ਸਰਕਾਰੀ ਸਕੂਲਾਂ ''ਚ ਪੜ੍ਹਦੇ ਵਿਦਿਆਰਥੀਆਂ ਦੇ ਆਨਲਾਈਨ ਟੈਸਟ ਲਈ ਡੇਟਸ਼ੀਟ ਜਾਰੀ

07/02/2020 4:40:51 PM

ਚੰਡੀਗੜ੍ਹ : ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦਾ ਦੋ-ਮਾਸਕ ਮੁਲਾਂਕਣ ਕਰਨ ਲਈ ਆਨਲਾਈਨ ਟੈਸਟ ਵਾਸਤੇ ਡਾਇਰੈਕਟਰ ਐਸ. ਸੀ. ਈ. ਆਰ. ਟੀ. ਨੇ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਕੂਲ ਸਿੱਖਿਆ ਮਹਿਕਮੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ 6ਵੀਂ ਤੋਂ 12 ਜਮਾਤ ਦੇ ਵਿਦਿਆਰਥੀਆਂ ਦਾ ਸਬਜੈਕਟਿਵ ਟੈਸਟ ਟੀਚਰ-ਸਟੂਡੈਂਟ ਵਟਸਐਪ ਗਰੁੱਪ ਰਾਹੀਂ ਆਨਲਾਈਨ ਲਿਆ ਜਾਵੇਗਾ।

ਇਸ ਸਬੰਧੀ ਪ੍ਰਸ਼ਨ ਪੱਤਰ ਮੁੱਖ ਦਫਤਰ ਰਾਹੀਂ ਤਿਆਰ ਕਰਕੇ ਆਨਲਾਈਨ ਭੇਜੇ ਜਾਣਗੇ। 20 ਅੰਕਾਂ ਦੇ ਟੈਸਟ 'ਚ ਅਬਜੈਕਟਿਵ ਅਤੇ ਸਬਜੈਕਟਿਵ ਦੋਵਾਂ ਤਰ੍ਹਾਂ ਦੇ ਸਵਾਲ ਹੋਣਗੇ। ਬੁਲਾਰੇ ਅਨੁਸਾਰ ਵਿਦਿਆਰਥੀਆਂ ਦੇ ਇਹ ਟੈਸਟ ਚੈਕ ਕਰਨ ਲਈ ਸਮੂਹ ਵਿਸ਼ਾ ਅਧਿਆਪਕਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ। ਵਿਸ਼ਾ ਅਧਿਆਪਕ ਜਮਾਤ ਇੰਚਾਰਜ ਨਾਲ ਮਿਲ ਕੇ ਵਿਦਿਆਰਥੀਆਂ ਦੇ ਅੰਕਾਂ ਦਾ ਰਿਕਾਰਡ ਤਿਆਰ ਕਰਨਗੇ। ਬੁਲਾਰੇ ਅਨੁਸਾਰ 6ਵੀਂ ਤੋਂ 10ਵੀਂ ਤੱਕ ਦੀਆਂ ਕਲਾਸਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ, ਜਦੋਂ ਕਿ 11ਵੀਂ ਅਤੇ 12ਵੀਂ ਦੀ ਡੇਟਸ਼ੀਟ ਸਕੂਲ ਮੁਖੀ ਆਪਣੇ ਪੱਧਰ ’ਤੇ ਤਿਆਰ ਕਰਨਗੇ ਅਤੇ ਆਨਲਾਈਨ ਪੇਪਰ ਲੈਣਗੇ। ਗੌਰਤਲਬ ਹੈ ਕਿ ਛੇਵੀਂ ਤੋਂ 12 ਵੀਂ ਦਾ ਅਪ੍ਰੈਲ ਤੋਂ ਮਈ ਤੱਕ ਦਾ ਦੋ-ਮਾਸਕ ਸਿਲੇਬਸ ਟੀ. ਵੀ. ਚੈਨਲਾਂ/ਜ਼ੂਮ ਕਲਾਸਾਂ/ਪੀ.ਡੀ.ਐਫ. ਅਸਾਈਨਮੈਂਟਾਂ ਰਾਹੀਂ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ।


Babita

Content Editor

Related News