ਰਾਜਸਥਾਨ ’ਚ ਸੋਸ਼ਲ ਮੀਡੀਆ ’ਤੇ ਹੋ ਰਿਹੈ ਜ਼ੋਰਦਾਰ ਚੋਣ ਪ੍ਰਚਾਰ, ਕਾਂਗਰਸ ਤੇ ਭਾਜਪਾ ਇਕ-ਦੂਜੇ ’ਤੇ ਲਾ ਰਹੇ ਨਿਸ਼ਾਨਾ

Wednesday, Nov 08, 2023 - 05:54 PM (IST)

ਰਾਜਸਥਾਨ ’ਚ ਸੋਸ਼ਲ ਮੀਡੀਆ ’ਤੇ ਹੋ ਰਿਹੈ ਜ਼ੋਰਦਾਰ ਚੋਣ ਪ੍ਰਚਾਰ, ਕਾਂਗਰਸ ਤੇ ਭਾਜਪਾ ਇਕ-ਦੂਜੇ ’ਤੇ ਲਾ ਰਹੇ ਨਿਸ਼ਾਨਾ

ਜਲੰਧਰ (ਇੰਟ.) : ਰਾਜਸਥਾਨ ’ਚ ਵਿਧਾਨ ਸਭਾ ਚੋਣਾਂ ਵਿਚ ਪਰਚਮ ਫਹਿਰਾਉਣ ਲਈ ਭਾਜਪਾ ਅਤੇ ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਮਜ਼ਬੂਤ ਕਰਨ ਲਈ ਸਿਆਸੀ ਅਖਾੜੇ ਵਿਚ ਪੂਰੀ ਤਾਕਤ ਲਾ ਦਿੱਤੀ ਹੈ। ਇਸ ਦੇ ਲਈ ਟੀਮਾਂ ਬਣੀਆਂ ਹੋਈਆਂ ਹਨ, ਜੋ ਜਿੱਤ ਪੱਕੀ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੀਆਂ ਹਨ। ਇਕ ਮੀਡੀਆ ਰਿਪੋਰਟ ਵਿਚ ਕਾਂਗਰਸ ਤੇ ਭਾਜਪਾ ਦੀਆਂ ਪੋਸਟਾਂ ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ’ਤੇ ਭਾਜਪਾ ਦਾ ਨੈੱਟਵਰਕ ਕਾਂਗਰਸ ਨਾਲੋਂ ਜ਼ਿਆਦਾ ਮਜ਼ਬੂਤ ਹੈ ਪਰ ਪ੍ਰਚਾਰ ਵਿਚ ਕਾਂਗਰਸ ਭਾਜਪਾ ਨੂੰ ਬਰਾਬਰ ਟੱਕਰ ਦੇ ਰਹੀ ਹੈ। ਦੋਵੇਂ ਸਿਆਸੀ ਪਾਰਟੀਆਂ ਇਕ-ਦੂਜੇ ’ਤੇ ਜ਼ੋਰਦਾਰ ਢੰਗ ਨਾਲ ਨਿਸ਼ਾਨਾ ਲਾ ਰਹੀਆਂ ਹਨ।

ਇਹ ਵੀ ਪੜ੍ਹੋ : ਜਲੰਧਰ: ਦੀਵਾਲੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵੱਲੋਂ ਵਿਸ਼ੇਸ਼ ਆਦੇਸ਼ ਜਾਰੀ

ਇੰਝ ਕੀਤਾ ਗਿਆ ਵਿਸ਼ਲੇਸ਼ਣ
ਮੀਡੀਆ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ’ਤੇ ਦੋਵਾਂ ਸਿਆਸੀ ਪਾਰਟੀਆਂ ਦੇ ਟਰੈਂਡ ਸਮਝਣ ਲਈ ਭਾਜਪਾ ਤੇ ਕਾਂਗਰਸ ਦੇ 10-10 ਸੋਸ਼ਲ ਮੀਡੀਆ ਅਕਾਊਂਟਸ ਦੀ ਨਿਗਰਾਨੀ ਕੀਤੀ ਗਈ। ਇਨ੍ਹਾਂ ਵਿਚ ਪਾਰਟੀ ਦੇ ਨੇਤਾਵਾਂ, ਵਿਰੋਧੀ ਪਾਰਟੀ ਦੇ ਮੈਂਬਰਾਂ, ਵਿਧਾਇਕਾਂ, ਪਾਰਟੀ ਵਰਕਰਾਂ ਤੇ ਪਾਰਟੀ ਸਮਰਥਕਾਂ ਦੇ ਹੈਂਡਲ ਸ਼ਾਮਲ ਸਨ। ਰਿਕਾਰਡ ਕੀਤੀਆਂ ਗਈਆਂ ਜ਼ਿਆਦਾਤਰ ਪੋਸਟਾਂ ਐਕਸ (ਟਵਿਟਰ) ਤੇ ਫੇਸਬੁੱਕ ਤੋਂ ਸਨ। ਸਾਰੀਆਂ ਪੋਸਟਾਂ ਨੂੰ ਪਾਜ਼ੇਟਿਵ, ਨੈਗੇਟਿਵ, ਨਿਊਟ੍ਰਲ ਤੇ ਮਿਕਸਡ ਦੇ ਰੂਪ ’ਚ ਵੰਡਿਆ ਗਿਆ ਸੀ। ਜੇ ਪੋਸਟ ਪਾਰਟੀ ਦੀ ਪ੍ਰਾਪਤੀ ਬਾਰੇ ਹੋਵੇ ਤਾਂ ਉਸ ਨੂੰ ਪਾਜ਼ੇਟਿਵ ਵਰਗ ਵਿਚ ਰੱਖਿਆ ਗਿਆ। ਨੈਗੇਟਿਵ ਪੋਸਟਾਂ ਦੂਜੀ ਧਿਰ ਦੀਆਂ ਕਮੀਆਂ ਦੀ ਆਲੋਚਨਾ ਕਰਨ ਵਾਲਿਆਂ ਦੀਆਂ ਸਨ। ਨਿਊਟ੍ਰਲ ਪੋਸਟਾਂ ਯਾਤਰਾਵਾਂ ਤੇ ਸ਼ੁੱਭਕਾਮਨਾਵਾਂ ਬਾਰੇ ਨਾਰਮਲ ਅਪਡੇਟ ਸਨ, ਜਦੋਂਕਿ ਮਿਕਸਡ ਵਰਗ ਵਿਚ ਉਹ ਪੋਸਟਾਂ ਸ਼ਾਮਲ ਸਨ ਜੋ ਇਕੋ ਵੇਲੇ ਪਾਰਟੀ ਦੀ ਸ਼ਲਾਘਾ ਕਰ ਰਹੀਆਂ ਸਨ ਅਤੇ ਦੂਜੀ ਧਿਰ ’ਤੇ ਹਮਲਾ ਕਰ ਰਹੀਆਂ ਸਨ।

ਐਕਸ ’ਤੇ ਭਾਜਪਾ ਸਭ ਤੋਂ ਵੱਧ ਸਰਗਰਮ
ਸਰਗਰਮ ਸੋਸ਼ਲ ਮੀਡੀਆ ’ਤੇ ਦਰਜ ਕੀਤੀਆਂ ਗਈਆਂ 1,047 ਪੋਸਟਾਂ ਵਿਚੋਂ 510 ਭਾਜਪਾ ਨਾਲ ਸਬੰਧਤ ਸਨ, ਜਦੋਂਕਿ 537 ਕਾਂਗਰਸ ਨਾਲ ਸਬੰਧਤ ਸਨ। ਇਨ੍ਹਾਂ ਵਿਚ ਦੋਵਾਂ ਧਿਰਾਂ ਨੇ ਜ਼ਿਆਦਾਤਰ ਫੋਟੋਆਂ ਤੇ ਵੀਡੀਓ ਪੋਸਟ ਕੀਤੀਆਂ ਹਨ, ਜਿਨ੍ਹਾਂ ਵਿਚੋਂ 93 ਫੀਸਦੀ ਪੋਸਟਾਂ ਦ੍ਰਿਸ਼ ਆਧਾਰਤ ਸਨ। ਹਾਲਾਂਕਿ ਵੇਖਿਆ ਗਿਆ ਹੈ ਕਿ ਭਾਜਪਾ ਕੋਲ ਜ਼ਿਆਦਾ ਮਜ਼ਬੂਤ ਸੋਸ਼ਲ ਮੀਡੀਆ ਟੀਮ ਹੈ ਕਿਉਂਕਿ ਉਸ ਨੇ ਰਾਜਸਥਾਨ ਵਿਚ ਆਪਣੀ ਮੁਹਿੰਮ ਅਨੁਸਾਰ ਕਈ ਵੀਡੀਓ ਪੋਸਟ ਕੀਤੀਆਂ ਹਨ। ਵੇਖੇ ਗਏ 10 ਭਾਜਪਾ ਖਾਤਿਆਂ ਵਿਚੋਂ ਪਲੇਟਫਾਰਮ ਐਕਸ ’ਤੇ ਸਭ ਤੋਂ ਵੱਧ ਸਰਗਰਮ ਪਾਰਟੀ ਦਾ ਸੂਬੇ ਦਾ ਅਕਾਊਂਟ ਸੀ। ਵਿਸ਼ਲੇਸ਼ਣ ’ਚ ਇਹ ਵੀ ਪਤਾ ਲੱਗਾ ਹੈ ਕਿ ਭਾਜਪਾ ਦੇ ਅਕਾਊਂਟ ਦੀਆਂ 21 ਫੀਸਦੀ ਪੋਸਟਾਂ ਪਾਜ਼ੇਟਿਵ ਸਨ, ਜਦੋਂਕਿ 48 ਫੀਸਦੀ ਨੈਗੇਟਿਵ ਸਨ। ਇਸ ਤੋਂ ਇਲਾਵਾ 25 ਫੀਸਦੀ ਨਿਊਟ੍ਰਲ ਪੋਸਟਾਂ ਵੀ ਅਕਾਊਂਟ ਵਿਚ ਮੌਜੂਦ ਸਨ। ਇਸ ਦੀ ਤੁਲਨਾ ’ਚ ਕਾਂਗਰਸ ਪਾਰਟੀ ਦੀਆਂ ਪਲੇਟਫਾਰਮ ਐਕਸ ’ਤੇ ਲਗਭਗ 23 ਫੀਸਦੀ ਪੋਸਟਾਂ ਪਾਜ਼ੇਟਿਵ, 21 ਫੀਸਦੀ ਨੈਗੇਟਿਵ ਅਤੇ 52 ਫੀਸਦੀ ਨਿਊਟ੍ਰਲ ਸਨ।

ਇਹ ਵੀ ਪੜ੍ਹੋ : ਪੰਜਾਬੀ ਭਾਸ਼ਾ ਨੂੰ ਲੈ ਕੇ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਹਦਾਇਤਾਂ ਜਾਰੀ

ਭਾਜਪਾ ਦਾ ਭ੍ਰਿਸ਼ਟਾਚਾਰ ਤੇ ਕਾਨੂੰਨ ਵਿਵਸਥਾ ’ਤੇ ਫੋਕਸ
ਭਾਜਪਾ ਦੀਆਂ ਪਾਜ਼ੇਟਿਵ ਪੋਸਟਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਤੇ ਫੈਸਲਿਆਂ ’ਤੇ ਫੋਕਸ ਕੀਤਾ ਗਿਆ ਸੀ। ਭਾਜਪਾ ਦੀਆਂ ਨੈਗੇਟਿਵ ਪੋਸਟਾਂ ਮੁੱਖ ਤੌਰ ’ਤੇ ਸੂਬੇ ਵਿਚ ਸ਼ਾਸਨ, ਕਾਨੂੰਨ ਤੇ ਵਿਵਸਥਾ ਬਾਰੇ ਹਨ। ਭਾਜਪਾ ਵਲੋਂ ਕੀਤੀ ਗਈਆਂ ਕੁਲ ਪੋਸਟਾਂ ਵਿਚੋਂ 6 ਫੀਸਦੀ ਪੀ. ਐੱਮ. ਮੋਦੀ ਬਾਰੇ ਹਨ। ਭਾਜਪਾ ਦੀਆਂ ਆਲੋਚਨਾਵਾਂ ਮੁੱਖ ਤੌਰ ’ਤੇ ਸੂਬੇ ਵਿਚ ਕਾਨੂੰਨ ਤੇ ਵਿਵਸਥਾ ਦੇ ਆਲੇ-ਦੁਆਲੇ ਕੇਂਦਰਤ ਰਹੀਆਂ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਚਿੰਤਾਵਾਂ ਮਹਿਲਾ ਸੁਰੱਖਿਆ ਅਤੇ ਦਲਿਤਾਂ ਖਿਲਾਫ ਅੱਤਿਆਚਾਰ ਨਾਲ ਸਬੰਧਤ ਹਨ। ਇਸ ਮੁੱਦੇ ’ਤੇ ਕਾਂਗਰਸ ਦੀਆਂ ਪੋਸਟਾਂ ਸਿਰਫ 1 ਫੀਸਦੀ ਹਨ। ਕਾਂਗਰਸ ਦੀ ਆਲੋਚਨਾ ’ਚ ਭਾਜਪਾ ਵਲੋਂ ਉਠਾਈ ਗਈ ਇਕ ਹੋਰ ਚਿੰਤਾ ਸੂਬੇ ਵਿਚ ਵੱਡੇ ਪੈਮਾਨੇ ’ਤੇ ਭ੍ਰਿਸ਼ਟਾਚਾਰ ਹੈ।

ਇਹ ਵੀ ਪੜ੍ਹੋ : ਜੌੜਾਮਾਜਰਾ ਨੇ ਫ਼ੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰਨ ਦੀ ਵਚਨਬੱਧਤਾ ਦੁਹਰਾਈ

ਸਿਆਸੀ ਅਖਾੜੇ ਵਿਚ ਧਾਰਮਿਕ ਕੋਣ
ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਵੇਖੇ ਗਏ ਰੁਝਾਨਾਂ ਵਿਚੋਂ ਇਕ ਧਾਰਮਿਕ ਪੋਸਟਾਂ ਵਿਚ ਵਾਧਾ ਸੀ, ਜਿਸ ਦਾ ਪ੍ਰਮੁੱਖ ਕਾਰਨ ਨਵਰਾਤਰੀ ਵੀ ਸੀ। ਦਰਜ ਕੀਤੀਆਂ ਗਈਆਂ ਅਜਿਹੀਆਂ ਕੁਲ ਧਾਰਮਿਕ ਪੋਸਟਾਂ ਵਿਚੋਂ 62 ਫੀਸਦੀ ਭਾਜਪਾ ਨਾਲ ਅਤੇ 38 ਫੀਸਦੀ ਕਾਂਗਰਸ ਨਾਲ ਸਬੰਧਤ ਸਨ। ਕੁਲ ਧਾਰਮਿਕ ਪੋਸਟਾਂ ਵਿਚੋਂ ਸਿਰਫ 18 ਫੀਸਦੀ ਨੈਗੇਟਿਵ ਸਨ, ਜਦੋਂਕਿ ਬਾਕੀ ਸਾਰਿਆਂ ਵਿਚ ਨਵਰਾਤਰਿਆਂ ਦੀਆਂ ਸ਼ੁੱਭਕਾਮਨਾਵਾਂ ਸਨ। ਕੁਲ ਨੈਗੇਵਿਟ ਧਾਰਮਿਕ ਪੋਸਟਾਂ ਵਿਚੋਂ 70 ਫੀਸਦੀ ਭਾਜਪਾ ਅਤੇ 30 ਫੀਸਦੀ ਕਾਂਗਰਸ ਨਾਲ ਜੁੜੀਆਂ ਸਨ। ਭਾਜਪਾ ਦੀਆਂ ਨੈਗੇਟਿਵ ਧਾਰਮਿਕ ਪੋਸਟਾਂ ਵਿਚ ਸੂਬੇ ਅੰਦਰ ਹਿੰਦੂ ਭਾਵਨਾਵਾਂ ਦੀ ਰਾਖੀ ਕਰਨ ’ਚ ਅਸਫਲ ਰਹਿਣ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਨ੍ਹਾਂ ਵਿਚ ਪੁਜਾਰੀਆਂ ’ਤੇ ਹਮਲੇ ਦਾ ਜ਼ਿਕਰ ਹੈ ਅਤੇ ਕਿਹਾ ਗਿਆ ਹੈ ਕਿ ਹਿੰਦੂ ਤਿਉਹਾਰਾਂ ਦੌਰਾਨ ਸੂਬੇ ਅੰਦਰ ਕਈ ਵਾਰ ਧਾਰਾ-144 ਲਾਈ ਗਈ ਹੈ।

ਕਾਂਗਰਸ ਦੇ ਸੋਸ਼ਲ ਮੀਡੀਆ ’ਤੇ ਅਜਿਹਾ ਹੈ ਪ੍ਰਚਾਰ
ਕਾਂਗਰਸ ਦੀਆਂ ਪਾਜ਼ੇਟਿਵ ਪੋਸਟਾਂ ਯੋਜਨਾਵਾਂ ਤੇ ਫੈਸਲਿਆਂ, ਚੋਣ ਨਤੀਜਿਆਂ ਦੀ ਭਵਿੱਖਬਾਣੀ, ਜਨਤਕ ਭਾਸ਼ਣ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਬਾਰੇ ਸਨ। ਕਾਂਗਰਸ ਨੇ ਮੁੱਖ ਤੌਰ ’ਤੇ ਚਿਰੰਜੀਵੀ ਯੋਜਨਾ, ਪੁਰਾਣੀ ਪੈਨਸ਼ਨ ਯੋਜਨਾ, ਬਲੱਡ ਬੈਂਕ ਪਹਿਲ ਅਤੇ 100 ਯੂਨਿਟ ਤਕ ਮੁਫਤ ਬਿਜਲੀ ਮੁਹੱਈਆ ਕਰਵਾਉਣ ਦੀਆਂ ਪ੍ਰਾਪਤੀਆਂ ਬਾਰੇ ਪੋਸਟ ਕੀਤਾ ਹੈ। ਕਾਂਗਰਸ ਨੇ ‘ਕਾਮ ਕੀਆ ਦਿਲ ਸੇ, ਕਾਂਗਰਸ ਫਿਰ ਸੇ’ ਦੇ ਨਾਅਰੇ ਤਹਿਤ ਵੋਟ ਦੀ ਅਪੀਲ ਕੀਤੀ ਹੈ। ਕਾਂਗਰਸ ਨੇ ਨੈਗੇਟਿਵ ਪੋਸਟਾਂ ਵਿਚ ਭਾਜਪਾ ਦੀਆਂ ਯੋਜਨਾਵਾਂ, ਫੈਸਲਿਆਂ, ਫਰਜ਼ੀ ਖਬਰਾਂ ਨੂੰ ਉਜਾਗਰ ਕਰਨ ਵੱਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਲਾਇਆ ਹੈ। ਸ਼ੁਰੂ ’ਚ ਕਾਂਗਰਸ ਨੇ ਨਫਰਤ ਫੈਲਾਉਣ ਵਾਲੇ ਭਾਸ਼ਣ ਅਤੇ ਗਲਤ ਪ੍ਰਚਾਰ ਲਈ ਭਾਜਪਾ ਦੀ ਆਲੋਚਨਾ ਕੀਤੀ ਹੈ। ਹਾਲਾਂਕਿ ਹੁਣੇ ਜਿਹੇ ਅਜਿਹੇ ਟਵੀਟ ਵੀ ਕੀਤੇ ਗਏ ਹਨ, ਜੋ ਆਮ ਤੌਰ ’ਤੇ ਭਾਜਪਾ ਅੰਦਰ ਅੰਦਰੂਨੀ ਵੰਡ ਤੇ ਇਕ ਮਜ਼ਬੂਤ ਸੀ. ਐੱਮ. ਉਮੀਦਵਾਰ ਦੀ ਕਮੀ ਬਾਰੇ ਹਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News