ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਿੱਖ ਕੌਮ ਦੇ ਜਰਨੈਲਾਂ ਦੇ ਲਾਏ ਜਾਣ ਬੁੱਤ : ਬੈਂਸ ਭਰਾ
Sunday, Jan 19, 2020 - 11:40 PM (IST)

ਲੁਧਿਆਣਾ, (ਪਾਲੀ)- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਜਥੇ. ਬਲਵਿੰਦਰ ਸਿੰਘ ਬੈਂਸ ਨੇ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਦੀ ਹੈਰੀਟੇਜ ਸਟਰੀਟ ’ਚ ਲੱਗੇ ਬੁੱਤਾਂ ਨੂੰ ਤੋਡ਼ਨ ਵਾਲਿਆਂ ’ਤੇ ਮਾਮਲਾ ਦਰਜ ਕਰਨ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਇਹ ਮਾਮਲਾ ਤੁਰੰਤ ਰੱਦ ਕੀਤਾ ਜਾਵੇ ਅਤੇ ਬੁੱਤ ਤੋਡ਼ਨ ਵਾਲਿਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਦੇ ਹੋਏ ਸਿੱਖ ਕੌਮ ਦੇ ਬਹਾਦਰ ਜਰਨੈਲਾਂ ਦੇ ਬੁੱਤ ਲਾਏ ਜਾਣ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਗੌਰਵਮਈ ਸਿੱਖ ਇਤਿਹਾਸ ਨੂੰ ਯਾਦ ਕਰਦੇ ਹੋਏ ਮਾਣ ਮਹਿਸੂਸ ਕਰ ਸਕੇ।
ਵਿਧਾਇਕ ਬੈਂਸ ਭਰਾ ਅੱਜ ਲੁਧਿਆਣਾ ਵਿਖੇ ਆਪਣੇ ਮੁੱਖ ਦਫਤਰ ਕੋਟ ਮੰਗਲ ਸਿੰਘ ਨਗਰ ਵਿਖੇ ਵਿਸ਼ੇਸ਼ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਵਿਧਾਇਕ ਬੈਂਸ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸਿੱਖ ਸੰਗਤਾਂ ਦੇ ਨਾਲ-ਨਾਲ ਹਰ ਧਰਮ ਦੇ ਲੋਕ ਆ ਕੇ ਸਿਜਦਾ ਕਰਦੇ ਹਨ ਅਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਲੱਗੇ ਬੁੱਤਾਂ ਨੂੰ ਤੋਡ਼ ਕੇ ਬੁੱਤ ਤੋਡ਼ਨ ਵਾਲਿਆਂ ਨੇ ਕੋਈ ਗਲਤ ਕੰਮ ਨਹੀਂ ਕੀਤਾ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਮੰਗ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ ਸਟਰੀਟ ਵਿਖੇ ਭੰਗਡ਼ਾ ਪਾਉਣ ਵਾਲਿਆਂ ਦੀ ਥਾਂ ਸਿੱਖ ਕੌਮ ਦੇ ਉਨ੍ਹਾਂ ਜਰਨੈਲ ਯੋਧਿਆਂ ਦੇ ਬੁੱਤ ਲਾਏ ਜਾਣੇ ਚਾਹੀਦੇ ਹਨ, ਜਿਸ ਤੋਂ ਸਿੱਖ ਕੌਮ ਅਤੇ ਪੂਰੀ ਲੋਕਾਈ ਨੂੰ ਸੇਧ ਮਿਲ ਸਕੇ। ਉਨ੍ਹਾਂ ਦੱਸਿਆ ਕਿ ਸਿੱਖ ਕੌਮ ਦੇ ਮਹਾਨ ਜਰਨੈਲਾਂ ’ਚ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਜੱਸਾ ਸਿੰਘ ਰਾਮਗਡ਼੍ਹੀਆ, ਅਕਾਲੀ ਫੂਲਾ ਸਿੰਘ, ਸ਼ਾਮ ਸਿੰਘ ਅਟਾਰੀ ਵਰਗੇ ਅਨੇਕਾਂ ਅਜਿਹੇ ਜਰਨੈਲਾਂ ਦੇ ਨਾਲ-ਨਾਲ ਸਿੱਖ ਕੌਮ ’ਚ ਅਜਿਹੇ ਹਜ਼ਾਰਾਂ ਸਿੱਖ ਯੋਧੇ ਪੈਦਾ ਹੋਏ ਹਨ, ਜਿਨ੍ਹਾਂ ਸਿੱਖ ਕੌਮ ਲਈ ਆਪਣੀਆਂ ਜਾਨਾਂ ਦੀ ਪਰਵਾਹ ਤੱਕ ਨਹੀਂ ਕੀਤੀ।