ਪੁਲਸ ਨੇ ਖਰੜ ਦੇ ਅਗਵਾ ਕੀਤੇ ਗਏ ਵਿਦਿਆਰਥੀ ਨੂੰ ਛੁਡਵਾਇਆ, ਫੇਸਬੁੱਕ ’ਤੇ ਮਿਲੀ ਕੁੜੀ ਦੀ ਕਰਤੂਤ ਨੇ ਉਡਾਏ ਹੋਸ਼

Friday, Aug 19, 2022 - 06:27 PM (IST)

ਪੁਲਸ ਨੇ ਖਰੜ ਦੇ ਅਗਵਾ ਕੀਤੇ ਗਏ ਵਿਦਿਆਰਥੀ ਨੂੰ ਛੁਡਵਾਇਆ, ਫੇਸਬੁੱਕ ’ਤੇ ਮਿਲੀ ਕੁੜੀ ਦੀ ਕਰਤੂਤ ਨੇ ਉਡਾਏ ਹੋਸ਼

ਚੰਡੀਗੜ੍ਹ/ਐੱਸ.ਏ.ਐੱਸ. ਨਗਰ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਇਕ ਹੋਰ ਸਫਲਤਾ ਦਰਜ ਕਰਦਿਆਂ ਪੰਜਾਬ ਪੁਲਸ ਨੇ ਸ਼ੁੱਕਰਵਾਰ ਨੂੰ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਖਰੜ ਦੇ ਇਕ ਨੌਜਵਾਨ ਜਿਸਨੂੰ ਹਨੀਟਰੈਪ ਕਰਕੇ ਅਗਵਾ ਕਰ ਲਿਆ ਗਿਆ ਸੀ, ਦੇ ਮਾਮਲੇ ਨੂੰ ਮਹਿਜ਼ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਸੁਲਝਾ ਲਿਆ ਹੈ। ਡੀ.ਆਈ.ਜੀ. ਏ.ਜੀ.ਟੀ.ਐਫ.-ਕਮ-ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਸ ਟੀਮਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਚ ਬੀ.ਈ. ਦੇ ਵਿਦਿਆਰਥੀ, ਜਿਸਦੀ ਪਛਾਣ ਹਿਤੇਸ਼ ਭੂਮਲਾ ਵਜੋਂ ਹੋਈ ਹੈ , ਨੂੰ ਬਾ-ਹਿਫ਼ਾਜ਼ਤ ਬਚਾ ਲਿਆ ਹੈ। ਉਕਤ ਵਿਦਿਆਰਥੀ ਨੂੰ ਖਰੜ ਦੇ ਰਣਜੀਤ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਬੇਹੋਸ਼ੀ ਦੀ ਹਾਲਤ ਵਿਚ ਰੱਖਿਆ ਗਿਆ ਸੀ। ਅਗਵਾਹਕਾਰਾਂ ਵਲੋਂ ਲੜਕੇ ਦੇ ਮਾਪਿਆਂ ਤੋਂ 50 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ : ਕਿਰਪਾਨ ਵਿਵਾਦ ਵਿਚਾਲੇ ਸਿਮਰਨਜੀਤ ਸਿੰਘ ਮਾਨ ਦਾ ਵੱਡਾ ਬਿਆਨ, ਜਹਾਜ਼ ’ਚ ਜਨੇਊ ਪਾ ਕੇ ਜਾਣ ’ਤੇ ਚੁੱਕੇ ਸਵਾਲ

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਜੈ ਕਾਦਿਆਨ (25) ਵਾਸੀ ਪਿੰਡ ਜੱਟਲ, ਪਾਣੀਪਤ, ਹਰਿਆਣਾ, ਅਜੈ (22) ਵਾਸੀ ਪਿੰਡ ਆਬੂਦ, ਸਿਰਸਾ ਹਰਿਆਣਾ ਅਤੇ ਰਾਖੀ ਵਾਸੀ ਪਿੰਡ ਬਰੋਲੀ, ਸੋਨੀਪਤ, ਹਰਿਆਣਾ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਕੋਲੋਂ ਇੱਕ ਹੌਂਡਾ ਸਿਟੀ ਕਾਰ, ਪੰਜ ਮੋਬਾਈਲ ਅਤੇ ਇਕ .32 ਬੋਰ ਦਾ ਪਿਸਤੌਲ ਸਮੇਤ 9 ਕਾਰਤੂਸ ਵੀ ਬਰਾਮਦ ਕੀਤੇ ਹਨ। ਡੀ.ਆਈ.ਜੀ. ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਸ ਨੂੰ ਹਿਤੇਸ਼ ਦੇ ਮਾਪਿਆਂ ਤੋਂ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਦਾ ਪੁੱਤਰ ਲਾਪਤਾ ਹੋ ਗਿਆ ਹੈ ਅਤੇ ਅਗਵਾਕਾਰ ਉਨ੍ਹਾਂ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਹੇ ਹਨ। ਪੁਲਸ ਟੀਮਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਥਾਣਾ ਸਦਰ ਖਰੜ ਵਿਖੇ ਆਈ. ਪੀ .ਸੀ. ਦੀ ਧਾਰਾ 364-ਏ ਅਤੇ 365 ਦੇ ਤਹਿਤ ਐੱਫ.ਆਈ.ਆਰ. ਦਰਜ ਕਰ ਕੇ ਤੁਰੰਤ ਪੁਲਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਅਤੇ ਖੁਫੀਆ ਏਜੰਸੀ ਦੀ ਮਦਦ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਗਈ  ਹੈ। 

ਇਹ ਵੀ ਪੜ੍ਹੋ : ਹਾਈਕੋਰਟ ਦਾ ਵੱਡਾ ਫ਼ੈਸਲਾ, ਪਤੀ ਦੇ ਵਿਦੇਸ਼ੋਂ ਨਾ ਪਰਤਣ ’ਤੇ ਪਤਨੀ ਦੇ ਹੱਕ ’ਚ ਜ਼ਬਤ ਹੋਵੇਗਾ ਪਿਤਾ ਦੀ ਰਿਹਾਇਸ਼ੀ ਜਾਇਦਾਦ

ਮੁਹਾਲੀ ਦੇ ਐੱਸ.ਐੱਸ.ਪੀ. ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲੜਕੀ ਰਾਖੀ ਨੇ ਸੋਸ਼ਲ ਮੀਡੀਆ ’ਤੇ ਫਰਜ਼ੀ ਪ੍ਰੋਫਾਈਲ ਬਣਾ ਕੇ ਉਸ ਨਾਲ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਦੋਸਤੀ ਕਰਨ ਤੋਂ ਬਾਅਦ ਉਸ ਨੂੰ ਮਿਲਣ ਦਾ ਲਾਲਚ ਦਿੱਤਾ। ਮਿਲਣ ਤੋਂ ਬਾਅਦ, ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੀੜਤ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਛੱਡਣ ਲਈ ਉਸਦੇ ਮਾਪਿਆਂ ਤੋਂ ਫਿਰੌਤੀ ਦੀ ਮੰਗ ਕੀਤੀ। ਉਨਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਡੀ. ਐੱਸ. ਪੀ. ਗੁਰਸ਼ੇਰ ਸਿੰਘ, ਇੰਚਾਰਜ ਸੀ.ਆਈ.ਏ. ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਿਚ ਸੀ.ਆਈ.ਏ. ਕੁਰੂਕਸ਼ੇਤਰ ਦੀਆਂ ਟੀਮਾਂ ਵੱਲੋਂ ਸ਼ੁੱਕਰਵਾਰ ਤੜਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਪੀੜਤ ਨੂੰ ਬਾ-ਹਿਫਾਜ਼ਤ ਬਚਾ ਲਿਆ ਗਿਆ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਸ ਅੰਬਾਲਾ, ਹਰਿਦੁਆਰ ਅਤੇ ਗਾਜ਼ੀਆਬਾਦ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਪੂਰੀ ਮੁਸਤੈਦੀ ਨਾਲ ਕਾਰਜਸ਼ੀਲ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਸਬ-ਇੰਸਪੈਕਟਰ ਦੀ ਗੱਡੀ ਹੇਠ ਬੰਬ ਪਲਾਂਟ ਦੀ ਘਟਨਾ ਤੋਂ ਬਾਅਦ ਪੰਜਾਬ ਪੁਲਸ ਦਾ ਵੱਡਾ ਐਕਸ਼ਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News