ਸਟੇਟ ਸਾਈਬਰ ਕ੍ਰਾਈਮ ਵੱਲੋਂ ਅਣਪਛਾਤਿਆਂ ਖਿਲਾਫ ਕੇਸ ਦਰਜ

05/08/2018 6:36:17 AM

ਮੋਹਾਲੀ, (ਕੁਲਦੀਪ)- ਸੋਸ਼ਲ ਮੀਡੀਆ 'ਤੇ ਅਸ਼ਲੀਲ ਵੀਡੀਓ ਅਪਲੋਡ ਕਰਕੇ ਕਿਸੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਸਟੇਟ ਸਾਈਬਰ ਕ੍ਰਾਈਮ ਪੁਲਸ ਨੇ ਮੋਹਾਲੀ ਦੇ ਫੇਜ਼-4 ਸਥਿਤ ਪੁਲਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਹੈ । ਫਿਲਹਾਲ ਇਸ ਕੇਸ ਵਿਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਪੁਲਸ ਸੂਤਰਾਂ ਦੀਆਂ ਮੰਨੀਏ ਤਾਂ ਏ. ਆਈ. ਜੀ. ਸਾਈਬਰ ਕ੍ਰਾਈਮ ਨੇ ਇਸ ਮਾਮਲੇ ਵਿਚ ਕੁਝ ਲੋਕਾਂ ਤੋਂ ਪੁੱਛਗਿੱਛ ਕਰਨ ਦੇ ਆਦੇਸ਼ ਜਾਰੀ ਕੀਤੇ ਹਨ । 
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਕੇਸ ਪੰਜਾਬ ਦੇ ਜ਼ਿਲਾ ਸੰਗਰੂਰ ਨਾਲ ਸਬੰਧਤ ਹੈ । ਕਰੀਬ ਤਿੰਨ ਮਹੀਨੇ ਪਹਿਲਾਂ ਜ਼ਿਲਾ ਸੰਗਰੂਰ ਵਿਚ ਸੋਸ਼ਲ ਮੀਡੀਆ 'ਤੇ ਇਕ ਅਸ਼ਲੀਲ ਵੀਡੀਓ ਅਪਲੋਡ ਕੀਤੀ ਗਈ ਸੀ, ਜੋ ਕਿ ਕਾਫ਼ੀ ਜ਼ਿਆਦਾ ਵਾਇਰਲ ਹੋ ਗਈ । ਭਾਵੇਂ ਹੀ ਉਸ ਵੀਡੀਓ ਵਿਚ ਉਸ ਵਿਅਕਤੀ ਅਤੇ ਮਹਿਲਾ ਦੀ ਸ਼ਕਲ ਦੀ ਪਛਾਣ ਨਹੀਂ ਹੋ ਰਹੀ ਸੀ ਪਰ ਉਸੇ ਖੇਤਰ ਨਾਲ ਸਬੰਧਤ ਕੁਝ ਲੋਕਾਂ ਨੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਵੀਡੀਓ ਉਸ ਵਿਅਕਤੀ ਦੀ ਹੈ । 
ਇਸ ਦੀ ਸ਼ਿਕਾਇਤ ਪੰਜਾਬ ਸਟੇਟ ਸਾਈਬਰ ਕ੍ਰਾਈਮ ਦੇ ਕੋਲ ਪਹੁੰਚ ਗਈ । ਸਾਈਬਰ ਕ੍ਰਾਈਮ ਨੇ 4 ਅਪ੍ਰੈਲ ਨੂੰ ਆਈ. ਟੀ. ਐਕਟ 2000 ਦੀਆਂ ਧਾਰਾਵਾਂ 66ਈ ਅਤੇ 67ਏ ਦੇ ਤਹਿਤ ਪੁਲਸ ਸਟੇਸ਼ਨ ਫੇਜ਼-4 ਵਿਚ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਲਿਆ । ਇਹ ਵੀ ਪਤਾ ਲੱਗਾ ਹੈ ਕਿ ਉਸ ਵੀਡੀਓ ਦੀ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ । ਪੁਲਸ ਵੱਲੋਂ ਕੀਤੀ ਜਾ ਰਹੀ ਜਾਂਚ ਵਿਚ ਜ਼ਿਲਾ ਸੰਗਰੂਰ ਦੇ ਸੁਨਾਮ ਖੇਤਰ ਨਾਲ ਕੁਝ ਲੋਕਾਂ ਦੇ ਨਾਮ ਸਾਹਮਣੇ ਆਏ ਹਨ, ਜਿਨ੍ਹਾਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ । 
ਸਟੇਟ ਸਾਈਬਰ ਕ੍ਰਾਈਮ ਦੇ ਅਸਿਸਟੈਂਟ ਇੰਸਪੈਕਟਰ ਜਨਰਲ ਆਫ ਪੁਲਸ ਨੇ 3 ਮਈ ਨੂੰ ਐੱਸ. ਐੱਸ. ਪੀ. ਸੰਗਰੂਰ ਨੂੰ ਇਕ ਲਿਖਤੀ ਪੱਤਰ ਭੇਜਿਆ ਹੈ । ਉਸ ਪੱਤਰ ਵਿਚ ਏ. ਆਈ. ਜੀ. ਨੇ ਕੁਲ 8 ਲੋਕਾਂ ਦੇ ਬਾਕਾਇਦਾ ਨਾਮ ਅਤੇ ਐਡਰੈੱਸ ਲਿਖ ਕੇ ਐੱਸ. ਐੱਸ. ਪੀ. ਨੂੰ ਭੇਜੇ ਹਨ ਅਤੇ ਇਨ੍ਹਾਂ 8 ਲੋਕਾਂ ਨੂੰ ਮੋਹਾਲੀ ਸਥਿਤ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਵਿਚ ਭੇਜ ਕੇ ਜਾਂਚ ਵਿਚ ਸ਼ਾਮਲ ਹੋਣ ਦੇ ਆਦੇਸ਼ ਜਾਰੀ ਕੀਤੇ ਹਨ । ਉਸ ਪੱਤਰ ਦੀ ਇਕ ਕਾਪੀ ਐੱਸ. ਐੱਚ. ਓ. ਸੁਨਾਮ ਨੂੰ ਭੇਜੀ ਗਈ ਸੀ । ਜਾਣਕਾਰੀ ਮੁਤਾਬਕ ਅੱਜ ਏ. ਆਈ. ਜੀ. ਦੇ ਆਦੇਸ਼ਾਂ ਮੁਤਾਬਕ ਕੁਝ ਲੋਕ ਜ਼ਿਲਾ ਸੰਗਰੂਰ ਤੋਂ ਜਾਂਚ ਵਿਚ ਸ਼ਾਮਲ ਹੋਣ ਲਈ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਤੋਂ ਪੁੱਜੇ ਸਨ, ਜਿਨ੍ਹਾਂ ਤੋਂ ਪੁਲਸ ਨੇ ਪੁੱਛਗਿੱਛ ਕੀਤੀ ਹੈ ।  
ਸਟੇਟ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਫੇਜ਼-4 ਮੋਹਾਲੀ ਵਿਚ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ । ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । 
- ਦੀਪਕ ਸਿੰਘ ਐੱਸ. ਐੱਚ. ਓ. ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਮੋਹਾਲੀ । 


Related News