8ਵੀਂ ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ’ਚ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
Tuesday, Oct 18, 2022 - 06:18 PM (IST)
ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹਾ ਅਤੇ ਐਡੀਸ਼ਨਲ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਸਾਢੇ 14 ਸਾਲਾ 8ਵੀਂ ਵਿਚ ਪੜ੍ਹਨ ਵਾਲੀ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਘਰੋਂ ਭਜਾਉਣ ਅਤੇ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਸ਼ਾਮਲ ਇਕ ਵਿਅਕਤੀ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਦੋਸ਼ੀ ਕਰਾਰ ਦਿੱਤਾ ਹੈ। ਮਾਣਯੋਗ ਅਦਾਲਤ ਨੇ ਉਸ ਨੂੰ 20 ਸਾਲ ਦੀ ਕੈਦ ਅਤੇ 60 ਹਜ਼ਾਰ ਰੁਪਏ ਜ਼ੁਰਮਾਨਾ ਭਰਨ ਦਾ ਆਦੇਸ਼ ਦਿੱਤਾ ਹੈ। ਇਸ ਮਾਮਲੇ ਵਿਚ ਥਾਣਾ ਕੋਟ ਈਸੇ ਖਾਂ ਪੁਲਸ ਨੂੰ ਪੀੜਤਾ ਦੇ ਪਰਿਵਾਰ ਵਾਲਿਆਂ ਵੱਲੋਂ 5 ਅਗਸਤ 2021 ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਨਾਬਾਲਗ ਧੀ ਸਾਢੇ 14 ਸਾਲਾ ਬੱਚੀ ਨੂੰ ਗੁਰਵਿੰਦਰ ਪਾਲ ਸਿੰਘ ਪੁੱਤਰ ਸ਼ਿੰਦਰਪਾਲ ਸਿੰਘ ਨਿਵਾਸੀ ਪਿੰਡ ਗਲੋਟੀ ਵਰਗਲਾ ਕੇ ਅਤੇ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ।
ਉਨ੍ਹਾਂ ਪਹਿਲਾਂ ਤਾਂ ਆਪਣੀ ਬੱਚੀ ਦੀ ਤਲਾਸ਼ ਕੀਤੀ ਪਰ ਕੁਝ ਪਤਾ ਨਾ ਲੱਗਣ ’ਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ’ਤੇ ਥਾਣਾ ਕੋਟ ਈਸੇ ਖਾਂ ਪੁਲਸ ਵੱਲੋਂ ਪੀੜਤਾ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਕੋਟ ਈਸੇ ਖਾਂ ਵਿਚ ਬਣਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਗੁਰਵਿੰਦਰ ਪਾਲ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਅੱਜ ਇਸ ਮਾਮਲੇ ਵਿਚ ਮਾਣਯੋਗ ਅਦਾਲਤ ਨੇ ਅੰਤਿਮ ਸੁਣਵਾਈ ਦੇ ਬਾਅਦ ਆਪਣਾ ਫੈਸਲਾ ਸੁਣਾਇਆ ਹੈ।