ਟਾਵਰਾਂ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ 4 ਕਾਬੂ
Sunday, Jun 17, 2018 - 06:33 AM (IST)
ਕਰਤਾਰਪੁਰ, (ਸਾਹਨੀ)- ਜ਼ਿਲਾ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਦੇ ਇਲਾਕਿਆਂ ਵਿਚ ਲੱਗੇ ਏ. ਟੀ. ਸੀ. ਕੰਪਨੀ ਦੇ ਮੋਬਾਇਲ ਟਾਵਰਾਂ 'ਤੇ ਲੱਗੀਆਂ ਬੈਕਅਪ ਬੈਟਰੀਆਂ ਚੋਰੀ ਕਰਨ ਵਾਲੇ 4 ਵਿਅਕਤੀਆਂ ਨੂੰ ਪੁਲਸ ਨੇ ਬੀਤੀ ਦੇਰ ਸ਼ਾਮ ਕਾਬੂ ਕਰ ਲਿਆ ਹੈ ਤੇ ਮੌਕੇ 'ਤੇ ਮਹਿੰਦਰਾ ਪਿੱਕਅਪ ਵੈਨ ਸਮੇਤ 16 ਬੈਟਰੀਆਂ ਵੀ ਬਰਾਮਦ ਕੀਤੀਆਂ ਹਨ।
ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੁਖਦੇਵ ਸਿੰਘ ਸਾਥੀ ਕਰਮਚਾਰੀਆਂ ਨਾਲ ਨਾਕਾਬੰਦੀ ਦੌਰਾਨ ਜੰਡੇ ਸਰਾਏ ਮੋੜ (ਆਲਮਪੁਰ ਬੱਕਾ ਨੇੜੇ) ਮੌਜੂਦ ਸਨ ਤਾਂ ਇਕ ਮਹਿੰਦਰਾ ਪਿਕਅਪ ਜੰਡੇ ਸਰਾਏ ਮੋੜ ਵੱਲੋਂ ਆਉਂਦੀ ਦਿਖਾਈ ਦਿੱਤੀ, ਜਿਸਦੀ ਚੈਕਿੰਗ ਦੌਰਾਨ ਮੋਬਾਇਲ ਟਾਵਰਾਂ ਦੀਆਂ 16 ਬੈਟਰੀਆਂ, ਜੋ ਚੋਰੀ ਦੀਆਂ ਸਨ, ਬਰਾਮਦ ਹੋਈਆਂ।
ਇਸ ਦੌਰਾਨ ਗੱਡੀ ਵਿਚ ਸਵਾਰ 4 ਵਿਅਕਤੀ, ਜਿਨ੍ਹਾਂ ਦੀ ਪਛਾਣ ਸੁਰਜੀਤ ਕੁਮਾਰ ਸ਼ਰਮਾ ਕਾਕੂ ਪੁੱਤਰ ਰਮੇਸ਼ ਚੰਦ ਵਾਸੀ ਤਰਕੇੜੀ ਥਾਣਾ ਨਦੌਣ ਜ਼ਿਲਾ ਹਮੀਰਪੁਰ, ਇਸਮਾਈਲ ਮੁਹੰਮਦ ਉਰਫ ਮੋਨੂੰ ਪੁੱਤਰ ਸਰੀਫ ਦੀਨ ਵਾਸੀ ਪਿੰਡ ਯੂਨਰੀ ਥਾਣਾ ਤੇ ਤਹਿਸੀਲ ਅੰਬ ਜ਼ਿਲਾ ਊਨਾ, ਸ਼ਾਹਿਦ ਅਲੀ ਉਰਫ ਸਲਮੀ ਪੁੱਤਰ ਇਲਮਦੀਨ ਵਾਸੀ ਪਿੰਡ ਗੁਜਰੇੜਾ ਥਾਣਾ ਤੇ ਤਹਿਸੀਲ ਅੰਬ ਜ਼ਿਲਾ ਊਨਾ ਹਿਮਾਚਲ ਪ੍ਰਦੇਸ਼ ਅਤੇ ਰਾਜੂ ਯਾਦਵ ਪੁੱਤਰ ਘਨੱਈਆ ਲਾਲ ਵਾਸੀ ਪਿੰਡ ਸਿਰਵਟ ਥਾਣਾ ਸਹੋਰਤਗੜ੍ਹ ਸਿਧਾਰਥ ਨਗਰ ਜ਼ਿਲਾ ਗੋਂਡਾ ਯੂ.ਪੀ. ਵਜੋਂ ਹੋਈ, ਪੁਲਸ ਨੇ ਕਾਬੂ ਕਰ ਲਿਆ। ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਉਨ੍ਹਾਂ ਰਹੀਮਪੁਰ, ਸਰਾਏਖਾਸ, ਬੁੱਲ੍ਹੋਵਾਲ, ਜੱਲੋਵਾਲ ਕਾਲੋਨੀ, ਡੇਅਰੀਵਾਲ, ਟਰਾਂਸਪੋਰਟ ਨਗਰ, ਪਠਾਨਕੋਟ ਚੌਕ ਜਲੰਧਰ ਵਿਖੇ ਲੱਗੇ ਏ. ਟੀ. ਸੀ. ਕੰਪਨੀ ਦੇ ਟਾਵਰਾਂ ਤੋਂ ਬੈਟਰੀਆਂ ਚੋਰੀ ਕਰ ਕੇ ਕਬਾੜੀਆਂ ਨੂੰ ਵੇਚੀਆਂ ਹਨ।
ਇਸ ਸੰਬੰਧੀ ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੇ ਦੋ ਹੋਰ ਸਾਥੀ ਸ਼ਿਵ ਕੁਮਾਰ ਅਤੇ ਵਿਵੇਕ ਖਾਨ ਉਰਫ ਬੰਟੂ ਜੋ ਕਿ ਹਿਮਾਚਲ ਪ੍ਰਦੇਸ਼ ਗਏ ਹੋਏ ਹਨ, ਨੂੰ ਵੀ ਕਾਬੂ ਕੀਤਾ ਜਾਵੇਗਾ ਅਤੇ ਜਿਨ੍ਹਾਂ ਕਬਾੜੀਆਂ ਨੂੰ ਇਹ ਬੈਟਰੀਆਂ ਵੇਚਆਂ ਗਈਆਂ ਹਨ, ਉਹ ਵੀ ਕਾਬੂ ਕੀਤੇ ਜਾਣਗੇ। ਪੁਲਸ ਨੇ ਮੁਖਤਿਆਰ ਸਿੰਘ ਦੇ ਬਿਆਨ 'ਤੇ ਮੁਕੱਦਮਾ ਥਾਣਾ ਕਰਤਾਰਪੁਰ ਦਰਜ ਕੀਤਾ। ਮੁਲਜ਼ਮਾਂ ਦਾ ਦੋ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤੇ ਇਸ ਦੌਰਾਨ ਇਨ੍ਹਾਂ ਪਾਸੋਂ ਹੋਰ ਚੋਰੀਆਂ ਬਾਰੇ ਪਤਾ ਲਗਾਇਆ ਜਾਵੇਗਾ।
