''ਸਰਕਾਰੇ ਤੇਰੇ ਰੰਗ ਨਿਆਰੇ ਤੇਰੀ ਰੋਡਵੇਜ਼ ਨੂੰ ਉਡੀਕਣ ਪੰਜਾਬ ਵਿਗਿਆਨ ਯਾਤਰਾ ਵਾਲੇ''

Thursday, Oct 26, 2017 - 07:54 AM (IST)

''ਸਰਕਾਰੇ ਤੇਰੇ ਰੰਗ ਨਿਆਰੇ ਤੇਰੀ ਰੋਡਵੇਜ਼ ਨੂੰ ਉਡੀਕਣ ਪੰਜਾਬ ਵਿਗਿਆਨ ਯਾਤਰਾ ਵਾਲੇ''

ਨਿਹਾਲ ਸਿੰਘ ਵਾਲਾ/ਬਿਲਾਸਪੁਰ  (ਬਾਵਾ, ਜਗਸੀਰ) - ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਪੰਜਾਬ ਵਿਗਿਆਨ ਯਾਤਰਾ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਲਈ ਸਰਾਪ ਬਣੀ ਹੋਈ ਹੈ। ਇਸ ਯਾਤਰਾ ਲਈ ਲਾਈਆਂ ਗਈਆਂ ਪੰਜਾਬ ਰੋਡਵੇਜ਼ ਦੀਆਂ ਕੰਡਮ ਬੱਸਾਂ ਯਾਤਰਾ ਦਾ ਮਜ਼ਾ ਕਿਰਕਿਰਾ ਕਰ ਰਹੀਆਂ ਹਨ। ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਕੇ ਦੇ 50 ਤੋਂ ਵੱਧ ਵਿਦਿਆਰਥੀ ਯਾਤਰਾ 'ਤੇ ਜਾਣ ਲਈ ਪੰਜਾਬ ਰੋਡਵੇਜ਼ ਦੀ ਬੱਸ ਨੂੰ 4 ਘੰਟੇ ਤੋਂ ਵੱਧ ਸਮਾਂ ਉਡੀਕਦੇ ਰਹੇ ਪਰ ਰੋਡਵੇਜ਼ ਦੀ ਬੱਸ ਦੁਪਹਿਰ ਸਮੇਂ ਪਹੁੰਚੀ, ਜਦੋਂ ਤੱਕ ਸਕੂਲ ਵੱਲੋਂ ਯਾਤਰਾ ਕੈਂਸਲ ਕੀਤੀ ਜਾ ਚੁੱਕੀ ਸੀ। ਬਾਅਦ 'ਚ ਵਿਦਿਆਰਥੀ ਦੁਖੀ ਮਨ ਨਾਲ ਘਰਾਂ ਨੂੰ ਰਵਾਨਾ ਹੋ ਗਏ।
ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਸਿਕੰਦਰ ਸਿੰਘ ਅਤੇ ਯਾਤਰਾ ਦੇ ਇੰਚਾਰਜ ਸਾਇੰਸ ਮਾਸਟਰ ਸੁਖਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਗਿਆਨ ਯਾਤਰਾ ਤਹਿਤ ਅੱਜ ਪਿੰਡ ਭਾਗੀਕੇ ਦੇ ਇਸ ਸਰਕਾਰੀ ਸਕੂਲ ਦੇ 9ਵੀਂ ਅਤੇ 10ਵੀਂ ਕਲਾਸ ਦੇ 50 ਵਿਦਿਆਰਥੀ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਯਾਤਰਾ 'ਤੇ ਜਾਣਾ ਸੀ, ਜਿਨ੍ਹਾਂ ਨਾਲ ਸਕੂਲ ਦੇ ਦੋ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨਾਲ ਜਾਣਾ ਸੀ। ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਸ ਯਾਤਰਾ ਲਈ ਪੰਜਾਬ ਰੋਡਵੇਜ਼ ਦੀ ਮੋਗਾ ਡਿਪੂ ਦੀ ਬੱਸ ਬੁੱਕ ਕੀਤੀ ਗਈ ਸੀ। ਯਾਤਰਾ 'ਤੇ ਜਾਣ ਲਈ ਵਿਦਿਆਰਥੀ ਅਤੇ ਅਧਿਆਪਕ ਸਵੇਰੇ 7:00 ਵਜੇ ਸਕੂਲ ਪਹੁੰਚ ਗਏ ਸਨ। ਬੱਚਿਆਂ 'ਚ ਇਸ ਯਾਤਰਾ ਲਈ ਭਾਰੀ ਉਤਸ਼ਾਹ ਸੀ ਪਰ ਪੰਜਾਬ ਰੋਡਵੇਜ਼ ਦੀ ਬੱਸ ਨੇ ਬੱਚਿਆਂ ਦੀ ਪੰਜਾਬ ਵਿਗਿਆਨ ਯਾਤਰਾ ਦਾ ਮਜ਼ਾ ਪੂਰੀ ਤਰ੍ਹਾਂ ਕਿਰਕਿਰਾ ਕਰ ਦਿੱਤਾ ਕਿਉਂਕਿ 4 ਘੰਟੇ ਵਿਦਿਆਰਥੀ ਬੱਸ ਨੂੰ ਉਡੀਕਦੇ ਰਹੇ ਅਤੇ ਅਖੀਰ ਸਕੂਲ ਪ੍ਰਬੰਧਕਾਂ ਵੱਲੋਂ ਇਸ ਯਾਤਰਾ ਨੂੰ ਕੈਂਸਲ ਕਰਨਾ ਪਿਆ, ਜਿਸ ਤੋਂ ਬਾਅਦ ਉਕਤ ਵਿਦਿਆਰਥੀ ਆਪਣੇ ਘਰਾਂ ਨੂੰ ਰਵਾਨਾ ਹੋ ਗਏ। ਉਕਤ ਰੋਡਵੇਜ਼ ਦੀ ਬੱਸ ਦੁਪਹਿਰ ਸਮੇਂ ਸਕੂਲ 'ਚ ਪਹੁੰਚੀ ਪਰ ਯਾਤਰਾ ਕੈਂਸਲ ਹੋਣ 'ਤੇ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਬੱਸ ਦੇ ਡਰਾਈਵਰ ਦਾ ਕਹਿਣਾ ਸੀ ਕਿ ਯਾਤਰਾ ਵਾਲੀ ਬੱਸ 'ਚ ਖਰਾਬੀ ਹੋਣ ਕਾਰਨ ਅਜਿਹਾ ਹੋਇਆ ਹੈ। ਇਸ ਸਮੇਂ ਬਲੌਰ ਸਿੰਘ ਮਾਛੀਕੇ, ਰਾਏਸਾਹਿਬ ਸਿੰਘ ਸਿੱਧੂ, ਬੀਰ ਚੰਦ, ਰੁਪਿੰਦਰ ਕੌਰ, ਦਲਜੀਤ ਕੌਰ ਆਦਿ ਮੌਜੂਦ ਸਨ।
ਦੂਸਰੇ ਪਾਸੇ ਪੱਖ ਲੈਣ ਲਈ ਜ਼ਿਲਾ ਸਿੱਖਿਆ ਅਫਸਰ ਮੋਗਾ ਅਤੇ ਜ਼ਿਲਾ ਸਾਇੰਸ ਸੁਪਰਵਾਈਜ਼ਰ ਮੋਗਾ ਨੂੰ ਵਾਰ-ਵਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
ਇਸ ਸਬੰਧੀ ਐਡਵੋਕੇਟ ਰਾਜੇਸ਼ ਸ਼ਰਮਾ, ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਰੋਡਵੇਜ਼ ਮੋਗਾ ਦੇ ਡਿਪੂ ਦੇ ਅਧਿਕਾਰੀਆਂ ਦੀ ਨਾਲਾਇਕੀ ਕਾਰਨ ਵਿਦਿਆਰਥੀਆਂ ਦਾ ਮਨੋਬਲ ਡਿੱਗਿਆ ਹੈ ਅਤੇ ਉਨ੍ਹਾਂ ਦੀ ਇਕ ਦਿਨ ਦੀ ਪੜ੍ਹਾਈ ਦਾ ਵੀ ਨੁਕਸਾਨ ਹੋਇਆ ਹੈ, ਆਉਣ ਵਾਲੇ ਦਿਨਾਂ 'ਚ ਸਕੂਲਾਂ ਵੱਲੋਂ ਦਿੱਤੇ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਵਿਸ਼ਵਾਸ 'ਚ ਕਮੀ ਆਵੇਗੀ।
ਮਾਪਿਆਂ ਦਾ ਤਾਂ ਪਹਿਲਾਂ ਹੀ ਸਰਕਾਰੀ ਪ੍ਰੋਗਰਾਮਾਂ ਤੋਂ ਵਿਸ਼ਵਾਸ ਉੱਠਿਆ ਹੋਇਆ ਹੈ, ਜਿਸ ਕਾਰਨ ਉਹ ਵਿਦਿਆਰਥੀਆਂ ਨੂੰ ਸਰਕਾਰੀ ਪ੍ਰੋਗਰਾਮਾਂ ਪ੍ਰਤੀ ਉਤਸ਼ਾਹਿਤ ਨਹੀਂ ਕਰਦੇ। ਇਸ ਤੋਂ ਇਲਾਵਾ ਇਸ ਘਟਨਾ ਨਾਲ ਸਬੰਧਤ ਅਧਿਕਾਰੀਆਂ ਦੀ ਉਨ੍ਹਾਂ ਦੀ ਡਿਊਟੀ ਪ੍ਰਤੀ ਈਮਾਨਦਾਰੀ 'ਤੇ ਸ਼ੱਕ ਖੜ੍ਹੇ ਹੁੰਦੇ ਹਨ ਅਤੇ ਇਹੋ ਜਿਹੀਆਂ ਘਟਨਾਵਾਂ ਤੋਂ ਹੀ ਪਤਾ ਚੱਲਦਾ ਹੈ ਕਿ ਸਰਕਾਰੀ ਬੱਸਾਂ ਦੇ ਘਾਟੇ 'ਚ ਜਾਣ ਦਾ ਇਕ ਇਹ ਵੀ ਕਾਰਨ ਹੈ ਕਿ ਅਧਿਕਾਰੀ ਆਪਣੀ ਡਿਊਟੀ ਪ੍ਰਤੀ ਵਫਾਦਾਰ ਨਹੀਂ ਹਨ।


Related News