ਜਲੰਧਰ ਜ਼ਿਲ੍ਹੇ 'ਚ ਵਧ ਰਹੇ ਕੋਰੋਨਾ ਦੇ ਕੇਸਾਂ ਨੂੰ ਲੈ ਕੇ ਪ੍ਰਸ਼ਾਸਨ ਦੀ ਸਖ਼ਤੀ, ਡੀ. ਸੀ. ਨੇ ਜਾਰੀ ਕੀਤੇ ਹੁਕਮ
Friday, Apr 07, 2023 - 01:38 PM (IST)
ਜਲੰਧਰ (ਚੋਪੜਾ)– ਜਲੰਧਰ ਜ਼ਿਲ੍ਹੇ ਵਿਚ ਬੀਤੇ ਦਿਨਾਂ ਦੌਰਾਨ ਕੋਵਿਡ ਦੇ ਵਧ ਰਹੇ ਮਾਮਲਿਆਂ ਨੂੰ ਵੇਖਦਿਆਂ ਡੀ. ਸੀ. ਜਸਪ੍ਰੀਤ ਸਿੰਘ ਨੇ ਜ਼ਿਲ੍ਹੇ ਵਿਚ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਸਥਾਨਕ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਦੌਰਾਨ ਡੀ. ਸੀ. ਨੇ ਜ਼ਿਲ੍ਹੇ ਦੇ ਹਸਪਤਾਲਾਂ ਵਿਚ ਕੋਵਿਡ ਨਾਲ ਨਜਿੱਠਣ ਲਈ ਸਿਹਤ ਸੁਵਿਧਾਵਾਂ, ਉਪਕਰਨਾਂ, ਦਵਾਈਆਂ, ਐਂਬੂਲੈਂਸ, ਆਕਸੀਜਨ ਦੀ ਉਪਲੱਬਧਤਾ ਦੀ ਸਮੀਖਿਆ ਕਰਦਿਆਂ ਜ਼ਿਆਦਾ ਤੋਂ ਜ਼ਿਆਦਾ ਟੈਸਟਿੰਗ ਕਰਵਾਉਣ ’ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ’ਚ ਗਰਮਾਗਰਮੀ, ਪੈਸਾ ਖ਼ਰਚਣ ਤੋਂ ਕਤਰਾਉਣ ਲੱਗੇ ਨੇਤਾ
ਉਨ੍ਹਾਂ ਕਿਹਾ ਕਿ ਕੋਵਿਡ ਮਾਮਲਿਆਂ ਦੀ ਰੋਜ਼ਾਨਾ ਰਿਪੋਰਟਿੰਗ ਯਕੀਨੀ ਕੀਤੀ ਜਾਵੇ। ਜੇਕਰ ਕੋਈ ਵਿਅਕਤੀ ਕੋਵਿਡ ਪਾਜ਼ੇਟਿਵ ਆਉਂਦਾ ਹੈ ਤਾਂ ਉਸ ਨਾਲ ਸੰਪਰਕ ਕਰਨ ਵਾਲਿਆਂ ਨੂੰ ਟਰੈਕ ਕਰਨ ਦੇ ਨਾਲ ਕੋਵਾ ਐਪ ’ਤੇ ਵੀ ਅਪਡੇਟ ਕੀਤਾ ਜਾਵੇ। ਇਸ ਤੋਂ ਪਹਿਲਾਂ ਪ੍ਰਮੁੱਖ ਸਕੱਤਰ ਸਿਹਤ ਵਿਵੇਕ ਪ੍ਰਤਾਪ ਸਿੰਘ ਅਤੇ ਰਾਸ਼ਟਰੀ ਮਿਸ਼ਨ ਡਾਇਰੈਕਟਰ ਅਭਿਨਵ ਤ੍ਰਿਖਾ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਆਯੋਜਿਤ ਸਮੀਖਿਆ ਬੈਠਕ ਵਿਚ ਹਿੱਸਾ ਲੈਂਦਿਆਂ ਡੀ. ਸੀ. ਨੇ ਕਿਹਾ ਕਿ ਜ਼ਿਲ੍ਹੇ ਵਿਚ ਹਰ ਰੋਜ਼ 500 ਤੋਂ ਜ਼ਿਆਦਾ ਆਰ. ਟੀ. ਪੀ. ਸੀ. ਆਰ. ਟੈਸਟ ਕੀਤੇ ਜਾ ਰਹੇ ਹਨ ਅਤੇ 18 ਦਿਹਾਤੀ ਅਤੇ 7 ਸ਼ਹਿਰੀ ਸਮੇਤ ਕੁੱਲ 25 ਸਥਾਨਾਂ ’ਤੇ ਕੋਵਿੰਡ ਟੈਸਟਿੰਗ ਦੀ ਸਹੂਲਤ ਉਪਲੱਬਧ ਹੈ ਅਤੇ ਪਾਜ਼ੇਟਿਵ ਪਾਏ ਵਿਅਕਤੀ ਦੇ ਸੰਪਰਕ ਨੂੰ ਟਰੈਕ ਕਰਨ ਲਈ 64 ਸ਼ਹਿਰੀ ਅਤੇ 134 ਦਿਹਾਤੀ ਸਮੇਤ 198 ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਸਤੀ ਹੋਈ ਬੀਅਰ, ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।