਾਰ ਦੀ ਫੋਟੇਜ ਵੀ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਆਈ ਹੈ।
ਇਸ ਮਾਮਲੇ ’ਚ ਮਾਣਯੋਗ ਅਦਾਲਤ ਨੇ 2 ਵਿਅਕਤੀਆਂ ਕੋਲੋਂ ਰਿਸ਼ਵਤ ਲੈਣ ਅਤੇ ਐੱਨ. ਡੀ. ਪੀ. ਐੱਸ. ਦੇ ਝੂਠੇ ਕੇਸ ਵਿਚ ਫਸਾਉਣ ਕਰ ਕੇ ਸਬ-ਇੰਸਪੈਕਟਰ ਕਸ਼ਮੀਰੀ ਲਾਲ, ਏ. ਐੱਸ. ਆਈ. ਅਜਮੇਰ ਸਿੰਘ, ਹੌਲਦਾਰ ਰਾਜਵੀਰ ਸਿੰਘ ਅਤੇ ਸੁਖਦੇਵ ਸਿੰਘ ਵਿਰੁੱਧ ਥਾਣਾ ਸਦਰ, ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਹਨ ਅਤੇ ਪੁਲਸ ਨੇ ਇਨ੍ਹਾਂ ਚਾਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
