ਪੁਲਸ ਨੇ ਸਟੇਸ਼ਨ ’ਤੇ ਗ੍ਰਿਫ਼ਤਾਰ ਕੀਤੇ ਦਿਓਰ-ਭਰਜਾਈ, ਕਰਤੂਤ ਜਾਣ ਹੋਵੋਗੇ ਹੈਰਾਨ
Wednesday, Jul 12, 2023 - 10:56 AM (IST)
ਲੁਧਿਆਣਾ (ਗੌਤਮ) : ਰੇਲਵੇ ਪੁਲਸ ਨੇ ਮੰਗਲਵਾਰ ਨੂੰ ਰੇਲਵੇ ਸਟੇਸ਼ਨ ’ਤੇ ਚੈਕਿੰਗ ਦੌਰਾਨ ਇਕ ਮਹਿਲਾ ਅਤੇ ਇਕ ਨੌਜਵਾਨ ਨੂੰ ਨਸ਼ਾ ਸਮੱਗਲਿੰਗ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਤੋਂ 2 ਕਿੱਲੋ ਅਫੀਮ ਬਰਾਮਦ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ ਨਸ਼ਾ ਸਮੱਗਲਿੰਗ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਝਾਰਖੰਡ ਦੇ ਰਹਿਣ ਵਾਲੇ ਗੈਬਰੀਅਲ ਸਾਂਡੀ ਪੂਰਤੀ ਅਤੇ ਅਸਰੰਤੀ ਮੰਡੂ ਵਜੋਂ ਕੀਤੀ ਹੈ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ 2 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਐੱਸ. ਬੀ. ਬਲਰਾਮ ਰਾਣਾ ਨੇ ਦੱਸਿਆ ਕਿ ਇੰਸਪੈਕਟਰ ਜਤਿੰਦਰ ਸਿੰਘ ਦੀ ਟੀਮ ਪਲੇਟਫਾਰਮ ਨੰ. 2 ਅਤੇ 3 ’ਤੇ ਚੈਕਿੰਗ ਕਰ ਰਹੀ ਸੀ ਤਾਂ ਦੋਵੇਂ ਦਿਓਰ-ਭਰਜਾਈ ਪੁਲਸ ਪਾਰਟੀ ਨੂੰ ਦੇਖ ਕੇ ਇਕਦਮ ਪਿੱਛੇ ਮੁੜਨ ਲੱਗੇ ਤਾਂ ਟੀਮ ਨੇ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ ਅਫੀਮ ਬਰਾਮਦ ਹੋਈ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਲੇਬਰ ਦਾ ਕੰਮ ਕਰਦੇ ਹਨ ਅਤੇ ਕਿਸੇ ਦੇ ਕਹਿਣ ’ਤੇ ਲੁਧਿਆਣਾ ਅਫੀਮ ਦੀ ਸਪਲਾਈ ਦੇਣ ਲਈ ਆਏ ਸਨ, ਜਿਸ ਬਦਲੇ ਉਨ੍ਹਾਂ ਨੂੰ 7 ਹਜ਼ਾਰ ਰੁਪਏ ਮਿਲੇ ਸਨ। ਜਾਂਚ ਅਫਸਰ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।