ਡੇਰਾ ਬਾਬਾ ਹਰਕਾ ਦਾਸ ’ਚੋਂ ਗੋਲਕਾਂ ਚੋਰੀ
Friday, Aug 10, 2018 - 01:38 AM (IST)

ਕੋਟਕਪੂਰਾ, (ਨਰਿੰਦਰ, ਭਾਵਿਤ)-ਥਾਣਾ ਸਦਰ ਕੋਟਕਪੂਰਾ ਦੇ ਪਿੰਡ ਕੋਟ ਸੁਖੀਆ ਵਿਖੇ ਇਕ ਵਿਅਕਤੀ ਵੱਲੋਂ ਇਕੋ ਰਾਤ ਵਿਚ ਇਕ ਕੋ-ਅਾਪ੍ਰੇਟਿਵ ਬੈਂਕ ਅਤੇ ਇਕ ਧਾਰਮਕ ਅਸਥਾਨ ਵਿਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਕਤ ਵਿਅਕਤੀ ਭਾਵੇਂ ਬੈਂਕ ’ਚ ਚੋਰੀ ਕਰਨ ’ਚ ਅਸਫਲ ਰਿਹਾ ਪਰ ਧਾਰਮਕ ਅਸਥਾਨ ’ਚੋਂ ਗੋਲਕਾਂ ਚੋਰੀ ਕਰਨ ਵਿਚ ਕਾਮਯਾਬ ਹੋ ਗਿਆ। ਇਸ ਸਬੰਧੀ ਉਕਤ ਬੈਂਕ ਦੇ ਮੈਨੇਜਰ ਬਲਜਿੰਦਰ ਸਿੰਘ ਵਾਸੀ ਫਰੀਦਕੋਟ ਦੇ ਬਿਆਨਾਂ ’ਤੇ ਥਾਣਾ ਸਦਰ ਕੋਟਕਪੂਰਾ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਬਲਜਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ 7 ਅਗਸਤ ਦੀ ਸ਼ਾਮ ਨੂੰ ਬੈਂਕ ਬੰਦ ਕਰ ਕੇ ਚਲੇ ਗਏ ਸਨ ਅਤੇ 8 ਅਗਸਤ ਨੂੰ ਸਵੇਰੇ ਉਨ੍ਹਾਂ ਨੂੰ ਬੈਂਕ ਦੀ ਸੇਵਾਦਾਰ ਬਿਮਲਾ ਰਾਣੀ ਨੇ ਫੋਨ ਕਰ ਕੇ ਦੱਸਿਆ ਕਿ ਬੈਂਕ ਦੇ ਗੇਟ ਵਾਲਾ ਜਿੰਦਰਾ ਟੁੱਟਾ ਹੋਇਆ ਹੈ। ਉਨ੍ਹਾਂ ਜਦੋਂ ਮੌਕੇ ’ਤੇ ਜਾ ਕੇ ਵੇਖਿਆ ਤਾਂ ਬੈਂਕ ਦੇ ਦੋ ਜਿੰਦਰੇ ਟੁੱਟੇ ਹੋਏ ਸਨ ਅਤੇ ਬੈਂਕ ਦੀ ਸੇਫ ਨੂੰ ਵੀ ਤੋਡ਼ਨ ਦੀ ਕੋਸ਼ਿਸ਼ ਕੀਤੀ ਗਈ ਸੀ। ਬੈਂਕ ਦਾ ਸਾਰਾ ਰਿਕਾਰਡ ਅਤੇ ਕੈਸ਼ ਚੈੱਕ ਕਰਨ ’ਤੇ ਸਭ ਕੁਝ ਠੀਕ ਪਾਇਆ ਗਿਆ। ਇਸ ਤੋਂ ਬਾਅਦ ਉਕਤ ਵਿਅਕਤੀ ਨੇ ਪਿੰਡ ਦੇ ਧਾਰਮਕ ਅਸਥਾਨ ਡੇਰਾ ਬਾਬਾ ਹਰਕਾ ਦਾਸ ’ਚੋਂ 2 ਗੋਲਕਾਂ ਚੋਰੀ ਕਰ ਲਈਆਂ ਅਤੇ ਬਾਹਰ ਲੈ ਗਿਆ, ਜਿਸ ’ਚੋਂ ਉਹ 7-8 ਹਜ਼ਾਰ ਰੁਪਏ ਦੀ ਨਕਦੀ ਕੱਢ ਕੇ ਫਰਾਰ ਹੋ ਗਿਆ। ਥਾਣਾ ਸਦਰ ਕੋਟਕਪੂਰਾ ਦੇ ਐੱਸ. ਐੱਚ. ਓ. ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਹਾਸਲ ਕਰ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।