ਕਲਮ ਛੋੜ ਹੜਤਾਲ ਕਰਨ ਵਾਲਿਆਂ ਦੀ ਕੱਟੀ ਜਾਵੇਗੀ ਤਨਖਾਹ
Friday, Aug 09, 2019 - 02:10 PM (IST)
ਚੰਡੀਗੜ੍ਹ (ਭੁੱਲਰ) : ਪੰਜਾਬ ਸਰਕਾਰ ਕਲਮਛੋੜ ਹੜਤਾਲ ਕਰਨ ਵਾਲਿਆਂ ਖਿਲਾਫ਼ ਸਖ਼ਤ ਰੁਖ ਅਪਣਾਉਣ ਜਾ ਰਹੀ ਹੈ ਅਤੇ ਜਿਹੜੇ ਮੁਲਾਜ਼ਮ ਭਵਿੱਖ 'ਚ ਕਲਮਛੋੜ ਹੜਤਾਲ ਕਰਣਗੇ, ਉਨ੍ਹਾਂ ਦੀ ਪੂਰੇ ਦਿਨ ਦੀ ਗੈਰ-ਹਾਜ਼ਰੀ ਲਾ ਕੇ ਤਨਖਾਹ ਕੱਟੀ ਜਾਵੇਗੀ। ਇਸ ਦੀ ਸ਼ੁਰੂਆਤ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਤੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਦਾ ਫੀਲਡ 'ਚ ਤਾਇਨਾਤ ਕਲੈਰੀਕਲ ਸਟਾਫ਼ ਕਲਮਛੋੜ ਹੜਤਾਲ 'ਤੇ ਚੱਲ ਰਿਹਾ ਹੈ। ਵਿਭਾਗ ਦੇ ਅੰਡਰ ਸੈਕਟਰੀ ਦੀਨਾ ਰਾਣੀ ਵਲੋਂ ਜਾਰੀ ਪੱਤਰ ਅਨੁਸਾਰ ਕਲਮਛੋੜ ਹੜਤਾਲ ਕਰਨ ਵਾਲੇ ਕਰਮਚਾਰੀਆਂ 'ਤੇ 'ਨੋ ਵਰਕ, ਨੋ ਪੇਅ' ਦੀ ਨੀਤੀ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਹੜਤਾਲੀ ਕਰਮਚਾਰੀਆਂ ਨੂੰ ਕੰਮ ਸ਼ੁਰੂ ਕਰਨ ਲਈ ਵੀ ਹਦਾਇਤ ਕੀਤੀ ਗਈ ਹੈ।
ਇਸ ਪੱਤਰ 'ਚ ਲਿਖਿਆ ਗਿਆ ਹੈ ਕਿ ਕਰਮਚਾਰੀਆਂ ਦੇ ਕਲਮਛੋੜ ਹੜਤਾਲ 'ਤੇ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰ ਕੇ ਸਰਕਾਰ ਦੇ ਪਰਸੋਨਲ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਕਾਰਵਾਈ ਸ਼ੁਰੂ ਕੀਤੀ ਗਈ ਹੈ। ਕਿਹਾ ਗਿਆ ਕਿ ਕਰਮਚਾਰੀ ਦਫ਼ਤਰ ਆਉਂਦੇ ਹਨ ਅਤੇ ਹਾਜ਼ਰੀ ਲਾਉਣ ਤੋਂ ਬਾਅਦ ਕਲਮਛੋੜ ਹੜਤਾਲ ਕਾਰਨ ਕੰਮ ਨਹੀਂ ਕਰਦੇ, ਜਿਸ ਨਾਲ ਸਰਕਾਰ ਦਾ ਵੀ ਨੁਕਸਾਨ ਹੁੰਦਾ ਹੈ। ਜਾਰੀ ਕੀਤੇ ਗਏ ਪੱਤਰ 'ਚ ਵਿਭਾਗ ਦੇ ਡਾਇਰੈਕਟਰ ਤੋਂ ਇਲਾਵਾ ਹੋਰ ਸਬੰਧਤ ਅਧਿਕਾਰੀਆਂ ਨੂੰ ਕੀਤੀ ਜਾ ਰਹੀ ਕਾਰਵਾਈ ਬਾਰੇ ਹਰ ਰੋਜ਼ ਮੰਤਰੀ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਜਾਣੂ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ।