ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਸਕੂਲਾਂ ’ਚ ਠਰੂ ਠਰੂ ਕਰਦੇ ਪੁੱਜੇ ਵਿਦਿਆਰਥੀ, ਗਿਣਤੀ ਰਹੀ 30 ਫੀਸਦੀ
Thursday, Jan 09, 2025 - 05:17 PM (IST)
ਅੰਮ੍ਰਿਤਸਰ (ਦਲਜੀਤ)-ਸਰਦੀਆਂ ਦੀ ਛੁੱਟੀਆਂ ਤੋਂ ਬਾਅਦ ਅੱਜ ਖੁੱਲ੍ਹੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ 30 ਫੀਸਦੀ ਦੇ ਕਰੀਬ ਦਰਜ ਕੀਤੀ ਗਈ ਹੈ, ਜਦਕਿ ਅਧਿਆਪਕ ਵਰਗ ਦੀ ਗਿਣਤੀ ਤਕਰੀਬਨ 100 ਫੀਸਦੀ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਸਵੇਰ ਦੇ ਸਮੇਂ ਸਕੂਲਾਂ ਦਾ ਸਮੇਂ ਤਬਦੀਲ ਨਾ ਕਰਨ ਅੱਜ ਧੁੰਦ ਵਿਚ ਠਰਦੇ ਹੋਏ ਵਿਦਿਆਰਥੀ ਸਕੂਲਾਂ ਵਿਚ ਪੁੱਜੇ ਹਨ। ਦੂਸਰੇ ਪਾਸੇ ਫਿਰ ਤੋਂ ਅਧਿਆਪਕਾਂ ਵੱਲੋਂ ਧੁੰਦ ਅਤੇ ਠੰਢ ਨੂੰ ਮੱਦੇਨਜ਼ਰ ਰੱਖਦਿਆਂ ਸਿੱਖਿਆ ਵਿਭਾਗ ਤੋਂ ਸਵੇਰ ਦਾ ਸਮਾਂ ਤਬਦੀਲ ਕਰਨ ਦੀ ਮੰਗ ਨੂੰ ਦੁਹਰਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਸਰਦੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਵੀ ਠੰਢ ਦਾ ਪ੍ਰਕੋਪ ਲਗਾਤਾਰ ਜ਼ਿਲੇ ਵਿਚ ਜਾਰੀ ਹੈ। ਸਿੱਖਿਆ ਵਿਭਾਗ ਵੱਲੋਂ ਅੱਜ ਖੋਲ੍ਹੇ ਗਏ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਬੇਹਦ ਘੱਟ ਦਰਜ ਕੀਤੀ ਗਈ ਹੈ। ਸਕੂਲਾਂ ਵਿਚ ਵਿਦਿਆਰਥੀ ਤਕਰੀਬਨ 30 ਫੀਸਦੀ ਦੇ ਕਰੀਬ ਪਹੁੰਚੇ ਹਨ। ਅੱਜ ਸਵੇਰੇ ਸਕੂਲ ਲੱਗਣ ਦੇ ਸਮੇਂ ਦਿਹਾਤੀ ਖੇਤਰ ਵਿਚ ਕਾਫੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਜੋ ਵਿਦਿਆਰਥੀ ਸਕੂਲ ਆ ਰਹੇ ਸਨ, ਉਹ ਵੀ ਠਰੂ-ਠਰੂ ਕਰਦੇ ਹੋਏ ਸਕੂਲ ਵਿਚ ਪੁੱਜੇ, ਜਦਕਿ ਅਧਿਆਪਕ ਵਰਗ ਦੀ ਗਿਣਤੀ ਤਕਰੀਬਨ ਪੂਰੀ ਹੀ ਦਰਜ ਕੀਤੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਕਾਲ ਬਣ ਆਏ ਕੈਂਟਰ ਨੇ ਪੂਰੇ ਪਰਿਵਾਰ ਨੂੰ ਪਾਇਆ ਘੇਰਾ, ਵਿਛ ਗਏ ਸੱਥਰ
ਆਉਣ ਵਾਲੇ ਸਮੇਂ ਵਿਚ ਦੱਸਿਆ ਜਾ ਰਿਹਾ ਹੈ ਕਿ ਠੰਢ ਹੋਰ ਵਧ ਸਕਦੀ ਹੈ ਪਰ ਅਧਿਆਪਕ ਜਥੇਬੰਦੀਆਂ ਵੱਲੋਂ ਲਗਾਤਾਰ ਸਕੂਲਾਂ ਦਾ ਸਮਾਂ ਤਬਦੀਲ ਕਰਨ ਦੀ ਮੰਗ ਨੂੰ ਦੁਹਰਾਇਆ ਜਾ ਰਿਹਾ ਹੈ। ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਸਿੱਖਿਆ ਵਿਭਾਗ ਵੱਲੋਂ ਠੰਢ ਨੂੰ ਮੱਦੇਨਜ਼ਰ ਰੱਖਦਿਆਂ ਛੁੱਟੀਆਂ ਦਾ ਸਮਾਂ ਅਗਾਂਹ ਵਧਾ ਦਿੱਤਾ ਜਾਵੇਗਾ ਪਰ ਅੱਜ ਖੁੱਲ੍ਹੇ ਸਕੂਲਾਂ ਵਿਚ ਵਿਭਾਗ ਵੱਲੋਂ ਅਚਾਨਕ ਹੀ 19 ਫਰਵਰੀ ਤੋਂ ਬੋਰਡ ਦੀਆਂ ਪ੍ਰੀਖਿਆਵਾਂ ਦੇ ਸ਼ੁਰੂ ਹੋਣ ਦਾ ਐਲਾਨ ਕਰਦਿਆਂ ਡੇਟ ਸ਼ੀਟ ਸਕੂਲਾਂ ਨੂੰ ਭੇਜ ਦਿੱਤੀ ਗਈ। ਡੇਟ ਸ਼ੀਟ ਜਾਰੀ ਹੋਣ ਤੋਂ ਬਾਅਦ ਅਧਿਆਪਕ ਅੱਜ ਤੋਂ ਹੀ ਵਿਦਿਆਰਥੀਆਂ ਨੂੰ ਲਗਾਤਾਰ ਸਕੂਲ ਵਿੱਚ ਆਉਣ ਲਈ ਕਹਿ ਕੇ ਪ੍ਰੀਖਿਆਵਾਂ ਦੀ ਤਿਆਰੀ ’ਤੇ ਜ਼ੋਰ ਦੇਣ ਦੀ ਨੀਤੀ ਤਹਿਤ ਕੰਮ ਕਰ ਰਹੇ ਹਨ।
ਦੂਸਰੇ ਪਾਸੇ ਪ੍ਰਾਈਵੇਟ ਸਕੂਲਾਂ ਵਿਚ ਵੀ ਵਿਦਿਆਰਥੀਆਂ ਦੀ ਗਿਣਤੀ ਅੱਜ ਪਹਿਲੇ ਦਿਨ ਕਾਫੀ ਘੱਟ ਹੀ ਨਜ਼ਰ ਆਈ, ਜਦਕਿ ਸਕੂਲਾਂ ਵਿਚ ਅਧਿਆਪਕ ਵਰਗ ਦੀ ਗਿਣਤੀ ਠੀਕ ਦਰਜ ਕੀਤੀ ਗਈ। ਜ਼ਿਲਾ ਸਿੱਖਿਆ ਅਫਸਰ ਹਰਭਗਵੰਤ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਕੂਲਾਂ ਵਿਚ ਕਿੰਨੇ ਪ੍ਰਤੀਸ਼ਤ ਵਿਦਿਆਰਥੀ ਆਏ ਹਨ ਇਸ ਸਬੰਧੀ ਕੋਈ ਖਾਸ ਡਾਟਾ ਇਕੱਠਾ ਨਹੀਂ ਕੀਤਾ ਗਿਆ ਹੈ।
ਸਿੱਖਿਆ ਵਿਭਾਗ ਨੇ ਸਕੂਲਾਂ ਵਿਚ ਨਹੀਂ ਕੀਤੀ ਚੈਕਿੰਗ
ਪਹਿਲੇ ਦਿਨ ਸਕੂਲਾਂ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਗਿਣਤੀ ਚੈੱਕ ਕਰਨ ਲਈ ਸਿੱਖਿਆ ਵਿਭਾਗ ਨੇ ਕੋਈ ਪਹਿਲ ਨਹੀਂ ਕੀਤੀ। ਸਿੱਖਿਆ ਵਿਭਾਗ ਦੀ ਜ਼ਿਲੇ ਵਿਚ ਸੈਕੰਡਰੀ ਪੱਧਰ ’ਤੇ ਕੋਈ ਵੀ ਟੀਮ ਚੈਕਿੰਗ ਲਈ ਰਵਾਨਾ ਨਹੀਂ ਹੋਈ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅੱਜ ਪਹਿਲਾ ਦਿਨ ਸੀ ਚੈਕਿੰਗ ਨਹੀਂ ਕੀਤੀ ਗਈ, ਅਗਾਂਹ ਆਉਣ ਵਾਲੇ ਸਮੇਂ ਵਿਚ ਚੈਕਿੰਗ ਦੀ ਪ੍ਰਕਿਰਿਆ ਆਰੰਭੀ ਜਾਵੇਗੀ ਅਤੇ ਲਗਾਤਾਰ ਟੀਮਾਂ ਸਕੂਲਾਂ ਦਾ ਨਿਰੀਖਣ ਕਰਦਿਆਂ ਹੋਇਆਂ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਅਧਿਆਪਕ ਸਮੇਂ ਦੇ ਪਾਬੰਧ ਹੋ ਗਏ ਹਨ ਅਤੇ ਨਿਰਧਾਰਿਤ ਸਮੇਂ ’ਤੇ ਸਕੂਲ ਵਿਚ ਹਾਜ਼ਰ ਹੋ ਰਹੇ ਹਨ।
ਇਹ ਵੀ ਪੜ੍ਹੋ- ਇਕ ਵਾਰ ਫਿਰ ਹਵਾਈ ਅੱਡੇ ’ਤੇ ਭੱਖਿਆ ਮਾਹੌਲ, ਅੰਮ੍ਰਿਤਧਾਰੀ ਯਾਤਰੀ ਨਾਲ ਕੀਤਾ ਅਜਿਹਾ ਸਲੂਕ
ਠੰਡ ਦੀਆਂ ਛੁੱਟੀਆਂ ਨਹੀਂ ਬਲਕਿ ਹੁਣ ਪ੍ਰੀਖਿਆਵਾਂ ਦੀ ਹੋਵੇਗੀ ਤਿਆਰੀ
ਸਿੱਖਿਆ ਵਿਭਾਗ ਵੱਲੋਂ ਹੁਣ ਠੰਢ ਦੀਆਂ ਛੁੱਟੀਆਂ ਨਹੀਂ ਬਲਕਿ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਖਿਚ ਲਈ ਹੈ। ਵਿਭਾਗ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰਵੀਂ ਦੀਆਂ ਫਰਵਰੀ ਵਿਚ ਪ੍ਰੀਖਿਆਵਾਂ ਕਰਾਉਣ ਦੀ ਯੋਜਨਾ ਬਣਾਈ ਹੈ ਅਤੇ ਇਸ ਸਬੰਧੀ ਸਕੂਲ ਮੁਖੀਆਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਬੰਧ ਵਿੱਚ ਵਿਸ਼ੇਸ਼ ਡੇਟਸ਼ੀਟ ਵੀ ਜਾਰੀ ਕਰ ਦਿੱਤੀ ਗਈ ਹੈ ਅਤੇ ਸਾਰੀ ਰੂਪ-ਰੇਖਾ ਤਿਆਰ ਕਰਦਿਆਂ ਹੋਇਆਂ ਸਕੂਲਾਂ ਨੂੰ ਸੁਚੇਤ ਕਰ ਦਿੱਤਾ ਗਿਆ ਹੈ। ਪ੍ਰੀਖਿਆਵਾਂ ਸਿਰ 'ਤੇ ਹੋਣ ਬਾਅਦ ਹੁਣ ਛੁੱਟੀਆਂ ਅਗਾਂਹ ਵਧਣ ਦਾ ਸਵਾਲ ਪੈਦਾ ਨਹੀਂ ਹੋ ਰਿਹਾ ਪਰ ਦੂਸਰੇ ਪਾਸੇ ਅਧਿਆਪਕ ਵਰਗ ਵੀ ਹੁਣ ਘੱਟ ਸਮੇਂ ਦੌਰਾਨ ਵਿਦਿਆਰਥੀ ਨੂੰ ਹੋਰ ਕੜੀ ਮਿਹਨਤ ਕਰਾਉਣ ਲਈ ਕੰਮ ਕਰਨ ਲੱਗ ਪਏ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਈਆਂ ਵੱਡੀਆਂ ਪਾਬੰਦੀਆਂ, ਜਾਰੀ ਹੋਏ ਸਖ਼ਤ ਹੁਕਮ
ਧੁੰਦ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਤੁਰੰਤ ਕੀਤਾ ਜਾਵੇ ਤਬਦੀਲ
ਡੈਮੋਕ੍ਰੇਟਿਕ ਟੀਚਰ ਫਰੰਟ ਦੇ ਪ੍ਰਧਾਨ ਅਸ਼ਵਨੀ ਅਵਸਥੀ ਨੇ ਕਿਹਾ ਕਿ ਅੱਜ ਪਹਿਲੇ ਦਿਨ ਖੁੱਲ੍ਹੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਕਾਫੀ ਘੱਟ ਰਹੀ ਹੈ ਪਰ ਅਧਿਆਪਕ ਵਰਗ ਨਿਰਧਾਰਿਤ ਸਮੇਂ ’ਤੇ ਸਕੂਲਾਂ ਵਿਚ ਪੁੱਜ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਸਕੂਲ ਲੱਗਣ ਦਾ ਸਮਾਂ ਪਹਿਲੇ ਵਾਲਾ ਰੱਖਿਆ ਗਿਆ ਹੈ ਪਰ ਪਹਿਲੇ ਦਿਨ ਕਾਫੀ ਧੁੰਦ ਕਾਰਨ ਅਧਿਆਪਕਾਂ ਨੂੰ ਨਿਰਧਾਰਿਤ ਸਮੇਂ ’ਤੇ ਸਕੂਲਾਂ ਵਿਚ ਪੁੱਜਣ ਲਈ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਸਿੱਖਿਆ ਵਿਭਾਗ ਨੂੰ ਅਧਿਆਪਕਾਂ ਦੀ ਜਾਨ ਮਾਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਤੁਰੰਤ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਰੱਖਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਅਧਿਆਪਕ ਕਾਹਲੀ ਵਿਚ ਸਫਰ ਕਰਦਿਆਂ ਹੋਇਆਂ ਹਾਦਸੇ ਦਾ ਸ਼ਿਕਾਰ ਨਾ ਹੋ ਸਕੇ। ਉਨ੍ਹਾਂ ਅਧਿਆਪਕ ਵਰਗ ਨੂੰ ਵੀ ਅਪੀਲ ਕੀਤੀ ਕਿ ਧੁੰਦ ਦੇ ਮੱਦੇਨਜ਼ਰ ਆਪਣੇ ਵਾਹਨਾ ਹੋਲੀ ਨੂੰ ਹੋਲੀ ਅਤੇ ਸੁਰੱਖਿਆ ਢੰਗ ਦੇ ਨਾਲ ਸਕੂਲਾਂ ਵਿਚ ਪੁੱਜਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8