ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਵਿਦੇਸ਼ਾਂ ਦੀਆਂ ਵਿਦਿਅਕ ਸੰਸਥਾਵਾਂ ਨਾਲ ਕਰਾਂਗੇ ਰਾਬਤਾ : ਬੀਬੀ ਜਗੀਰ ਕੌਰ

Friday, Oct 01, 2021 - 11:55 AM (IST)

ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਵਿਦੇਸ਼ਾਂ ਦੀਆਂ ਵਿਦਿਅਕ ਸੰਸਥਾਵਾਂ ਨਾਲ ਕਰਾਂਗੇ ਰਾਬਤਾ : ਬੀਬੀ ਜਗੀਰ ਕੌਰ

ਅੰਮ੍ਰਿਤਸਰ (ਦੀਪਕ ਸ਼ਰਮਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਪ੍ਰਬੰਧਕੀ ਅਤੇ ਅਕਾਦਮਿਕ ਕਾਰਜਾਂ ਨੂੰ ਵਿਚਾਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਐਜੂਕੇਸ਼ਨ ਕਮੇਟੀ ਦੀ ਬੈਠਕ ਹੋਈ। ਬੈਠਕ ਵਿਚ ਫ਼ੈਸਲਾ ਕੀਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਾਰੇ ਸਕੂਲਾਂ ਕਾਲਜਾਂ ਵਿਚ ਲਾਇਬ੍ਰੇਰੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਰੁਜ਼ਗਾਰ ਲਈ ਵੱਖ-ਵੱਖ ਕੰਪਨੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਮੀਟਿੰਗ ਮਗਰੋਂ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਸਿੱਖੀ ਪ੍ਰਚਾਰ ਦੇ ਨਾਲ-ਨਾਲ ਵਿਦਿਆ ਦੇ ਪ੍ਰਸਾਰ ਵਿਚ ਵੀ ਲੰਮੇ ਅਰਸੇ ਤੋਂ ਵੱਡੀ ਭੂਮਿਕਾ ਨਿਭਾਅ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਨੇ ਹਮੇਸ਼ਾ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਦੀ ਘਾੜਤ ਲਈ ਕਾਰਜ ਕੀਤੇ ਹਨ। 

ਪੜ੍ਹੋ ਇਹ ਵੀ ਖ਼ਬਰ - ਕਾਂਗਰਸ ’ਚ ਚੱਲ ਰਹੇ ਕਲਾਈਮੈਕਸ ’ਚ ਦੋਆਬਾ ਦੇ 2 ਕੈਬਨਿਟ ਮੰਤਰੀਆਂ ’ਚ ਖਿੱਚੀਆਂ ਜਾ ਸਕਦੀਆਂ ਨੇ ਤਲਵਾਰਾਂ!

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਦੇਸ਼ਾਂ ਵਿਚ ਪੜ੍ਹਨ ਦੇ ਰੁਝਾਨ ਨੂੰ ਵੇਖਦਿਆਂ ਵਿਦੇਸ਼ਾਂ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਨਾਲ ਰਾਬਤਾ ਕਰਕੇ ਉੱਚ ਵਿਦਿਆ ਲਈ ਵਿਦਿਆਰਥੀਆਂ ਨੂੰ ਵਿਦੇਸ਼ ਪੜ੍ਹਨ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ ਅਤੇ ਇਸ ਦੇ ਨਾਲ ਬਾਹਰ ਦੇ ਵਿਦਿਆਰਥੀ ਵੀ ਸ਼੍ਰੋਮਣੀ ਕਮੇਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸਿੱਖਿਆ ਪ੍ਰਾਪਤ ਕਰਨ ਲਈ ਆ ਸਕਣਗੇ। ਇਸ ਦਾ ਮੰਤਵ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਨਾਲ ਜੋੜਨਾ ਹੈ ਅਤੇ ਆਪਣੇ ਖੇਤਰ ਵਿਚ ਮਾਹਿਰ ਬਣਾ ਕੇ ਰੋਜ਼ਗਾਰ ਦੇ ਯੋਗ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਰੁਜ਼ਗਾਰ ਦਾ ਮਾਮਲਾ ਅਤਿ ਅਹਿਮ ਹੈ, ਜਿਸ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਵੱਖ-ਵੱਖ ਖੇਤਰਾਂ ਵਿਚ ਕੰਮ ਕਰਦੀਆਂ ਕੰਪਨੀਆਂ ਨਾਲ ਰਾਬਤਾ ਕਾਇਮ ਕਰੇਗੀ, ਤਾਂ ਜੋ ਇਸ ਖਲਾਅ ਨੂੰ ਪੂਰਿਆਂ ਕੀਤਾ ਜਾ ਸਕੇ।  

ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ

ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਤੋਂ ਹੀ ਵਿਦਿਆਰਥੀਆਂ ਨੂੰ ਨੈਤਿਕ ਅਤੇ ਧਾਰਮਿਕ ਸਿੱਖਿਆ ਦੇਣ ਦਾ ਵੀ ਪ੍ਰਬੰਧ ਕਰਦੀ ਆ ਰਹੀ ਹੈ ਅਤੇ ਇਸ ਨੂੰ ਲਾਜ਼ਮੀ ਤੌਰ ’ਤੇ ਵਿਦਿਅਕ ਅਦਾਰਿਆਂ ਵਿਚ ਲਾਗੂ ਕੀਤਾ ਹੋਇਆ ਹੈ। ਹਰ ਵਿਦਿਅਕ ਅਦਾਰੇ ਨੂੰ ਇਸ ਸਬੰਧ ਵਿਚ ਆਦੇਸ਼ ਦਿੱਤੇ ਗਏ ਹਨ ਕਿ ਰੋਜ਼ਾਨਾ ਧਾਰਮਿਕ ਕਲਾਸ ਦੇ ਨਾਲ-ਨਾਲ ਹਫ਼ਤਾਵਾਰੀ ਅਤੇ ਮਹੀਨਾਵਾਰੀ ਸਮਾਗਮਾਂ ਦਾ ਆਯੋਜਨ ਕੀਤਾ ਜਾਵੇ, ਤਾਂ ਜੋ ਧਾਰਮਿਕ ਪੇਸ਼ਕਾਰੀਆਂ ਦੁਆਰਾ ਵਿਦਿਆਰਥੀ ਸਿੱਖੀ ਨਾਲ ਜੁੜ ਸਕਣ। ਐਜੂਕੇਸ਼ਨ ਕਮੇਟੀ ਦੀ ਬੈਠਕ ਦੌਰਾਨ ਵਿਦਿਅਕ ਅਦਾਰਿਆਂ ਦੇ ਮਸਲਿਆਂ ਦਾ ਸਰਲੀਕਰਣ ਵੀ ਕੀਤਾ ਗਿਆ ਅਤੇ ਹੋਣ ਵਾਲੇ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ। 

ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੀ ਓਵਰਡੋਜ਼ ਨੇ ਨਿਗਲਿਆ ਮਾਂ ਦਾ 26 ਸਾਲਾ ਪੁੱਤ, ਉਜੜਿਆ ਹੱਸਦਾ-ਵਸਦਾ ਪਰਿਵਾਰ


author

rajwinder kaur

Content Editor

Related News