ਪ੍ਰਿੰਸੀਪਲਾਂ ਦੀਆਂ ਤਰੱਕੀਆਂ ਦੇ ਹੁਕਮ ਜਾਰੀ ਨਾ ਹੋਣ ਕਾਰਨ ਪੜ੍ਹਾਈ ਦਾ ਕੰਮ ਪ੍ਰਭਾਵਿਤ

Thursday, Feb 01, 2018 - 07:18 AM (IST)

ਪ੍ਰਿੰਸੀਪਲਾਂ ਦੀਆਂ ਤਰੱਕੀਆਂ ਦੇ ਹੁਕਮ ਜਾਰੀ ਨਾ ਹੋਣ ਕਾਰਨ ਪੜ੍ਹਾਈ ਦਾ ਕੰਮ ਪ੍ਰਭਾਵਿਤ

ਚੰਡੀਗੜ੍ਹ  (ਭੁੱਲਰ) - ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ, ਪੰਜਾਬ ਦੇ ਚੀਫ ਆਰਗੇਨਾਈਜ਼ਰ ਸ਼ਿਆਮ ਲਾਲ ਸ਼ਰਮਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ 200 ਪ੍ਰਿੰਸੀਪਲਾਂ ਦੀਆਂ ਤਰੱਕੀਆਂ ਕਰਨ ਲਈ ਵਿਭਾਗੀ ਤਰੱਕੀ ਕਮੇਟੀ ਦੀਆਂ ਬੈਠਕਾਂ 28 ਨਵੰਬਰ ਤੇ 18 ਦਸੰਬਰ 2017 ਨੂੰ ਕੀਤੀਆਂ ਗਈਆਂ ਸਨ ਪਰ ਵਿਭਾਗ ਵਲੋਂ ਤਰੱਕੀ ਦੇ ਹੁਕਮ ਹੁਣ ਤੱਕ ਜਾਰੀ ਨਹੀਂ ਕੀਤੇ ਗਏ ਹਨ, ਜਿਸ ਕਾਰਨ ਸਕੂਲਾਂ ਵਿਚ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਸ਼ਰਮਾ ਨੇ ਦੋਸ਼ ਲਾਇਆ ਕਿ ਸਿੱਖਿਆ ਵਿਭਾਗ ਇਕ ਅਜਿਹਾ ਵਿਭਾਗ ਹੈ, ਜਿਸ ਵਿਚ ਜੋ ਲੈਕਚਰਾਰ ਸਿੱਧੀ ਭਰਤੀ ਰਾਹੀਂ ਅੱਜ ਤੋਂ 21 ਸਾਲ ਪਹਿਲਾਂ ਸਰਵਿਸ ਵਿਚ ਆਏ ਸਨ, ਉਨ੍ਹਾਂ ਨੂੰ ਇਕ ਵੀ ਤਰੱਕੀ ਨਹੀਂ ਮਿਲੀ ਹੈ। ਇਕ ਹੀ ਆਸਾਮੀ 'ਤੇ 21 ਸਾਲ ਕੰਮ ਕਰਨਾ ਸਪੱਸ਼ਟ ਕਰਦਾ ਹੈ ਕਿ ਲੈਕਚਰਾਰ ਦੇ ਕਾਡਰ ਵਿਚ ਖੜੋਤ ਹੈ ਅਤੇ ਇਸ ਨੂੰ ਦੂਰ ਕਰਨ ਲਈ ਵਿਭਾਗ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਲੈਕਚਰਾਰ ਇਕ ਹੀ ਆਸਾਮੀ 'ਤੇ ਪਿਛਲੇ 20 ਸਾਲ ਤੋਂ ਕੰਮ ਕਰ ਰਹੇ ਹਨ, ਨੂੰ ਪ੍ਰਿੰਸੀਪਲ ਦਾ ਅਹੁਦਾ ਤੁਰੰਤ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲਾਂ ਦੀਆਂ ਆਸਾਮੀਆਂ ਘਟਣ ਨਾਲ ਲੈਕਚਰਾਰ ਕਾਡਰ 'ਤੇ ਮਾੜਾ ਅਸਰ ਪਿਆ ਹੈ। ਸ਼ਰਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿਚ ਜਿਵੇਂ ਪਹਿਲਾਂ ਡਾਈਟ ਅਤੇ ਇਨ ਸਰਵਿਸ ਟ੍ਰੇਨਿੰਗ ਸੈਂਟਰਾਂ ਵਿਚ ਪ੍ਰਿੰਸੀਪਲ ਲਾਏ ਹੋਏ ਸਨ, ਉਸੇ ਤਰ੍ਹਾਂ ਹੁਣ ਵੀ ਤੁਰੰਤ ਪ੍ਰਿੰਸੀਪਲ ਨਿਯੁਕਤ ਕੀਤੇ ਜਾਣ ਤਾਂ ਜੋ ਲੈਕਚਰਾਰ ਦੇ ਕਾਡਰ ਵਿਚ ਆਈ ਖੜੋਤ ਖਤਮ ਕੀਤੀ ਜਾ ਸਕੇ।


Related News