18 ਦੇ ‘ਰੇਲ ਰੋਕੋ ਅੰਦੋਲਨ’ ਦੀਆਂ ਤਿਆਰੀਆਂ ਜਾਰੀ, ਕਿਸਾਨਾਂ ਨੇ ਕਿਹਾ-‘ਖੇਤੀ ਕਾਨੂੰਨ ਰੱਦ ਕਰਵਾ ਕੇ ਰਹਾਂਗੇ
Monday, Feb 15, 2021 - 10:18 AM (IST)
ਜੰਡਿਆਲਾ ਗੁਰੂ (ਸ਼ਰਮਾ, ਸੁਰਿੰਦਰ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ’ਚ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਗੁਰਬਚਨ ਸਿੰਘ ਚੱਬਾ ਦੀ ਅਗਵਾਈ ’ਚ ਜੰਡਿਆਲਾ ਗੁਰੂ ਗਹਿਰੀ ਮੰਡੀ ਵਿਖੇ ਚੱਲ ਰਿਹਾ ਰੇਲ ਰੋਕੋ ਅੰਦੋਲਨ ਅੱਜ 144ਵੇਂ ਦਿਨ ’ਚ ਦਾਖਲ ਹੋ ਗਿਆ। ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੇ ਰਵੱਈਏ ਕਰ ਕੇ ਇਹ ਅੰਦੋਲਨ ਲੰਬਾ ਹੋਣ ਦੇ ਨਾਲ-ਨਾਲ ਹੋਰ ਵਿਸ਼ਾਲ ਹੁੰਦਾ ਜਾ ਰਿਹਾ ਹੈ ਅਤੇ ਪੂਰੇ ਦੇਸ਼ ’ਚ ਫੈਲ ਰਿਹਾ ਹੈ। ਇਸੇ ਤਰ੍ਹਾਂ 18 ਫਰਵਰੀ ਨੂੰ 4 ਘੰਟੇ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਦੀਆਂ ਜਥੇਬੰਦੀ ਵੱਲੋਂ ਪਿੰਡ ਪੱਧਰ ’ਤੇ ਤਿਆਰੀਆਂ ਚੱਲ ਰਹੀਆਂ ਹਨ। ਕਿਸਾਨਾਂ-ਮਜ਼ਦੂਰਾਂ ਦੇ ਨਾਲ-ਨਾਲ ਦੇਸ਼ ਦੇ ਸਾਰੇ ਵਰਗਾਂ ਦਾ ਵੀ ਪੂਰਨ ਸਮਰਥਨ ਮਿਲ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਰਪੋਰੇਟਾਂ ਦੇ ਦਬਾਅ ਹੇਠ ਇਹ ਕਾਲੇ ਕਾਨੂੰਨ ਲਿਆਂਦੇ ਗਏ ਹਨ। ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਹੋਣ ਨਾਲ ਕਾਰਪੋਰੇਟ ਕੰਪਨੀਆਂ ਸਸਤੇ ਭਾਅ ਫ਼ਸਲਾਂ ਖ੍ਰੀਦ ਕੇ ਸਾਈਲੋ ਗੋਦਾਮਾਂ ’ਚ ਸਟੋਰ ਕਰਨ ਤੋਂ ਬਾਅਦ ਮਨਮਰਜ਼ੀ ਦੇ ਰੇਟ ’ਤੇ ਬਾਜ਼ਾਰ ’ਚ ਵੇਚਣਗੀਆਂ, ਜਿਸ ਨਾਲ ਮਹਿੰਗਾਈ ਵਧੇਗੀ ਅਤੇ ਆਮ ਜਨਤਾ ’ਤੇ ਆਰਥਿਕ ਬੋਝ ਵਧੇਗਾ। ਆਗੂਆਂ ਨੇ ਕਿਹਾ ਕਿ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਤੋਂ ਬਗੈਰ ਇਹ ਅੰਦੋਲਨ ਖ਼ਤਮ ਨਹੀਂ ਕਰਨਗੇ।