ਪੰਜਾਬ: ਆਵਾਰਾ ਕੁੱਤਿਆਂ ਦੇ ਝੁੰਡ ਨੇ 70 ਸਾਲਾ ਬਜ਼ੁਰਗ ਨੂੰ ਨੋਚਿਆ, ਤੜਫ਼-ਤੜਫ਼ ਕੇ ਨਿਕਲੀ ਜਾਨ
Saturday, Aug 15, 2026 - 09:44 AM (IST)
ਖਮਾਣੋਂ (ਜਟਾਣਾ)- ਖਮਾਣੋਂ ਨੇੜਲੇ ਪਿੰਡ ਰਾਮਗੜ੍ਹ 'ਚ ਆਵਾਰਾ ਕੁੱਤਿਆਂ ਵੱਲੋਂ ਕੀਤੇ ਗਏ ਹਮਲੇ 'ਚ ਬਾਰਾ ਸਿੰਘ (70) ਪੁੱਤਰ ਈਸ਼ਰ ਸਿੰਘ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਿੰਡ ਵਾਸੀਆਂ 'ਚ ਡਰ ਦਾ ਮਾਹੌਲ ਹੈ ਅਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਹੈ। ਪਿੰਡ ਦੇ ਸਰਪੰਚ ਨਵਜੀਤ ਸਿੰਘ ਅਨੁਸਾਰ ਬਾਰਾ ਸਿੰਘ ਬੀਤੀ ਰਾਤ ਕਰੀਬ 9 ਵਜੇ ਪਿੰਡ ਦੀ ਦੁਕਾਨ ਤੋਂ ਸਾਮਾਨ ਲੈਣ ਗਿਆ ਸੀ। ਇਸ ਦੌਰਾਨ ਸੁੰਨਸਾਨ ਗਲੀ 'ਚ 5-7 ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਹਮਲੇ ਕਾਰਨ ਉਹ ਜ਼ਮੀਨ 'ਤੇ ਡਿੱਗ ਪਿਆ ਅਤੇ ਕੁੱਤਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ। ਉਸ ਦੀ ਉਮਰ ਜ਼ਿਆਦਾ ਹੋਣ ਕਾਰਨ ਮਦਦ ਲਈ ਉਸ ਦੀ ਆਵਾਜ਼ ਵੀ ਕਿਸੇ ਨੂੰ ਸੁਣਾਈ ਨਾ ਦਿੱਤੀ। ਕਰੀਬ ਇਕ ਘੰਟੇ ਬਾਅਦ ਉਸ ਦਾ ਭਤੀਜਾ ਸੁਖਵਿੰਦਰ ਸਿੰਘ ਕਾਕਾ ਉੱਥੋਂ ਲੰਘਿਆ ਤਾਂ ਉਸ ਨੇ ਘਟਨਾ ਵੇਖ ਕੇ ਰੌਲਾ ਪਾਇਆ। ਲੋਕਾਂ ਦੇ ਪਹੁੰਚਣ ਤੱਕ ਬਾਰਾ ਸਿੰਘ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਵਿਰਾਸਤੀ ਕੰਪਲੈਕਸ ਬਣਾਉਣ ਦਾ ਐਲਾਨ
ਘਟਨਾ ਦੀ ਖ਼ਬਰ ਫੈਲਣ ਤੋਂ ਬਾਅਦ ਪਿੰਡ 'ਚ ਸਹਿਮ ਦਾ ਮਾਹੌਲ ਬਣ ਗਿਆ। ਪਰਿਵਾਰਾਂ ਨੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ, ਜਦਕਿ ਬਜ਼ੁਰਗ ਵੀ ਇਕੱਲੇ ਘਰੋਂ ਬਾਹਰ ਨਿਕਲਣ ਤੋਂ ਕਤਰਾਉਣ ਲੱਗੇ ਹਨ। ਸਰਪੰਚ ਨਵਜੀਤ ਸਿੰਘ ਨੇ ਕਿਹਾ ਕਿ ਇਲਾਕੇ 'ਚ ਕੁੱਤਿਆਂ ਦੇ ਝੁੰਡ ਆਮ ਵੇਖੇ ਜਾ ਸਕਦੇ ਹਨ। ਉਨ੍ਹਾਂ ਸਰਕਾਰ ਤੋਂ ਅਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਸਮੱਸਿਆ ਦੇ ਸਥਾਈ ਹੱਲ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਤਹਿਸੀਲ ਖਮਾਣੋ ਪ੍ਰਧਾਨ ਸੁਖਦੇਵ ਸਿੰਘ ਗੱਗੜਵਾਲ ਨੇ ਦੋਸ਼ ਲਾਇਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਪ੍ਰਸ਼ਾਸਨ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾ ਰਹੇ ਹਨ ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਕਿਸੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਪਹਿਲਾਂ ਹੀ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਅੱਜ ਇਹ ਰਸਤੇ ਰਹਿਣਗੇ ਬੰਦ! ਡਾਇਵਰਟ ਕੀਤਾ ਗਿਆ ਟ੍ਰੈਫਿਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
