ਬੀ. ਟੈੱਕ. ਦੀ ਵਿਦਿਆਰਥਣ ਨੇ ਹਾਸਟਲ ''ਚ ਕੀਤੀ ਖੁਦਕੁਸ਼ੀ
Sunday, Dec 23, 2018 - 12:41 PM (IST)

ਤਲਵੰਡੀ ਸਾਬੋ (ਮੁਨੀਸ਼) : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯਾਦਬਿੰਦਰਾ ਕਾਲਜ ਦੀ ਇਕ ਵਿਦਿਆਰਥਣ ਨੇ ਕਾਲਜ ਦੇ ਹਾਸਟਲ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਬੀਤੀ ਦੇਰ ਰਾਤ ਦੀ ਹੈ। ਮ੍ਰਿਤਕ ਵਿਦਿਆਰਥਣ ਵਿਸ਼ਾਲਦੀਪ ਕੌਰ ਪਿੰਡ ਕਟੋਰੇਵਾਲਾ ਮਲੋਟ ਦੀ ਰਹਿਣ ਵਾਲੀ ਸੀ ਅਤੇ ਬੀ. ਟੈੱਕ. ਕਰ ਰਹੀ ਸੀ। ਭਾਵੇਂ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ ਪਰ ਸੂਤਰਾਂ ਮੁਤਾਬਕ ਲੜਕੀ ਦੇ ਕਮਰੇ 'ਚੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿਚ ਉਸ ਨੇ ਖੁਦਕੁਸ਼ੀ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਾ ਠਹਿਰਾਉਂਦੇ ਹੋਏ ਖੁਦ ਨੂੰ ਪ੍ਰੇਸ਼ਾਨ ਦੱਸਿਆ ਹੈ।
ਮ੍ਰਿਤਕ ਦੀ ਲਾਸ਼ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਹਾਸਟਲ 'ਚ ਰਹਿਣ ਵਾਲੇ ਹੋਰ ਵਿਦਿਆਰਥੀਆਂ 'ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਜਦਕਿ ਕਾਲਜ ਪ੍ਰਬੰਧਕ ਇਸ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।