ਪਾਕਿਸਤਾਨੀ ਡਰੋਨ ਲਈ ਵਰਦਾਨ ਸਾਬਤ ਹੋ ਰਿਹੈ ਪਰਾਲੀ ਦਾ ਧੂੰਆਂ

Friday, Nov 19, 2021 - 04:58 PM (IST)

ਪਾਕਿਸਤਾਨੀ ਡਰੋਨ ਲਈ ਵਰਦਾਨ ਸਾਬਤ ਹੋ ਰਿਹੈ ਪਰਾਲੀ ਦਾ ਧੂੰਆਂ

ਅੰਮ੍ਰਿਤਸਰ (ਨੀਰਜ) : ਕਿਸਾਨਾਂ ਵੱਲੋਂ ਸਾੜੀ ਜਾ ਰਹੀ ਪਰਾਲੀ ਜਿੱਥੇ ਮਾਹੌਲ ਨੂੰ ਪ੍ਰਦੂਸ਼ਿਤ ਕਰ ਰਹੀ ਹੈ, ਉਥੇ ਹੀ ਬੀ. ਐੱਸ. ਐੱਫ਼. ਸਮੇਤ ਹੋਰ ਸੁਰੱਖਿਆ ਏਜੰਸੀਆਂ ਲਈ ਵੀ ਇਨ੍ਹਾਂ ਦਿਨਾਂ ’ਚ ਸਿਰਦਰਦ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਪਰਾਲੀ ਦੇ ਧੂੰਏ ਅਤੇ ਮਿੱਟੀ ਕਾਰਨ ਬਾਰਡਰ ਫੈਂਸਿੰਗ ਅਤੇ ਸਰਹੱਦੀ ਇਲਾਕਿਆਂ ਦੇ ਇਲਾਵਾ ਸ਼ਹਿਰੀ ਇਲਾਕਿਆਂ ’ਚ ਧੂੰਆ ਬਣ ਗਿਆ ਹੈ, ਜਿਸ ਨਾਲ ਵਿਜੀਬਿਲਟੀ ਕਾਫ਼ੀ ਘੱਟ ਹੋ ਗਈ ਹੈ। ਨੈਸ਼ਨਲ ਹਾਈਵੇ ਅਤੇ ਹੋਰ ਮਾਰਗਾਂ ਦੇ ਇਲਾਵਾ ਸਰਹੱਦੀ ਇਲਾਕਿਆਂ ’ਚ ਤਾਂ ਧੂੰਏ ਕਾਰਨ ਅਸਮਾਨ ’ਚ ਸਾਫ਼ ਵੇਖ ਪਾਉਣਾ ਕਾਫ਼ੀ ਮੁਸ਼ਕਲ ਹੋ ਗਿਆ ਹੈ ਜੋ ਪਾਕਿਸਤਾਨੀ ਡਰੋਨ ਲਈ ਵਰਦਾਨ ਸਾਬਤ ਹੋ ਰਿਹਾ ਹੈ, ਕਿਉਂਕਿ ਧੂੰਏ ਕਾਰਨ ਰਾਤ ਦੇ ਸਮੇਂ ’ਚ ਜਾਂ ਫਿਰ ਸਵੇਰੇ ਚਾਰ ਵਜੇ ਦੇ ਆਸਪਾਸ ਡਰੋਨ ਨੂੰ ਵੇਖਣਾ ਆਸਾਨ ਨਹੀਂ ਹੁੰਦਾ, ਜਦੋਂਕਿ ਸਾਫ਼ ਅਸਮਾਨ ’ਚ ਵੀ ਡਰੋਨ ਨੂੰ 300 ਮੀਟਰ ਦੀ ਉਚਾਈ ’ਤੇ ਦੇਖ ਪਾਉਣਾ ਆਸਾਨ ਨਹੀਂ ਰਹਿੰਦਾ ਹੈ। ਇਹੀ ਕਾਰਨ ਹੈ ਕਿ ਬੀਤੇ ਇਕ ਹਫ਼ਤੇ ਤੋਂ ਪਾਕਿਸਤਾਨੀ ਏਜੰਸੀਆਂ ਵੱਲੋਂ ਬਾਰਡਰ ’ਤੇ ਸੰਵੇਦਨਸ਼ੀਲ ਇਲਾਕਿਆਂ ’ਚ ਡਰੋਨ ਦੀਆਂ ਗਤੀਵਿਧੀਆਂ ਵਧਾ ਦਿੱਤੀਆਂ ਗਈਆਂ ਹਨ ਅਤੇ ਕੋਈ ਵੱਡੀ ਖੇਪ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

300 ਦੇ ਆਸਪਾਸ ਪਹੁੰਚ ਚੁੱਕਿਐ ਏ. ਕਿਊ. ਆਈ.
ਪਰਾਲੀ ਦੇ ਧੂੰਏ ਤੋਂ ਹੋਣ ਵਾਲੇ ਪ੍ਰਦੂਸ਼ਣ ’ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਇਸ ਸਮੇਂ ਅੰਮ੍ਰਿਤਸਰ ਜ਼ਿਲੇ ਦਾ ਏ. ਕਿਊ. ਆਈ. 300 ਦੇ ਆਸਪਾਸ ਪਹੁੰਚ ਚੁੱਕਿਆ ਹੈ। ਕੁਝ ਇਲਾਕਿਆਂ ’ਚ ਜਿੱਥੇ ਉਸਾਰੀ ਕਾਰਜ ਚੱਲ ਰਹੇ ਹਨ ਅਤੇ ਜਿੱਥੇ ਕੂੜੇ ਦਾ ਡੰਪ ਵੀ ਹੈ, ਉੱਥੇ ਏ. ਕਿਊ. ਆਈ. ਇਸ ਤੋਂ ਵੀ ਜ਼ਿਆਦਾ ਦਰਜ ਕੀਤਾ ਗਿਆ ਹੈ, ਜਦੋਂਕਿ ਦੀਵਾਲੀ ਦੇ ਦੂਜੇ ਦਿਨ ਵੀ ਇੰਨਾਂ ਏ. ਕਿਊ. ਆਈ. ਨਹੀਂ ਸੀ, ਜਿਨ੍ਹਾਂ ਹੁਣ ਹੋ ਗਿਆ ਹੈ। ਇਸ ਦੇ ਪਿੱਛੇ ਵੱਡਾ ਕਾਰਨ ਇਹੀ ਹੈ ਕਿ ਜ਼ਿਲੇ ’ਚ ਝੋਨਾ ਦੀ ਪਰਾਲੀ ਨੂੰ ਲਗਾਤਾਰ ਅੱਗ ਲਗਾਈ ਜਾ ਰਹੀ ਹੈ ਅਤੇ ਇਸ ਦਾ ਅਸਰ ਤਿੰਨ ਚਾਰ ਦਿਨ ਦੇ ਬਾਅਦ ਦੇਖਣ ਨੂੰ ਮਿਲਦਾ ਹੈ।

ਇਹ ਵੀ ਪੜ੍ਹੋ : ਮਜੀਠੀਆ ਦੀ ਪਟੀਸ਼ਨ ਹਜ਼ਾਰਾਂ-ਕਰੋੜਾਂ ਦੇ ਡਰੱਗ ਮਾਮਲੇ ਨੂੰ ਲਟਕਾਉਣ ਦਾ ਯਤਨ : ਭਗਵੰਤ ਮਾਨ

ਰਾਵੀ ਦਰਿਆ ਅਜਨਾਲਾ ਅਤੇ ਖੇਮਕਰਨ ਦਾ ਇਲਾਕਾ ਜ਼ਿਆਦਾ ਸੰਵੇਦਨਸ਼ੀਲ
ਪਾਕਿਸਤਾਨ ਅਤੇ ਭਾਰਤ ’ਚ ਸਰਗਰਮ ਸਮੱਗਲਰਾਂ ਵੱਲੋਂ ਅਜਨਾਲਾ ਦੇ ਰਾਵੀ ਦਰਿਆ ਅਤੇ ਖੇਮਕਰਨ ਦੇ ਇਲਾਕੇ ’ਚ ਜ਼ਿਆਦਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਰਾਵੀ ਦਰਿਆ ਦੇ ਆਸ-ਪਾਸ ਕੁਝ ਅਜਿਹੇ ਸੰਵੇਦਨਸ਼ੀਲ ਏਰੀਆ ਹਨ, ਜੋ ਸਮੱਗਲਰਾਂ ਲਈ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣਾ ਆਸਾਨ ਰਹਿੰਦਾ ਹੈ। ਖੇਮਕਰਨ ਦੇ ਇਲਾਕੇ ਦੀ ਗੱਲ ਕਰੀਏ ਤਾਂ ਇਸ ਇਲਾਕੇ ’ਚ ਪਿਛਲੇ ਕਈ ਸਾਲਾਂ ਤੋਂ ਕੁਝ ਅਜਿਹੇ ਸਮੱਗਲਰ ਸਰਗਰਮ ਹਨ, ਜਿਨ੍ਹਾਂ ਦੀ ਦੂਜੀ ਪੀੜ੍ਹੀ ਵੀ ਸਮੱਗਲਿੰਗ ਦੇ ਕੰਮ ’ਚ ਲੱਗੀ ਹੈ। ਅਜਿਹੇ ਸਮੱਗਲਰ ਜੇਲਾਂ ਅੰਦਰ ਬੈਠੇ ਹਨ ਪਰ ਉਨ੍ਹਾਂ ਦੇ ਗੁਰਗੇ ਕੰਮ ਕਰ ਰਹੇ ਹਨ ਅਤੇ ਜੇਲਾਂ ਤੋਂ ਹੀ ਨੈੱਟਵਰਕ ਚਲਾਇਆ ਜਾ ਰਿਹਾ ਹੈ।

ਪੀ. ਆਰ. ਐੱਸ. ਸੀ. ਵੱਲੋਂ ਕੀਤੀ ਜਾ ਚੁੱਕੀ ਹੈ 2151 ਮਾਮਲਿਆਂ ਦੀ ਰਿਪੋਰਟ 
ਧੂੰਆਂ ਬਣਨ ਦਾ ਸਭ ਤੋਂ ਵੱਡਾ ਕਾਰਨ ਪਰਾਲੀ ਦਾ ਧੂੰਆਂ ਹੈ ਅਤੇ ਪੀ. ਆਰ. ਐੱਸ. ਸੀ. ਸਿਸਟਮ ਰਾਹੀਂ ਜ਼ਿਲੇ ’ਚ ਅਜੇ ਤੱਕ 2151 ਮਾਮਲਿਆਂ ਦੀ ਰਿਪੋਰਟ ਕੀਤੀ ਜਾ ਚੁੱਕੀ ਹੈ। ਇਹ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਅਤੇ ਪ੍ਰਸ਼ਾਸਨ ਵੀ ਚਾਹੇ ਕਿਸਾਨਾਂ ਨੂੰ ਰੋਕ ਨਹੀਂ ਪਾ ਰਿਹਾ ਹੈ, ਹਾਲਾਂਕਿ ਪ੍ਰਸ਼ਾਸਨ ਵੱਲੋਂ ਅਜੇ ਤੱਕ 1988 ਸਥਾਨਾਂ ’ਤੇ ਮੌਕੇ ’ਤੇ ਪਹੁੰਚ ਕੀਤੀ ਗਈ ਹੈ, ਜਿੱਥੇ ਪਰਾਲੀ ਸਾੜੀ ਗਈ ਸੀ ਅਤੇ 14.60 ਲੱਖ ਰੁਪਏ ਜੁਰਮਾਨਾ ਵੀ ਕੀਤਾ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ : ਕਾਲੇ ਕਾਨੂੰਨ ਰੱਦ ਹੋਣ ‘ਤੇ ਬਾਬਾ ਬਕਾਲਾ ਸਾਹਿਬ ’ਚ ਖੁਸ਼ੀ ਦਾ ਮਾਹੌਲ

ਟਿਫਨ ਬੰਬ ਅਤੇ ਗ੍ਰਨੇਡ ਮਿਲਣ ਦੇ ਬਾਅਦ ਹਾਲਾਤ ਹੋਰ ਜ਼ਿਆਦਾ ਸੰਵੇਦਨਸ਼ੀਲ
ਹੈਰੋਇਨ ਦੀ ਖੇਪ ਭੇਜਣ ਦੇ ਨਾਲ ਨਾਲ ਬੀਤੇ ਕਈ ਮਹੀਨਿਆਂ ਤੋਂ ਪਾਕਿਸਤਾਨੀ ਖੂਫ਼ੀਆ ਏਜੰਸੀਆਂ ਟਿਫਨ ਬੰਬ ਅਤੇ ਗ੍ਰਨੇਡ ਵੀ ਭੇਜ ਚੁੱਕੀਆਂ ਹਨ ਜੋ ਸਰਹੱਦੀ ਇਲਾਕਿਆਂ ’ਚ ਰਹਿਣ ਵਾਲੇ ਕੁਝ ਲੋਕਾਂ ਦੀ ਸੂਝ ਨਾਲ ਫੜੇ ਜਾ ਚੁੱਕੇ ਹਨ ਪਰ ਪਾਕਿਸਤਾਨ ਦੀਆਂ ਇਨ੍ਹਾਂ ਗਤੀਵਿਧੀਆਂ ਨਾਲ ਇਹ ਸਾਬਤ ਹੋ ਚੁੱਕਿਆ ਹੈ ਕਿ ਉਹ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੇ ਲਗਾਤਾਰ ਯਤਨ ਕਰ ਰਹੇ ਹਨ। ਅਜਿਹੇ ’ਚ ਪਰਾਲੀ ਦਾ ਧੂੰਆਂ ਸਮੱਗਲਰਾਂ ਅਤੇ ਅੱਤਵਾਦੀਆਂ ਨੂੰ ਡਰੋਨ ਨਾਲ ਹਥਿਆਰ ਅਤੇ ਹੈਰੋਇਨ ਸੁੱਟਣ ’ਚ ਸੁਰੱਖਿਆ ਕਵਚ ਪ੍ਰਦਾਨ ਕਰਦਾ ਹੈ।

ਬੀ. ਐੱਸ. ਐੱਫ਼. ਦੇ 50 ਕਿਲੋਮੀਟਰ ਦੇ ਘੇਰੇ ’ਚ ਅਜੇ ਵੀ ਅਧਿਕਾਰੀਆਂ ਦੀ ਖਾਮੋਸ਼ੀ
ਕੇਂਦਰ ਸਰਕਾਰ ਵੱਲੋਂ ਬੀ. ਐੱਸ. ਐੱਫ਼. ਦਾ ਘੇਰਾ 50 ਕਿਲੋਮੀਟਰ ਤੱਕ ਵਧਾਇਆ ਜਾ ਚੁੱਕਿਆ ਹੈ। ਇਸ ਸਬੰਧ ’ਚ ਬੀ. ਐੱਸ. ਐੱਫ਼. ਦੀ ਪੰਜਾਬ ਫਰੰਟੀਅਰ ਵੱਲੋਂ ਬਕਾਇਦਾ ਪ੍ਰੈੱਸ ਕਾਨਫਰੰਸ ਕਰ ਕੇ ਜਾਣਕਾਰੀ ਵੀ ਦਿੱਤੀ ਚੁੱਕੀ ਹੈ, ਪਰ ਬੀ. ਐੱਸ. ਐੱਫ਼. ਇਸ ਘੇਰੇ ’ਚ ਕਿਵੇਂ ਕੰਮ ਕਰੇਗੀ। ਇਸ ਬਾਰੇ ਚ ਸਾਰੇ ਅਧਿਕਾਰੀਆਂ ਵੱਲੋਂ ਖਾਮੋਸ਼ੀ ਹੀ ਰੱਖੀ ਜਾ ਰਹੀ ਹੈ ਅਤੇ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ : ‘ਆਪ’ ਨੂੰ ਗੁਰਪੁਰਬ ’ਤੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਨਹੀਂ ਦਿੱਤੀ ਗਈ ਸਿਆਸੀ ਮਨਜ਼ੂਰੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News