ਕੈਬਨਿਟ ਦੀ ਸਬ ਕਮੇਟੀ ਦਾ ਅਹਿਮ ਫੈਸਲਾ, ''''ਨਾ ਡਿਗਾਏ ਜਾਣ ਬਿਨਾਂ ਨਕਸ਼ੇ ਵਾਲੇ ਮਕਾਨ''''
Tuesday, Jun 12, 2018 - 09:54 AM (IST)
ਚੰਡੀਗੜ੍ਹ : ਇੱਥੇ ਸੋਮਵਾਰ ਨੂੰ ਕੈਬਨਿਟ ਦੀ ਸਬ ਕਮੇਟੀ ਦੀ ਹੋਈ ਬੈਠਕ ਦੌਰਾਨ ਅਹਿਮ ਫੈਸਲਾ ਲਿਆ ਗਿਆ ਕਿ ਪੰਜਾਬ 'ਚ ਜਿਨ੍ਹਾਂ ਲੋਕਾਂ ਨੇ ਆਪਣੀਆਂ ਜ਼ਮੀਨਾਂ 'ਤੇ ਨਕਸ਼ਾ ਪਾਸ ਕਰਾਏ ਬਿਨਾਂ ਮਕਾਨ ਜਾਂ ਦੁਕਾਨਾਂ ਬਣਾ ਲਈਆਂ ਹਨ, ਉਨ੍ਹਾਂ ਨੂੰ ਨਾ ਡਿਗਾਇਆ ਜਾਵੇ। ਹੁਣ ਸਬ ਕਮੇਟੀ ਦੀਆਂ ਇਨ੍ਹਾਂ ਸਿਫਾਰਿਸ਼ਾਂ 'ਤੇ ਕੈਬਨਿਟ ਦੀ ਅਗਲੀ ਮੀਟਿੰਗ 'ਚ ਚਰਚਾ ਹੋਵੇਗੀ।
ਇਸ ਤੋਂ ਬਾਅਦ ਸਰਕਾਰ ਇਸ ਸਬੰਧੀ ਆਖਰੀ ਫੈਸਲਾ ਲਵੇਗੀ। ਸਬ ਕਮੇਟੀ ਦੇ ਮੈਂਬਰਾਂ ਦਾ ਮੰਨਣਾ ਸੀ ਕਿ ਆਮ ਲੋਕਾਂ ਵਲੋਂ ਆਪਣੀ ਮਿਹਨਤ ਦੀ ਕਮਾਈ ਨਾਲ ਘਰ ਬਣਾਏ ਜਾਂਦੇ ਹਨ। ਤੈਅ ਨਿਯਮਾਂ ਦੇ ਉਲਟ ਜਾ ਕੇ ਕੀਤੇ ਗਏ ਨਿਰਮਾਣਾਂ ਨੂੰ ਡਿਗਾਉਣ ਦੀ ਬਜਾਏ ਉਨ੍ਹਾਂ ਮਾਲਕਾਂ ਤੋਂ ਸਬੰਧਿਤ ਇਲਾਕੇ 'ਚ ਲਾਗੂ ਟੈਕਸ ਦੇ ਮੁਤਾਬਕ ਪੈਸਾ ਵਸੂਲਿਆ ਜਾਵੇ।
ਇਸ ਤੋਂ ਬਾਅਦ ਇਨ੍ਹਾਂ ਨਿਰਮਾਣਾਂ ਨੂੰ ਰੈਗੂਲਰ ਕਰ ਦਿੱਤਾ ਜਾਵੇ। ਇਸ ਦੇ ਨਾਲ ਹੀ ਸਬ ਕਮੇਟੀ ਦੇ ਮੈਂਬਰਾਂ ਨੇ ਇਹ ਵੀ ਫੈਸਲਾ ਕੀਤਾ ਕਿ ਸੂਬੇ 'ਚ ਇਸ ਤਰ੍ਹਾਂ ਨਾਲ ਹੋਏ ਨਾਜਾਇਜ਼ ਨਿਰਮਾਣਾਂ ਲਈ ਉਨ੍ਹਾਂ ਅਫਸਰਾਂ 'ਤੇ ਸਖਤ ਕਾਰਵਾਈ ਕੀਤੀ ਜਾਣੀ ਜ਼ਰੂਰੀ ਹੈ, ਜਿਨ੍ਹਾਂ ਨੇ ਆਪਣੀ ਡਿਊਟੀ 'ਚ ਲਾਪਰਵਾਹੀ ਵਰਤੀ ਅਤੇ ਬਿਨਾਂ ਨਕਸ਼ੇ ਪਾਸ ਹੋਏ ਹੀ ਨਿਰਮਾਣ ਕੰਮ ਹੋਣ ਦਿੱਤਾ।
ਜ਼ਿਕਰਯੋਗ ਹੈ ਕਿ ਕੈਬਨਿਟ ਸਬ ਕਮੇਟੀ 'ਚ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ, ਬਲਬੀਰ ਸਿੰਘ ਸਿੱਧੂ, ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ ਅਤੇ ਸਾਧੂ ਸਿੰਘ ਧਰਮਸੋਤ ਸ਼ਾਮਲ ਸਨ।