ਹੁਸ਼ਿਆਰਪੁਰ ''ਚ 600 ਵਿਦਿਆਰਥੀਆਂ ਦਾ ਭਵਿੱਖ ਦਾਅ ''ਤੇ, ਹੋ ਰਿਹੈ ਵੱਡਾ ਧੱਕਾ
Friday, Mar 06, 2020 - 12:57 PM (IST)
ਹੁਸ਼ਿਆਰਪੁਰ (ਅਮਰੀਕ) : ਹੁਸ਼ਿਆਰਪੁਰ ਦੇ ਬਜਵਾੜਾ 'ਚ ਸਰਦਾਰ ਅਮੀ ਚੰਦ ਸੀਨੀਅਰ ਸੈਕੰਡਰੀ ਸਕੂਲ ਦੇ 600 ਵਿਦਿਆਰਥੀਆਂ ਦਾ ਭਵਿੱਖ ਇਸ ਸਮੇਂ ਦਾਅ 'ਤੇ ਲੱਗਾ ਹੋਇਆ ਹੈ ਅਤੇ ਉਨ੍ਹਾਂ ਨਾਲ ਵੱਡਾ ਧੱਕਾ ਹੋ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਮੋਹਾਲੀ ਦੀ ਤਰਜ਼ 'ਤੇ ਇਸ ਸਕੂਲ ਨੂੰ ਬੰਦ ਕਰਕੇ ਇੱਥੇ ਅਕੈਡਮੀ ਖੋਲ੍ਹਣ ਜਾ ਰਹੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਸਿਰਫ 100 ਵਿਦਿਆਰਥੀਆਂ ਨੂੰ ਲਾਭ ਮਿਲੇਗਾ, ਜਦੋਂ ਕਿ 600 ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋਵੇਗਾ। ਇਸ ਬਾਰੇ ਆਰ. ਟੀ. ਆਈ. ਅਵੇਅਰਨੈੱਸ ਫੋਰਮ ਪੰਜਾਬ ਦੇ ਚੇਅਰਮੈਨ ਰਾਜੀਵ ਵਸ਼ਿਸ਼ਟ ਦਾ ਕਹਿਣਾ ਹੈ ਕਿ ਉਹ ਵਿਦਿਆਰਥੀਆਂ ਨਾਲ ਅਜਿਹਾ ਧੱਕਾ ਕਦੇ ਨਹੀਂ ਹੋਣ ਦੇਣਗੇ।
ਵਿਦਿਆਰਥੀਆਂ ਨੂੰ ਦਾਖਲਾ ਲੈਣ ਤੋਂ ਕੀਤਾ ਮਨਾ
ਪ੍ਰਸ਼ਾਸਨ ਨੇ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਵਿਦਿਆਰਥੀਆਂ ਨੂੰ ਉਕਤ ਸਕੂਲ 'ਚ ਦਾਖਲਾ ਲੈਣ ਤੋਂ ਮਨ੍ਹਾਂ ਕਰ ਦਿੱਤਾ ਹੈ, ਇਸ ਕਾਰਨ ਵਿਦਿਆਰਥੀਆਂ ਨੇ ਸਕੂਲ 'ਚ ਖੂਬ ਹੱਲਾ ਕੀਤਾ, ਜਿਸ ਤੋਂ ਬਾਅਦ ਰਾਜੀਵ ਵਸ਼ਿਸ਼ਟ ਨੇ ਤਹਿਸੀਲਦਾਰ ਹਰਮਿੰਦਰ ਸਿੰਘ ਨਾਲ ਮੌਕੇ 'ਤੇ ਪੁੱਜ ਕੇ ਵਿਦਿਆਰਥੀਆਂ ਨੂੰ ਲਿਖਤੀ ਰੂਪ 'ਚ ਪੱਤਰ ਦਿੱਤਾ ਕਿ ਉਹ ਸਕੂਲ ਬੰਦ ਨਹੀਂ ਹੋਣ ਦੇਣਗੇ, ਇਸ ਲਈ ਬੱਚੇ ਆਪਣੀ ਪੜ੍ਹਾਈ ਜਾਰੀ ਰੱਖਣ।
ਅੰਗਰੇਜ਼ਾਂ ਦੇ ਜ਼ਮਾਨੇ ਦਾ ਹੈ ਸਕੂਲ
ਰਾਜੀਵ ਵਸ਼ਿਸ਼ਟ ਦਾ ਕਹਿਣਾ ਹੈ ਕਿ ਅੰਗਰੇਜ਼ਾਂ ਦੇ ਜ਼ਮਾਨੇ 'ਚ ਸਾਲ 1889 'ਚ ਇਹ ਸਕੂਲ ਕਾਂਗਰਸ ਦੀ ਮੌਜੂਦਾ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਦੇ ਪੂਰਵਜਾਂ ਨੇ 12 ਏਕੜ ਜ਼ਮੀਨ ਦਾਨ ਦੇ ਕੇ ਬਣਵਾਇਆ ਸੀ ਅਤੇ ਇਸ ਸਕੂਲ 'ਚੋਂ ਹੁਣ ਤੱਕ ਬਹੁਤ ਹੋਣਹਾਰ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਕੇ ਵੱਡੇ ਅਹੁਦਿਆਂ 'ਤੇ ਪੁੱਜੇ ਹਨ ਪਰ ਪੰਜਾਬ ਦੀ ਮੌਜੂਦਾ ਸਰਕਾਰ ਅਤੇ ਅੰਬਿਕਾ ਸੋਨੀ ਦੋਵੇਂ ਸ਼ੱਕ ਦੇ ਘੇਰੇ 'ਚ ਹਨ ਕਿ ਆਖਰ ਇੰਨੇ ਵਧੀਆ ਸਕੂਲ ਨੂੰ ਬੰਦ ਕਰਕੇ ਸਰਕਾਰ ਇੱਥੇ ਅਕੈਡਮੀ ਕਿਉਂ ਖੋਲ੍ਹਣਾ ਚਾਹੁੰਦੀ ਹੈ। ਰਾਜੀਵ ਵਸ਼ਿਸ਼ਟ ਨੂੰ ਸ਼ੱਕ ਹੈ ਕਿ ਸਕੂਲ ਦੀ ਭੂਮੀ 'ਚ 5 ਏਕੜ ਭੂਮੀ ਅੰਬਿਕਾ ਸੋਨੀ ਹਥਿਆਉਣਾ ਚਾਹੁੰਦੇ ਹਨ।
ਵਿਦਿਆਰਥਣ ਨੇ ਰੋਸ ਪ੍ਰਗਟਾਇਆ
ਸਕੂਲੀ ਦਾ ਵਿਦਿਆਰਥਣ ਰਹਿ ਚੁੱਕੀ ਸਾਕਸ਼ੀ ਵਸ਼ਿਸ਼ਟ ਨੇ ਦੱਸਿਆ ਕਿ ਇਸ ਸਕੂਲ 'ਚ ਉਸ ਦੇ ਨਾਨਾ, ਮਾਂ, ਮਾਮਾ, ਭਰਾ ਅਤੇ ਉਸ ਨੇ ਖੁਦ ਇੱਥੋਂ ਸਿੱਖਿਆ ਪ੍ਰਾਪਤ ਕੀਤੀ ਹੈ ਪਰ ਅੱਜ ਆਪਣੇ ਨਿਜੀ ਸੁਆਰਥਾਂ ਲਈ ਅੰਬਿਕਾ ਸੋਨੀ ਇਸ ਸਕੂਲ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ। ਉਸ ਨੇ ਕਿਹਾ ਕਿ 100 ਬੱਚਿਆਂ ਨੂੰ ਟ੍ਰੇਨਿੰਗ ਦੇਣ ਲਈ 600 ਬੱਚਿਆਂ ਦੇ ਭਵਿੱਖ ਨਾਲ ਧੋਖਾ ਕੀਤਾ ਜਾ ਰਿਹਾ ਹੈ। ਸਾਕਸ਼ੀ ਨੇ ਦੱਸਿਆ ਕਿ ਪਿਛਲੇ ਸਾਲ ਇਸ ਸਕੂਲ 'ਚ ਇਕ ਹਜ਼ਾਰ ਤੋਂ ਉੱਪਰ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਸਨ ਪਰ ਇਨ੍ਹਾਂ ਲੋਕਾਂ ਨੇ ਸਕੂਲ 'ਚੋਂ ਕਾਮਰਸ ਅਤੇ ਮੈਡੀਕਲ, ਨਾਨ-ਮੈਡੀਕਲ ਬੰਦ ਕਰਵਾ ਦਿੱਤੀ ਅਤੇ ਹੁਣ ਬੱਚਿਆਂ ਨੂੰ ਹੋਰ ਸਕੂਲਾਂ 'ਚ ਦਾਖਲਾ ਲੈਣ ਦੀ ਗੱਲ ਕਹੀ ਜਾ ਰਹੀ ਹੈ।
ਸਾਕਸ਼ੀ ਨੇ ਦੱਸਿਆ ਇਕ ਇਹ ਉਹ ਸਕੂਲ ਹੈ, ਜਿੱਥੇ ਜਦੋਂ ਭਾਰਤ 'ਚ ਮਿਡ-ਡੇਅ-ਮੀਲ ਨਹੀਂ ਸੀ, ਉਦੋਂ 1889 'ਚ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਦਿੱਤਾ ਜਾਂਦਾ ਸੀ ਅਤੇ ਇਸ ਸਕੂਲ ਨੇ ਬਹੁਤ ਹੋਣਹਾਰ ਵਿਦਿਆਰਥੀ ਦੇਸ਼ ਦੀ ਸੇਵਾ 'ਚ ਦਿੱਤੇ ਹਨ। ਇਸ ਬਾਰੇ ਤਹਿਸੀਲਦਾਰ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਲਿਖਤੀ ਰੂਪ 'ਚ ਭਰੋਸਾ ਦੁਆਇਆ ਹੈ ਕਿ ਸਕੂਲ ਕਦੇ ਬੰਦ ਨਹੀਂ ਹੋਵੇਗਾ ਅਤੇ ਵਿਦਿਆਰਥੀ ਇਸੇ ਸਕੂਲ 'ਚ ਹੀ ਸਿੱਖਿਆ ਪ੍ਰਾਪਤ ਕਰਨਗੇ।