ਸਿੱਖ ਨੈਸ਼ਨਲ ਕਾਲਜ ਦੇ ਨਾਨ-ਟੀਚਿੰਗ ਸਟਾਫ ਵੱਲੋਂ ਹੜਤਾਲ
Tuesday, Oct 24, 2017 - 02:57 AM (IST)
ਬਟਾਲਾ, (ਗੋਰਾਇਆ)- ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ (ਏਡਿਡ ਅਤੇ ਅਨਏਡਿਡ) ਦੀ ਕਾਰਜਕਾਰਨੀ ਦੇ ਸੱਦੇ 'ਤੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਨਾਨ-ਟੀਚਿੰਗ ਸਟਾਫ਼ ਯੂਨੀਅਨ ਦੇ ਪ੍ਰਧਾਨ ਕਮਲਜੀਤ ਸਿੰਘ ਅਤੇ ਸਕੱਤਰ ਬਲਰਾਜ ਸਿੰਘ ਦੀ ਅਗਵਾਈ ਹੇਠ ਆਪਣਾ ਕੰਮ ਕਾਜ ਠੱਪ ਕਰ ਕੇ ਹੜਤਾਲ 'ਚ ਸ਼ਾਮਲ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਨਾਨ-ਟੀਚਿੰਗ ਸਟਾਫ਼ ਦੀਆਂ ਭੱਖਵੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਗਈ।
ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਨਾਨ-ਟੀਚਿੰਗ ਸਟਾਫ਼ ਯੂਨੀਅਨ ਦੇ ਪ੍ਰਧਾਨ ਕਮਲਜੀਤ ਸਿੰਘ ਤੇ ਸਕੱਤਰ ਬਲਰਾਜ ਸਿੰਘ ਦੀ ਅਗਵਾਈ ਹੇਠ ਪ੍ਰਿੰ. ਦਫ਼ਤਰ ਅੱਗੇ ਰੋਸ ਧਰਨਾ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਾਨ-ਟੀਚਿੰਗ ਸਟਾਫ਼ ਦੀਆਂ ਮੰਗਾਂ ਬਾਰੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਰ ਕੇ ਕਾਲਜਾਂ ਵਿਚ ਕੰਮ ਕਰਦੇ ਕਰਮਚਾਰੀਆਂ ਅੰਦਰ ਬੇਚੈਨੀ ਪਾਈ ਜਾ ਰਹੀ ਹੈ ਤੇ ਮਜਬੂਰਨ ਸੰਘਰਸ਼ ਸ਼ੁਰੂ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ, ਜਦਕਿ 1 ਦਸੰਬਰ 2011 ਤੋਂ ਸੋਧੇ ਗ੍ਰੇਡ ਪੇ ਸਬੰਧੀ ਨੋਟੀਫਿਕੇਸ਼ਨ, ਵਧੀਆ ਹੋਈਆਂ ਦਰਾਂ ਅਨੁਸਾਰ ਮਕਾਨ ਭੱਤਾ ਲਾਗੂ ਕਰਨਾ, ਮੈਡੀਕਲ ਭੱਤਾ 350 ਤੋਂ 500 ਰੁਪਏ ਪ੍ਰਤੀ ਮਹੀਨਾ ਕਰਨ, 1 ਜਨਵਰੀ 2014 ਤੋਂ 30 ਸਤੰਬਰ 2014 ਦਾ ਡੀ. ਏ. ਬਕਾਇਆ 10 ਫੀਸਦੀ ਅਨੁਸਾਰ 4-9-14 ਸਟੇਪ-ਅਪ-ਇੰਕ੍ਰੀਮੈਂਟ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨਾ, ਪੈਨਸ਼ਨ ਲਾਗੂ ਕਰਨਾ, ਸਮੇਤ ਭੱਖਵੀਆਂ ਮੰਗਾਂ ਹਨ, ਨੂੰ ਜੇਕਰ ਜਲਦੀ ਪ੍ਰਵਾਨ ਨਹੀਂ ਕੀਤਾ ਤਾਂ ਸਰਕਾਰ ਖ਼ਿਲਾਫ਼ ਜਥੇਬੰਦੀ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਆਉਂਦੇ ਦਿਨਾਂ 'ਚ ਹੜਤਾਲ ਕਰ ਕੇ ਰੋਸ ਧਰਨੇ ਦਿੱਤੇ ਜਾਣਗੇ। ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ, ਡੀ. ਪੀ. ਆਈ. (ਕਾਲਜਾਂ) ਨੂੰ ਲਿਖਤੀ ਮੰਗ ਪੱਤਰ ਵੀ ਭੇਜਿਆ ਗਿਆ ਹੈ।
ਇਸ ਮੌਕੇ ਕਾਲਜ ਨਾਨ-ਟੀਚਿੰਗ ਸਟਾਫ਼ ਯੂਨੀਅਨ ਦੇ ਪ੍ਰਧਾਨ ਕਮਲਜੀਤ ਸਿੰਘ, ਸਕੱਤਰ ਬਲਰਾਜ ਸਿੰਘ, ਮੈਂਬਰ ਹਰਜੀਤ ਸਿੰਘ, ਹਰਮਨਜੀਤ ਸਿੰਘ, ਅਮਨਦੀਪ ਸਿੰਘ ਤੇ ਗੱਬਰ ਸਿੰਘ, ਸ਼੍ਰੀਮਤੀ ਗੁਰਬਿੰਦਰ ਕੌਰ, ਰਣਜੀਤ ਕੌਰ, ਸੰਤੋਸ਼ ਕੁਮਾਰੀ, ਲਵਦੀਪ ਸਿੰਘ, ਬਲਵਿੰਦਰ ਸਿੰਘ, ਰਛਪਾਲ ਸਿੰਘ, ਕ੍ਰਿਸ਼ਨ ਲਾਲ, ਪੂਜਾ ਰਾਣੀ, ਰੰਜਨਾ, ਦਿਆਲ ਸਿੰਘ ਸਮੇਤ ਨਾਨ-ਟੀਚਿੰਗ ਸਟਾਫ਼ ਹਾਜ਼ਰ ਸਨ। ਸਮੂਹ ਕਰਮਚਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
