ਅਧਿਆਪਕ ਦੀ ਕੁੱਟਮਾਰ ਤੋਂ ਗੁੱਸੇ ''ਚ ਆਏ ਵਿਦਿਆਰਥੀ ਨੇ ਨਹਿਰ ''ਚ ਮਾਰੀ ਛਾਲ ; ਲਾਸ਼ ਬਰਾਮਦ
Friday, Aug 11, 2017 - 07:46 AM (IST)

ਸਮਾਣਾ/ਪਾਤੜਾਂ (ਦਰਦ,ਮਾਨ) - ਨਕਲ ਰੋਕਣ ਦਾ ਦੋਸ਼ ਲਾ ਕੇ ਸਕੂਲ ਅਧਿਆਪਕ ਵੱਲੋਂ ਕੀਤੀ ਗਈ ਕੁੱਟਮਾਰ ਤੋਂ ਗੁੱਸੇ ਵਿਚ ਆਏ 5 ਦਿਨਾਂ ਤੋਂ ਲਾਪਤਾ ਵਿਦਿਆਰਥੀ ਦੀ ਲਾਸ਼ ਭਾਖੜਾ ਨਹਿਰ ਵਿਚੋਂ ਮਿਲਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦੀ ਗਈ। ਪੁਲਸ ਨੇ ਮ੍ਰਿਤਕ ਵਿਦਿਆਰਥੀ ਦੇ ਵਾਰਿਸਾਂ ਦੇ ਬਿਆਨਾਂ ਦੇ ਆਧਾਰ 'ਤੇ ਸਕੂਲ ਅਧਿਆਪਕ ਖਿਲਾਫ਼ ਧਾਰਾ 306 ਤਹਿਤ ਮਾਮਲਾ ਦਰਜ ਕਰ ਕੇ ਅਧਿਆਪਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਮਗਰੋਂ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ। ਵਿਦਿਆਰਥੀ ਪਰਵਿੰਦਰ ਸਿੰਘ ਉਰਫ਼ ਪਿੰਦੂ (14) ਪੁੱਤਰ ਚਾਂਦੀ ਰਾਮ ਵਾਸੀ ਦੁਤਾਲ ਦੇ ਤਾਇਆ ਗੁਰਮੁਖ ਸਿੰਘ ਤੇ ਸਤਪਾਲ ਸਣੇ ਵਾਰਿਸਾਂ ਨੇ ਦੱਸਿਆ ਕਿ ਪਰਵਿੰਦਰ ਪਾਤੜਾਂ ਦੇ ਮੈਰੀਗੋਲਡ ਪਬਲਿਕ ਸਕੂਲ ਦਾ ਦਸਵੀਂ ਦਾ ਵਿਦਿਆਰਥੀ ਸੀ। 5 ਅਗਸਤ ਨੂੰ ਸਕੂਲ ਅਧਿਆਪਕ ਮਲਿਕ ਸਿੰਘ ਨੇ ਉਸ 'ਤੇ ਨਕਲ ਕਰਨ ਦਾ ਦੋਸ਼ ਲਾ ਕੇ ਵਾਰ-ਵਾਰ ਕੁੱਟਮਾਰ ਕੀਤੀ। ਇਸ ਤੋਂ ਗੁੱਸੇ ਵਿਚ ਆਇਆ ਪਰਵਿੰਦਰ ਸਕੂਲ ਵਿਚੋਂ ਚਲਾ ਗਿਆ ਤੇ ਬੈਗ ਵੀ ਨਹੀਂ ਲੈ ਕੇ ਗਿਆ।
ਉਸ ਦੇ ਦੋਸਤਾਂ ਨੇ ਉਸ ਦਾ ਪਿੱਛਾ ਕਰਨ ਦੀ ਇੱਛਾ ਅਧਿਆਪਕ ਨੂੰ ਦੱਸਣ ਦੇ ਬਾਵਜੂਦ ਅਧਿਆਪਕ ਨੇ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਅਤੇ ਦਰਵਾਜ਼ਾ ਬੰਦ ਕਰ ਦਿੱਤਾ।
ਉਹ ਘਰ ਨਾ ਪਹੁੰਚਿਆ ਤਾਂ ਵਾਰਿਸਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ 'ਤੇ ਵਾਰਿਸਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। 9 ਅਗਸਤ ਸ਼ਾਮ ਨੂੰ ਮਾਨਸਾ ਜ਼ਿਲੇ ਦੇ ਕਸਬਾ ਝੁਨੀਰ ਨੇੜੇ ਭਾਖੜਾ ਨਹਿਰ 'ਚੋਂ ਉਸ ਦੀ ਲਾਸ਼ ਬਰਾਮਦ ਹੋ ਗਈ। ਪਾਤੜਾਂ ਪੁਲਸ ਅਧਿਕਾਰੀ ਯਸ਼ਪਾਲ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਸ ਨੇ ਅਧਿਆਪਕ ਮਲਿਕ ਸਿੰਘ ਤੇ 2 ਅਣਪਛਾਤੇ ਲੋਕਾਂ ਖਿਲਾਫ਼ ਧਾਰਾ 306 ਤਹਿਤ ਮਾਮਲਾ ਦਰਜ ਕਰ ਕੇ ਅਧਿਆਪਕ ਦੀ ਭਾਲ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਟਸਐਪ ਤੋਂ ਹੋਈ ਪਰਵਿੰਦਰ ਦੀ ਲਾਸ਼ ਦੀ ਭਾਲ
ਵਾਰਿਸਾਂ ਨੇ ਦੱਸਿਆ ਕਿ ਪਰਵਿੰਦਰ ਦੇ ਲਾਪਤਾ ਹੋਣ ਉਪਰੰਤ ਉਸ ਦੀ ਭਾਲ ਲਈ ਪੂਰੇ ਵੇਰਵੇ ਸਣੇ ਫੋਟੋ ਉਸ ਦੇ ਦੋਸਤਾਂ ਨੇ ਵਟਸਐਪ 'ਤੇ ਪਾਈ। ਝੁਨੀਰ ਭਾਖੜਾ ਨਹਿਰ 'ਤੇ ਕਿਸੇ ਲਾਪਤਾ ਦੀ ਭਾਲ ਕਰ ਰਹੇ ਲੋਕਾਂ ਨੇ ਨਹਿਰ ਵਿਚ ਉਸ ਦੀ ਲਾਸ਼ ਦੇਖ ਕੇ ਪਛਾਣਿਆ ਤੇ ਉਨ੍ਹਾਂ ਦੇ ਸੰਪਰਕ ਨੰਬਰ 'ਤੇ ਸੂਚਿਤ ਕੀਤਾ, ਜਿਸ ਨਾਲ ਪਰਵਿੰਦਰ ਦੀ ਲਾਸ਼ ਮਿਲੀ।