ਕੇਂਦਰ ਤੇ ਸੂਬਾ ਸਰਕਾਰ ਰਲ ਕੇ ਕਿਸਾਨਾਂ ਨੂੰ ਖੱਜਲ-ਖੁਆਰ ਕਰ ਰਹੀਆਂ ਹਨ: ਪਰਮਿੰਦਰ ਢੀਂਡਸਾ

Wednesday, Oct 20, 2021 - 04:37 PM (IST)

ਕੇਂਦਰ ਤੇ ਸੂਬਾ ਸਰਕਾਰ ਰਲ ਕੇ ਕਿਸਾਨਾਂ ਨੂੰ ਖੱਜਲ-ਖੁਆਰ ਕਰ ਰਹੀਆਂ ਹਨ: ਪਰਮਿੰਦਰ ਢੀਂਡਸਾ

ਸੰਗਰੂਰ (ਵਿਜੈ ਕੁਮਾਰ ਸਿੰਗਲਾ): ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਪਰੇਸ਼ਾਨ ਕਰਨ ਦੇ ਇਰਾਦੇ ਦੋਵੇਂ ਸਰਕਾਰਾਂ ਦੇ ਇੱਕੋ ਜਿਹੇ ਹਨ। ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਵੱਖ-ਵੱਖ ਅਨਾਜ ਮੰਡੀਆਂ ਅੰਦਰ ਨਮੀ ਦੀ ਮਾਤਰਾ ਦੇ ਤੈਅ ਮਾਪਢੰਡਾਂ ਵਾਲਾ ਝੋਨਾ ਵੀ ਨਹੀਂ ਖਰੀਦਿਆ ਜਾ ਰਿਹਾ।

ਇੱਕ ਪਾਸੇ ਖੇਤਾਂ ਵਿੱਚ ਝੋਨੇ ਦਾ ਵਾਢੀ ਦਾ ਕੰਮ ਚੱਲ ਰਿਹਾ ਹੈ ਪਰ ਅਨਾਜ ਮੰਡੀਆਂ ਅੰਦਰ ਝੋਨੇ ਦੀ ਖਰੀਦ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਕਿਸਾਨ ਨਿਰਾਸ਼ਾ ਦੇ ਆਲਮ ਵਿੱਚ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਗੰਭੀਰ ਸੰਕਟ ਦੌਰਾਨ ਕਿਸਾਨਾਂ ਨੇ ਦੇਸ਼ ਵਾਸੀਆਂ ਨੂੰ ਅਨਾਜ ਦਾ ਪੂਰਾ ਪ੍ਰਬੰਧ ਕਰਨ ਲਈ ਹੱਡ ਭੰਨਵੀਂ ਮਿਹਨਤ ਕੀਤੀ ਸੀ। ਸਰਕਾਰਾਂ ਦਾ ਫਰਜ਼ ਤਾਂ ਇਹ ਬਣਦਾ ਸੀ ਕਿ ਬੇ-ਮੌਸਮੇ ਮੀਂਹ ਕਾਰਨ ਫਸਲ ਵਿੱਚ ਨਮੀ ਦੀ ਮਾਮੂਲੀ ਵੱਧ ਪਾਈ ਮਾਤਰਾ ਨਾਲੋਂ ਵੀ ਝੋਨੇ ਦੀ ਖਰੀਦ ਕੀਤੀ ਜਾਂਦੀ।

ਉਲਟਾ ਸਰਕਾਰ ਨੇ ਝੋਨੇ ਦੀ ਖਰੀਦ ਲਈ ਨਮੀ ਦੀ ਮਾਤਰਾ ਪਹਿਲਾਂ ਨਾਲੋਂ ਘਟਾ ਦਿੱਤੀ। ਉਨ੍ਹਾਂ ਕਿਹਾ ਕਿ ਖਰੀਦ ਨਾ ਹੋਣ ਕਾਰਨ ਕਿਸਾਨਾਂ ਤੇ ਆੜਤੀਏ ਪਰੇਸ਼ਾਨ ਹਨ। ਉਧਰ ਵਿਗੜੇ ਮੌਸਮ ਕਾਰਨ ਕਿਸਾਨਾਂ ਦੇ ਸਾਹ ਸੂਤੇ ਪਏ ਹਨ। ਢੀਂਡਸਾ ਨੇ ਨਮੀ ਦੀ ਮਾਤਰਾ ਤੈਅ ਮਾਪਢੰਡਾਂ ਵਿੱਚ ਤਬਦੀਲੀ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਸਬੰਧਤ ਮੁੱਦੇ ਉੱਠਾ ਕੇ ਖਰੀਦ ਯਕੀਨੀ ਬਣਾਉਣੀ ਚਾਹੀਦੀ ਹੈ।ਢੀਂਡਸਾ ਨੇ ਝੋਨੇ ਦੀ ਖਰੀਦ ਵਿੱਚ ਵਿਘਨ ਪਾਉਣ ਦੇ ਇਰਾਦੇ ਲਈ ਲਾਈਆਂ ਵਿਜੀਲੈਂਸ ਟੀਮਾਂ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵੱਲੋਂ ਪੁੱਤਰਾਂ ਵਾਂਗ ਪਾਲੀਆਂ ਫ਼ਸਲਾਂ ਨੂੰ ਰੋਲਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਜਿਸ ਦੀ ਹਰ ਪਾਸਿਓਂ ਨਿਖੇਧੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾੜੇ ਇੰਤਜਾਮਾਂ ਤੇ ਅਫ਼ਸਰਸ਼ਾਹੀ ਲਗਾਮ ਖੁੱਲ੍ਹੀ ਛੱਡ ਦੇਣ ਨਾਲ ਬੜੇ ਨੁਕਸਾਨ ਕਰ ਦਿੱਤ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਰਜਾਈ ਤੇ ਨਿਤਾਣੇ ਬਣਾਕੇ ਰਾਜ ਕਰਨ ਰਹੀਆਂ ਪਾਰਟੀਆਂ ਨਾ ਤਾਂ ਕਿਸਾਨਾਂ ਦੀਆਂ ਮੁਸਕਲਾਂ ਸਮਝ ਰਹੀਆਂ ਹਨ ਨਾ ਹੀ ਕੋਈ ਚਿੰਤਾ ਕਰਦੀਆਂ ਹਨ ਤੇ ਨਾ ਹੀ ਅਜਿਹਾ ਕਰਨ ਦੀ ਇਨ੍ਹਾਂ ਪਾਰਟੀਆਂ ਦੀ ਸੋਚ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀ ਹੋ ਰਹੀ ਖੱਜਲ-ਖੁਆਰੀ ਰੋਕਣ ਲਈ ਝੋਨੇ ਦੀ ਖਰੀਦ ਤੁਰੰਤ ਯਕੀਨੀ ਬਣਾਈ ਜਾਵੇ।


author

Shyna

Content Editor

Related News