ਖ਼ੁਲਾਸਾ: ਅੰਗਰੇਜ਼ੀ ’ਚ ਕਮਜ਼ੋਰ ਸੈਂਕੜੇ ਵਿਦਿਆਰਥੀਆਂ ਨੂੰ ਝਾਂਸਾ ਦੇ ਕੇ ਟਰੈਵਲ ਏਜੰਟਾਂ ਨੇ ਭੇਜਿਆ ਯੂਕ੍ਰੇਨ
Tuesday, Mar 01, 2022 - 01:08 PM (IST)
ਜਲੰਧਰ (ਸੁਧੀਰ): ਟਰੈਵਲ ਏਜੰਟਾਂ ਵੱਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਦੇ ਮਾਮਲੇ ਤਾਂ ਅਕਸਰ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਪਰ ਹੁਣ ਕੁਝ ਟਰੈਵਲ ਕਾਰੋਬਾਰੀਆਂ ਵੱਲੋਂ ਆਪਣੀਆਂ ਜੇਬਾਂ ਗਰਮ ਕਰਨ ਲਈ ਅੰਗਰੇਜ਼ੀ 'ਚ ਕਮਜ਼ੋਰ ਵਿਦਿਆਰਥੀਆਂ ਨੂੰ ਯੂਕ੍ਰੇਨ ਭੇਜਣ ਦੇ ਵੀ ਕਈ ਮਾਮਲੇ ਸਾਹਮਣੇ ਆਉਣ ਲੱਗ ਪਏ ਹਨ। ਵਿਦਿਆਰਥੀਆਂ ਨੂੰ ਯੂਕ੍ਰੇਨ ਪਹੁੰਚ ਕੇ ਉਥੋਂ ਯੂਰਪ ਪਹੁੰਚਾਉਣ ਦਾ ਝਾਂਸਾ ਦਿੱਤਾ ਜਾਂਦਾ ਸੀ ਜਿਸ ਕਰਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਵੀ ਲਏ ਜਾਂਦੇ ਸਨ।
ਕੋਰੋਨਾ ਕਾਲ ਕਾਰਨ ਪੂਰੀ ਦੁਨੀਆ ਵਿਚ ਤਾਲਾਬੰਦੀ ਚੱਲ ਰਹੀ ਸੀ ਅਤੇ ਸਾਰੇ ਦੇਸ਼ਾਂ ਦੀਆਂ ਫਲਾਈਟਾਂ ਬੰਦ ਸਨ, ਜਿਸ ਕਾਰਨ ਸਾਰੇ ਦੂਤਘਰ ਵੀ ਬੰਦ ਸਨ। ਹਰ ਦੇਸ਼ ਨੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ। ਉਥੇ ਹੀ, ਸਾਰੇ ਦੇਸ਼ਾਂ ਵਿਚ ਤਾਲੰਬੰਦੀ ਤੇ ਫਲਾਈਟਾਂ ਬੰਦ ਹੋਣ ਨਾਲ ਟਰੈਵਲ ਕਾਰੋਬਾਰੀਆਂ ਦਾ ਕੰਮ ਵੀ ਠੱਪ ਹੋ ਗਿਆ ਅਤੇ ਉਹ ਵਰਕ ਫਰਾਮ ਹੋਮ ਕਰਨ ਲੱਗੇ। ਕਈਆਂ ਲਈ ਦਫ਼ਤਰ ਦਾ ਕਿਰਾਇਆ ਤੱਕ ਕੱਢਣਾ ਅਤੇ ਸਟਾਫ਼ ਨੂੰ ਤਨਖ਼ਾਹ ਤੱਕ ਦੇਣਾ ਮੁਸ਼ਕਲ ਹੋ ਗਿਆ।
ਇਹ ਵੀ ਪੜ੍ਹੋ: ਪਿੰਡ ਅਠੌਲਾ 'ਚ ਵੱਡੀ ਵਾਰਦਾਤ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੂੰ ਕਾਰ ਸਵਾਰਾਂ ਨੇ ਮਾਰੀ ਗੋਲ਼ੀ
ਸੂਤਰਾਂ ਮੁਤਾਬਕ ਪੰਜਾਬ ਦੇ ਕੁਝ ਟਰੈਵਲ ਕਾਰੋਬਾਰੀਆਂ ਨੇ ਇਸ ਦਰਮਿਆਨ ਆਪਣੀਆਂ ਜੇਬਾਂ ਗਰਮ ਕਰਨ ਲਈ ਅੰਗਰੇਜ਼ੀ ਵਿਚ ਕਮਜ਼ੋਰ ਭਾਰਤੀ ਵਿਦਿਆਰਥੀਆਂ ਨੂੰ ਯੂਕ੍ਰੇਨ ਭੇਜਣ ਲਈ ਇਸ਼ਤਿਹਾਰਬਾਜ਼ੀ ਦੀ ਖੇਡ ਸ਼ੁਰੂ ਕੀਤੀ, ਜਿਸ ਵਿਚ ਆਮ ਤੌਰ ’ਤੇ ਦੇਖਣ ਨੂੰ ਮਿਲਦਾ ਸੀ, ‘‘ਸਟੱਡੀ ਇਨ ਯੂਕ੍ਰੇਨ, ਸਟੱਡੀ ਗੈਪ ਅਪ ਟੂ 10 ਯੀਅਰ, ਆਈਲੈੱਟਸ ਦੀ ਲੋੜ ਨਹੀਂ, ਖ਼ਰਚਾ ਸਿਰਫ਼ 3 ਤੋਂ 5 ਲੱਖ ਰੁਪਏ।’’ ਕਈ ਲੋਕ ਇਨ੍ਹਾਂ ਟਰੈਵਲ ਕਾਰੋਬਾਰੀਆਂ ਦੇ ਝਾਂਸੇ ਵਿਚ ਫਸਣ ਲੱਗੇ।
ਆਮ ਤੌਰ ’ਤੇ ਪੜ੍ਹਾਈ ਲਈ ਕੈਨੇਡਾ, ਯੂ. ਕੇ. ਅਤੇ ਹੋਰਨਾਂ ਕਈ ਦੇਸ਼ਾਂ ਵਿਚ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਆਈਲੈੱਟਸ ਪਾਸ ਕਰਨਾ ਜ਼ਰੂਰੀ ਹੁੰਦਾ ਸੀ। ਇਸ ਕਾਰਨ ਅੰਗਰੇਜ਼ੀ ਵਿਚ ਕਮਜ਼ੋਰ ਵਿਦਿਆਰਥੀ ਆਈਲੈੱਟਸ ਕਰਨ ਤੋਂ ਗੁਰੇਜ਼ ਕਰਦੇ ਸਨ। ਇਸੇ ਦਰਮਿਆਨ ਕਈ ਭਾਰਤੀ ਵਿਦਿਆਰਥੀ ਯੂਕ੍ਰੇਨ ਦੀ ਇਸ਼ਤਿਹਾਰਬਾਜ਼ੀ ਦੇਖ ਕੇ ਇਨ੍ਹਾਂ ਟਰੈਵਲ ਕਾਰੋਬਾਰੀਆਂ ਦੇ ਹੱਥੇ ਚੜ੍ਹ ਗਏ। ਉਨ੍ਹਾਂ ਨੂੰ ਯੂਕ੍ਰੇਨ ਪਹੁੰਚ ਕੇ ਉਥੋਂ ਯੂਰਪ ਜਲਦ ਪਹੁੰਚਾਉਣ ਦਾ ਝਾਂਸਾ ਦਿੱਤਾ ਜਾਂਦਾ ਸੀ। ਇਸਦੇ ਨਾਲ ਹੀ ਪੰਜਾਬ ਦੇ ਕਈ ਟਰੈਵਲ ਕਾਰੋਬਾਰੀਆਂ ਵੱਲੋਂ ਅੰਗਰੇਜ਼ੀ ਵਿਚ ਕਮਜ਼ੋਰ ਵਿਦਿਆਰਥੀਆਂ ਨੂੰ 8 ਮਹੀਨੇ ਦਾ ਲੈਂਗੁਏਂਜ ਕੋਰਸ ਭਾਵ ਯੂਕ੍ਰੇਨਨ ਭਾਸ਼ਾ ਸਿੱਖਣ ਲਈ 3 ਤੋਂ 5 ਲੱਖ ਤੱਕ ਦੇ ਪੈਕੇਜ ਕੱਢ ਦਿੱਤੇ ਗਏ। ਸੂਤਰਾਂ ਮੁਤਾਬਕ ਯੂਕ੍ਰੇਨਨ ਭਾਸ਼ਾ ਸਿੱਖਣ ਲਈ ਵਿਦਿਆਰਥੀਆਂ ਦਾ ਖ਼ਰਚਾ ਸਿਰਫ਼ 70 ਤੋਂ 75 ਹਜ਼ਾਰ ਰੁਪਏ ਆਉਂਦਾ ਸੀ ਪਰ ਉਕਤ ਟਰੈਵਲ ਕਾਰੋਬਾਰੀ ਆਪਣੀਆਂ ਜੇਬਾਂ ਗਰਮ ਕਰਨ ਲਈ ਵਿਦਿਆਰਥੀਆਂ ਕੋਲੋਂ 5-5 ਲੱਖ ਤੱਕ ਵਸੂਲ ਕੇ ਉਨ੍ਹਾਂ ਨੂੰ ਯੂਕ੍ਰੇਨ ਭੇਜਦੇ ਰਹੇ।
ਇਹ ਵੀ ਪੜ੍ਹੋ: ਜਾਣੋ ਯੂਕ੍ਰੇਨ-ਰੂਸ ਲੜਾਈ ਦੀ ਅਸਲ ਵਜ੍ਹਾ, ਜਿਸ ਕਾਰਨ ਬਰੂਹਾਂ 'ਤੇ ਆਣ ਢੁੱਕੀ 'ਤੀਜੀ ਵਿਸ਼ਵ ਜੰਗ'
ਕਮਜ਼ੋਰ ਵਿਦਿਆਰਥੀਆਂ ਦਾ ਇੰਝ ਫ਼ਾਇਦਾ ਚੁੱਕਦੇ ਸਨ ਟਰੈਵਲ ਕਾਰੋਬਾਰੀ
ਦੱਸਿਆ ਜਾ ਰਿਹਾ ਹੈ ਕਿ ਵਧੇਰੇ ਅੰਗਰੇਜ਼ੀ ਵਿਚ ਕਮਜ਼ੋਰ ਵਿਦਿਆਰਥੀ ਯੂਕ੍ਰੇਨਨ ਭਾਸ਼ਾ ਦਾ ਕੋਰਸ ਕਰਨ ਵਿਚ ਸਫ਼ਲ ਨਹੀਂ ਹੁੰਦੇ ਸਨ, ਜਿਸ ਕਾਰਨ ਫੇਲ੍ਹ ਹੋਣ ’ਤੇ ਉਨ੍ਹਾਂ ਨੂੰ ਜਾਂ ਤਾਂ ਆਪਣੇ ਦੇਸ਼ ਵਾਪਸ ਆਉਣਾ ਪੈਂਦਾ ਸੀ ਜਾਂ ਉਨ੍ਹਾਂ ਨੂੰ ਦੁਬਾਰਾ ਲੈਂਗੁਏਂਜ ਕੋਰਸ ਕਰਨ ਲਈ ਫ਼ੀਸ ਫਿਰ ਤੋਂ ਜਮ੍ਹਾ ਕਰਵਾਉਣੀ ਪੈਂਦੀ ਸੀ। ਕਈ ਵਿਦਿਆਰਥੀ ਫਰਜ਼ੀ ਏਜੰਟਾਂ ਦੇ ਹੱਥੇ ਚੜ੍ਹ ਕੇ ਯੂਕ੍ਰੇਨ ਤੋਂ ਯੂਰਪ ਜਾਣ ਦੀ ਕੋਸ਼ਿਸ਼ ਕਰਦੇ ਸਨ। ਬਸ ਇਸ ਗੱਲ ਦਾ ਫ਼ਾਇਦਾ ਪੰਜਾਬ ਦੇ ਕੁਝ ਟਰੈਵਲ ਕਾਰੋਬਾਰੀਆਂ ਨੇ ਖੂਬ ਉਠਾਇਆ ਅਤੇ ਲੈਂਗੁਏਂਜ ਕੋਰਸ ਕਰਵਾਉਣ ਤੇ ਯੂਕ੍ਰੇਨ ਦੇ ਪੈਕੇਜ ਤੋਂ ਕਰੋੜਾਂ ਰੁਪਏ ਕਮਾ ਲਏ।
ਦੱਸਿਆ ਜਾ ਰਿਹਾ ਹੈ ਕਿ ਯੂਕ੍ਰੇਨ ਵਿਚ ਕੜਾਕੇ ਦੀ ਸਰਦੀ ਕਾਰਨ ਕੰਮ ਦੀ ਵੀ ਭਾਰੀ ਕਮੀ ਹੈ, ਜਿਸ ਕਾਰਨ ਉਥੇ ਗਏ ਵਿਦਿਆਰਥੀਆਂ ਨੂੰ ਰਹਿਣ ਅਤੇ ਖਾਣ ਲਈ ਆਪਣੇ ਪਰਿਵਾਰਕ ਮੈਂਬਰਾਂ ਕੋਲੋਂ ਹੀ ਰੁਪਏ ਮੰਗਵਾਉਣੇ ਪੈਂਦੇ ਸਨ। ਉਥੇ ਹੀ, ਹੁਣ ਯੂਕ੍ਰੇਨ ਦੇ ਹਾਲਾਤ ਦੇਖ ਕੇ ਉਥੇ ਫਸੇ ਭਾਰਤੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਵੀ ਦਿਨ-ਰਾਤ ਡਰ ਦੇ ਪਰਛਾਵੇਂ ਹੇਠ ਜਿਊ ਰਹੇ ਹਨ।
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ