ਚੰਡੀਗੜ੍ਹ : ਵਿਦਿਆਰਥਣ ਨਾਲ ਜਬਰ-ਜ਼ਨਾਹ ਦੇ ਦੋਸ਼ ''ਚ 20 ਸਾਲ ਦੀ ਕੈਦ

03/06/2019 3:19:56 PM

ਚੰਡੀਗੜ੍ਹ (ਸੰਦੀਪ) : 7ਵੀਂ ਜਮਾਤ 'ਚ ਪੜ੍ਹਨ ਵਾਲੀ ਮਾਸੂਮ ਵਿਦਿਆਰਥਣ ਨਾਲ ਕੁੱਟ-ਮਾਰ ਕਰਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਜ਼ਿਲਾ ਅਦਾਲਤ ਨੇ ਸੈਕਟਰ-52 ਨਿਵਾਸੀ ਦੋਸ਼ੀ ਦਵਿੰਦਰ ਉਰਫ ਬਿੱਟੂ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। ਸਜ਼ਾ ਨਾਲ ਅਦਾਲਤ ਨੇ ਦੋਸ਼ੀ 'ਤੇ 2.15 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਜੁਰਮਾਨਾ ਰਾਸ਼ੀ '2 ਲੱਖ ਰੁਪਏ ਮੁਆਵਜ਼ੇ ਵਜੋਂ ਪੀੜਤਾ ਨੂੰ ਦਿੱਤੇ ਜਾਣ ਦੇ ਅਦਾਲਤ ਨੇ ਹੁਕਮ ਦਿੱਤੇ ਹਨ। 

4 ਜੂਨ 2018 ਨੂੰ ਦਰਜ ਹੋਇਆ ਸੀ ਕੇਸ
ਸੈਕਟਰ-11 ਥਾਣਾ ਪੁਲਸ ਨੇ ਦੋਸ਼ੀ ਖਿਲਾਫ ਪਿਛਲੇ ਸਾਲ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਸੀ। ਥਾਣਾ ਪੁਲਸ ਵਲੋਂ ਦਰਜ ਕੀਤੇ ਗਏ ਕੇਸ   ਅਨੁਸਾਰ ਪੀੜਤਾ ਨੇ ਪੁਲਸ ਨੂੰ ਦੱਸਿਆ ਸੀ ਕਿ 4 ਜੂਨ 2018 ਨੂੰ ਡੇਢ ਵਜੇ ਉਸਦੀ ਮਾਂ ਕੰਮ 'ਤੇ ਗਈ ਹੋਈ ਸੀ ਅਤੇ ਉਹ ਇਸ ਦੌਰਾਨ ਆਪਣੇ ਘਰ ਇਕੱਲੀ ਹੀ ਸੁੱਤੀ ਹੋਈ ਸੀ। ਅਚਾਨਕ ਇਕ ਨੌਜਵਾਨ ਉਨ੍ਹਾਂ ਦੇ ਕਮਰੇ 'ਚ ਆ ਗਿਆ। ਨੌਜਵਾਨ ਨੇ ਕਮਰੇ ਅੰਦਰ ਆਉਂਦਿਆਂ ਹੀ ਉਸ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੌਜਵਾਨ ਨੇ ਉਸਦਾ ਗਲਾ ਦਬਾਇਆ ਕਿ ਉਹ ਬੇਹੋਸ਼ ਹੋ ਗਈ, ਜਿਸ ਸਮੇਂ ਉਸਨੂੰ ਹੋਸ਼ ਆਈ ਤਾਂ ਉਹ ਕਮਰੇ 'ਚ ਫਰਸ਼ 'ਤੇ ਇਕੱਲੀ ਨਗਨ ਹਾਲਤ 'ਚ ਲੇਟੀ ਹੋਈ ਸੀ। 
ਘਬਰਾਈ ਹੋਈ ਨਾਬਾਲਗਾ ਨੇ ਰੌਲਾ ਪਾਇਆ ਤਾਂ ਉਸਦੇ ਗੁਆਂਢ 'ਚ ਰਹਿਣ ਵਾਲੀ ਔਰਤ ਪਹੁੰਚੀ ਅਤੇ ਉਸਨੇ ਉਸਦੀ ਮਾਂ ਨੂੰ ਕਾਲ ਕਰ ਕੇ ਬੁਲਾਇਆ। ਆਪਣੀ ਮਾਂ ਦੇ ਘਰ ਪਹੁੰਚਣ 'ਤੇ ਪੀੜਤਾ ਨੇ ਸਾਰੀ ਗੱਲ ਮਾਂ ਨੂੰ ਦੱਸੀ ਅਤੇ ਮਾਂ ਨੇ ਤੁਰੰਤ ਕੰਟਰੋਲ ਰੂਮ 'ਤੇ ਇਸ ਗੱਲ ਦੀ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਪੁਲਸ ਨੇ ਤੁਰੰਤ ਇਲਾਜ ਲਈ ਸੈਕਟਰ-16 ਹਸਪਤਾਲ ਪਹੁੰਚਾਇਆ। ਮੈਡੀਕਲ 'ਚ ਜਬਰ-ਜ਼ਨਾਹ ਦੀ ਗੱਲ ਸਾਹਮਣੇ ਆਉਣ 'ਤੇ ਪੁਲਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਖਿਲਾਫ ਕੇਸ ਦਰਜ ਕਰਦੇ ਹੋਏ ਜਾਂਚ ਦੌਰਾਨ ਦੋਸ਼ੀ ਦੀ ਪਛਾਣ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਸੀ।


Anuradha

Content Editor

Related News