ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਲਾਉਣ ਵਾਲੇ ਸਾਵਧਾਨ, ਹੋਵੇਗਾ ਭਾਰੀ ਜ਼ੁਰਮਾਨਾ

Wednesday, Sep 30, 2020 - 12:43 PM (IST)

ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਲਾਉਣ ਵਾਲੇ ਸਾਵਧਾਨ, ਹੋਵੇਗਾ ਭਾਰੀ ਜ਼ੁਰਮਾਨਾ

ਮੋਹਾਲੀ (ਨਿਆਮੀਆਂ) : ਝੋਨੇ ਦੀ ਪਰਾਲੀ/ਖੇਤੀਬਾੜੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਵਾਤਾਵਰਣ ਨੂੰ ਹੋਰ ਕਾਫ਼ੀ ਨੁਕਸਾਨ ਹਨ ਅਤੇ ਪੰਜਾਬ ਸਰਕਾਰ ਵੱਲੋਂ ਸਭ ਦੇ ਸਹਿਯੋਗ ਨਾਲ ਝੋਨੇ ਦੀ ਪਰਾਲੀ/ਖੇਤੀਬਾੜੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਝੋਨੇ ਦੀ ਪਰਾਲੀ/ਖੇਤੀਬਾੜੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਲਈ ਮਨਾਹੀ ਕੀਤੀ ਹੋਈ ਹੈ ਅਤੇ ਇਸ ਦੀ ਉਲੰਘਣਾ ਕਰਨ ’ਤੇ 2,500 ਰੁਪਏ ਤੋਂ 15,000 ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਈ ਵੀ ਕੰਬਾਈਨ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐੱਸ. ਐੱਮ. ਐੱਸ.) ਲਾਏ ਬਗੈਰ ਝੋਨੇ ਦੀ ਕਟਾਈ ਨਹੀਂ ਕਰ ਸਕਦੀ। ਇਨ੍ਹਾਂ ਨਿਰਦੇਸ਼ਾਂ/ਹੁਕਮਾਂ ਦੀ ਉਲੰਘਣਾ ਕਰਨ ਦੀ ਸੂਰਤ 'ਚ ਉਲੰਘਣਾ ਕਰਨ ਵਾਲੇ ਵਿਰੁੱਧ ਹਵਾ (ਪ੍ਰਦੂਸ਼ਣ ਅਤੇ ਰੋਕਥਾਮ) ਐਕਟ 1981 ਦੀਆਂ ਧਾਰਾਵਾਂ ਅਧੀਨ ਫੌਜ਼ਦਾਰੀ ਮੁਕੱਦਮਾ ਦਾਇਰ ਹੋਵੇਗਾ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੇ ਕਾਰਣ ਵਾਤਾਵਰਣ ਮੁਆਵਜ਼ਾ/ਜ਼ੁਰਮਾਨਾ ਵੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਜ਼ੁਰਮਾਨਾ ਪਹਿਲੀ ਵਾਰ ਉਲੰਘਣਾ ਕਰਨ ’ਤੇ 50,000 ਰੁਪਏ, ਦੂਜੀ ਵਾਰ ਉਲੰਘਣਾ ਕਰਨ ’ਤੇ 75,000 ਰੁਪਏ ਅਤੇ ਤੀਜੀ ਜਾਂ ਇਸ ਤੋਂ ਬਾਅਦ ਉਲੰਘਣਾ ਕਰਨ 'ਤੇ ਹਰੇਕ ਉਲੰਘਣਾ ’ਤੇ 1,00,000 ਰੁਪਏ ਹੋ ਸਕਦਾ ਹੈ।
ਇਸ ਮੌਕੇ ਜ਼ਿਲ੍ਹਾ ਖੇਤੀਬਾੜੀ ਮਹਿਕਮੇ ਅਤੇ ਪ੍ਰਦੂਸ਼ਣ ਰੋਕਥਾਮ ਬੋਰਡ ਮੋਹਾਲੀ ਵੱਲੋਂ ਕਿਸਾਨ ਵੀਰਾਂ, ਕੰਬਾਈਨ ਮਾਲਕਾਂ ਅਤੇ ਆਪਰੇਟਰਾਂ ਨੂੰ ਅਪੀਲ ਕੀਤੀ ਗਈ ਕਿ ਝੋਨੇ ਨੂੰ ਅੱਗ ਨਾ ਲਗਾਉਣ ਸਬੰਧੀ ਰਾਜ ਸਰਕਾਰ, ਜ਼ਿਲ੍ਹਾ ਪ੍ਰਸ਼ਾਸ਼ਨ, ਖੇਤੀਬਾੜੀ ਮਹਿਕਮੇ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਕੰਬਾਈਨਾਂ ਨੂੰ ਸੁਪਰ ਐੱਸ. ਐੱਮ. ਐੱਸ. ਲਗਾਏ ਬਗੈਰ ਨਾ ਚਲਾਇਆ ਜਾਵੇ।


author

Babita

Content Editor

Related News