ਲੜਕੀਆਂ ਦੇ ਉਨਤੀ ਵੱਲ ਵੱਧਦੇ ਕਦਮਾਂ ਨੇ ਲੋਹੜੀ ਦੀਆਂ ਖੁਸ਼ੀਆਂ ਨੂੰ ਰੰਗੀਨ ਕੀਤਾ (ਤਸਵੀਰਾਂ)
Saturday, Jan 13, 2018 - 03:03 PM (IST)
ਜ਼ੀਰਾ/ਫਿਰੋਜ਼ਪੁਰ ( ਅਕਾਲੀਆਂਵਾਲਾ ) : ਪੰਜਾਬ ਵਿਚ ਸਾਢੇ ਤਿੰਨ ਦਹਾਕੇ ਪਹਿਲਾਂ ਪੰਜਾਬ ਦੀਆਂ ਮੁਟਿਆਰਾਂ ਲੋਹੜੀ ਦੇ ਤਿਉਹਾਰ ਮੌਕੇ ਨਵੇਂ ਜੰਮੇ ਲੜਕਿਆਂ ਅਤੇ ਨਵੇਂ ਵਿਆਹੇ ਲੜਕਿਆਂ ਦੇ ਘਰੋਂ ਲੋਹੜੀ ਮੰਗ ਕੇ ਖੁਸ਼ੀ ਦਾ ਇਜ਼ਹਾਰ ਕਰਦੀਆਂ ਸਨ। ਪੰਜਾਬ 'ਚ ਸਖਤ ਠੰਢ 'ਚ ਆਉਣ ਵਾਲਾ ਇਹ ਤਿਉਹਾਰ ਆਪਸੀ ਭਾਈਚਾਰਕ ਸਾਂਝ ਅਤੇ ਸਾਡੇ ਰਿਸ਼ਤਿਆਂ ਵਿਚ ਪਿਆਰ ਦੀ ਗਰਮਾਹਟ ਪੈਦਾ ਕਰਦਾ ਸੀ ਪਰ ਸਮੇਂ ਦੀ ਕਰਵਟ ਦੇ ਨਾਲ ਜਦੋਂ ਸਮਾਜ ਜਾਗਰੂਕ ਹੋਇਆ ਤਾਂ ਉਨ੍ਹਾਂ ਨੇ ਲੜਕੇ ਲੜਕੀਆਂ ਵਿਚ ਇਸ ਤਿਉਹਾਰ ਨੂੰ ਲੈ ਕੇ ਹੁੰਦੇ ਭੇਦ ਭਾਵ ਦੀ ਦੀਵਾਰ ਨੂੰ ਮਿਟਾਉਣਾ ਸ਼ੁਰੂ ਕਰ ਦਿੱਤਾ। ਪੰਜਾਬ ਵਿਚ ਲੜਕਿਆਂ ਨਾਲੋਂ ਹੁਣ ਲੜਕੀਆਂ ਦੀ ਲੋਹੜੀ ਵੱਡੇ ਪੱਧਰ 'ਤੇ ਮਨਾਈ ਜਾਣ ਲੱਗੀ ਹੈ। ਜਦ ਮਾਪਿਆਂ ਨੂੰ ਆਪਣੀਆਂ ਬੇਟੀਆਂ ਵੱਲੋਂ ਕਿਸੇ ਨਾ ਕਿਸੇ ਖੇਤਰ ਵਿਚ ਹੁੰਦੀਆਂ ਪ੍ਰਾਪਤੀਆਂ ਅਤੇ ਮਾਪਿਆਂ ਨੂੰ ਲੜਕਿਆਂ ਨਾਲੋਂ ਦਿੱਤੇ ਜਾ ਰਹੇ ਵੱਧ ਪਿਆਰ ਦਾ ਅਹਿਸਾਸ ਹੋਣ ਲੱਗਾ ਤਾਂ ਮਾਪੇ ਲੜਕੀਆਂ ਦੀ ਲੋਹੜੀ ਨੂੰ ਪਹਿਲ ਦੇਣ ਲੱਗੇ। ਪੇਸ਼ ਹੈ ਉਨ੍ਹਾਂ ਲੜਕੀਆਂ ਦੀ ਪ੍ਰਾਪਤੀ 'ਤੇ ਝਾਤ -
ਕੁਲਵਿੰਦਰ ਕੌਰ ਤੇ ਮਨਮੀਤ ਕੌਰ - ਜ਼ੀਰਾ ਦੇ ਪਿੰਡ ਟਿੰਡਵਾਂ ਦੀ ਕੁਲਵਿੰਦਰ ਕੌਰ ਪੁੱਤਰੀ ਅਵਤਾਰ ਸਿੰਘ ਅਤੇ ਮਨਮੀਤ ਕੌਰ ਪੁੱਤਰੀ ਦਲੇਰ ਸਿੰਘ ਪਿੰਡ ਕਮਾਲਗੜ੍ਹ ਨੇ ਛੋਟੀ ਉਮਰ ਵਿਚ ਵੱਡੀਆਂ ਪ੍ਰਾਪਤੀਆਂ ਨੂੰ ਸਰ ਕੀਤਾ। ਜ਼ੀਰਾ ਦੇ ਐਮਬਰੋਜ਼ਿਅਲ ਪਬਲਿਕ ਸਕੂਲ ਦੀਆਂ ਇਨ੍ਹਾਂ ਵਿਦਿਆਰਥਣਾਂ ਨੇ ਸ਼ਤੀਸ਼ਗੜ੍ਹ 'ਚ 63ਵੀਂ ਰਾਸ਼ਟਰੀ ਖੇਡਾਂ ਵਿਚ ਕੱਬਡੀ, ਕਿਕ੍ਰਟ ਅਤੇ ਕਿੱਕ ਬਾਕਸਿੰਗ ਦੇ ਮੁਕਾਬਲੇ ਹੋਏ। ਇਨ੍ਹਾਂ ਵਿਦਿਆਰਥਣਾਂ ਨੇ ਕਿੱਕ ਬਾਕਸਿੰਗ ਵਿਚ ਵਧੀਆ ਪ੍ਰਦਰਸ਼ਨ ਕਰਕੇ ਬਰਾਊਨ ਮੈਡਲ ਹਾਸਲ ਕੀਤੇ।
ਕਨਿਕਾ - ਜ਼ੀਰਾ ਸ਼ਹਿਰ ਦੀ ਕਨਿਕਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ 'ਚ ਮੈਰਿਟ ਪੰਜਾਬ 'ਚੋਂ ਦੂਸਰਾ ਅਤੇ ਜ਼ਿਲੇ ਫਿਰੋਜ਼ਪੁਰ ਤੋਂ ਪਹਿਲਾ ਸਥਾਨ ਹਾਸਲ ਕੀਤਾ। ਸ੍ਰੀ ਆਤਮ ਵੱਲਭ ਜੈਨ ਵਿੱਦਿਆ ਪੀਠ ਜ਼ੀਰਾ ਦੀ ਇਸ ਵਿਦਿਆਰਥਣ ਦਾ ਟੀਚਾ ਡਾਕਟਰ ਬਣਕੇ ਗਰੀਬ ਤੇ ਬੇਸਹਾਰਾ ਦੀ ਮਦਦ ਕਰਨਾ ਹੈ।

ਮਧੂ ਮਿੱਤਲ ਆਗੂ ਸੇਵਾ ਭਾਰਤੀ - ਸ਼ਹਿਰ 'ਚ ਨਹੀਂ ਸਗੋਂ ਪੂਰੇ ਪੰਜਾਬ ਵਿਚ ਔਰਤਾਂ ਨੂੰ ਮਾਣ ਸਨਮਾਨ ਦੀ ਗੱਲ ਕਰਨ ਵਾਲੀ ਮਧੂ ਮਿੱਤਲ ਸੇਵਾ ਭਾਰਤੀ ਸੰਸਥਾ ਵਿਚ ਰਹਿ ਕੇ ਸੇਵਾ ਕਰ ਰਹੀ ਹੈ। ਇਸ ਦਾ ਲੜਕੀਆਂ ਲਈ ਸਲਾਈ ਸੈਂਟਰ ਅਤੇ ਹਰ ਤਿਉਹਾਰਾਂ 'ਤੇ ਲੜਕੀਆਂ ਦੀ ਮਦਦ ਕਰਨਾ ਜ਼ਿੰਦਗੀ ਦਾ ਟੀਚਾ ਬਣ ਗਿਆ ਹੈ।

ਸੁਖਮਨਦੀਪ ਕੌਰ - ਕੈਲਫੋਰਨੀਆਂ ਪਬਲਿਕ ਸਕੂਲ ਖੁਖਰਾਣਾਂ ਦੀ ਸੁਖਮਨਦੀਪ ਕੌਰ ਨੇ 11ਵੀਂ ਕਲਾਸ 'ਚ ਪੜਦਿਆਂ ਪੜਾਈ ਦੇ ਨਾਲ-ਨਾਲ ਖੇਡਾਂ ਦਾ ਮਨ 'ਚ ਅਜਿਹਾ ਜ਼ਜ਼ਬਾ ਪੈਦਾ ਕੀਤਾ ਕਿ ਪੂਨੇ 'ਚ ਹੋਈਆਂ ਨੈਸ਼ਨਲ ਖੇਡਾਂ 'ਚ ਉਸ ਨੇ ਬਰਾਊਨ ਮੈਡਲ ਪ੍ਰਾਪਤ ਕੀਤਾ ਅਤੇ ਉਸ ਦੀ ਇੱਛਾ ਹੁਣ ਖੇਡਾਂ 'ਚ ਜੋਸ਼ ਨਾਲ ਭਾਗ ਲੈ ਕੇ ਗੋਲਡ ਮੈਡਲ 'ਤੇ ਕਬਜ਼ਾ ਕਰਨ ਦੀ ਹੈ।

