ਨਾਜਾਇਜ਼ ਕਬਜ਼ਾਕਾਰੀਆਂ ਦੇ ਖਿਲਾਫ ਮੁਹਿੰਮ ਸ਼ੁਰੂ
Wednesday, Dec 20, 2017 - 12:57 AM (IST)

ਮੋਗਾ, (ਗਰੋਵਰ, ਗੋਪੀ)- ਰੇਲਵੇ ਵਿਭਾਗ ਦੀ ਰੇਲਵੇ ਅੰਡਰਬ੍ਰਿਜ ਦੇ ਕੋਲ ਪਈ ਜਗ੍ਹਾ 'ਤੇ ਕੁਝ ਲੋਕਾਂ ਵੱਲੋਂ ਨਾਜਾਇਜ਼ ਕਬਜ਼ਾ ਕਰ ਕੇ ਉਥੇ ਆਪਣੀਆਂ ਅਸਥਾਈ ਤੌਰ 'ਤੇ ਰੇਹੜੀਆਂ-ਫੜ੍ਹੀਆਂ ਲਗਾਈਆਂ ਹੋਈਆਂ ਸਨ। ਰੇਲਵੇ ਵਿਭਾਗ ਵੱਲੋਂ ਕਈ ਵਾਰ ਰੇਲਵੇ ਪੁਲਸ ਦੀ ਸਹਾਇਤਾ ਨਾਲ ਉਕਤ ਰੇਹੜੀਆਂ ਦੇ ਚਾਲਕਾਂ ਤੋਂ ਇਲਾਵਾ ਉਥੇ ਮੌਜੂਦ ਟੈਕਸੀ ਸਟੈਂਡ ਵਾਲਿਆਂ ਦੇ ਖਿਲਾਫ ਆਪਣੀ ਮੁਹਿੰਮ ਸ਼ੁਰੂ ਕਰ ਕੇ ਕਬਜ਼ਿਆਂ ਨੂੰ ਹਟਾਇਆ ਗਿਆ ਸੀ। ਉਕਤ ਕੰਮ ਫਿਰੋਜ਼ਪੁਰ ਡਵੀਜ਼ਨ ਦੇ ਉੱਚ ਅਧਿਕਾਰੀਆਂ ਦੀ ਦੇਖ-ਰੇਖ 'ਚ ਹੋਇਆ ਸੀ ਪਰ ਇਸ ਦੇ ਬਾਵਜੂਦ ਉਕਤ ਕਬਜ਼ਾਕਾਰੀ ਆਪਣਾ ਕਬਜ਼ਾ ਦੁਬਾਰਾ ਜਮਾ ਕੇ ਬੈਠੇ ਹੋਏ ਸਨ। ਰੇਲਵੇ ਅਧਿਕਾਰੀਆਂ ਨੇ ਕਈ ਵਾਰ ਰੇਲਵੇ ਦੀ ਜਗ੍ਹਾ ਤੋਂ ਕਬਜ਼ਾ ਛੱਡਣ ਦੀ ਚਿਤਾਵਨੀ ਦਿੱਤੀ ਸੀ ਪਰ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਰਹੀ ਸੀ, ਜਿਸ 'ਤੇ ਰੇਲਵੇ ਵੱਲੋਂ ਅੱਜ ਕਬਜ਼ਾਕਾਰੀਆਂ ਦੇ ਖਿਲਾਫ ਆਪਣੀ ਮੁਹਿੰਮ ਸ਼ੁਰੂ ਕਰ
ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਸਟੇਸ਼ਨ ਸੁਪਰਡੈਂਟ ਆਰ. ਐੱਸ. ਮੀਨਾ ਨੇ ਦੱਸਿਆ ਕਿ ਰੇਲਵੇ ਦੀ ਅੰਡਰਬ੍ਰਿਜ ਦੇ ਕੋਲ ਪਈ ਜਗ੍ਹਾ 'ਤੇ ਲੋਕਾਂ ਵੱਲੋਂ ਕੀਤੇ ਗਏ ਕਬਜ਼ਿਆਂ ਨੂੰ ਲੈ ਕੇ 14 ਅਗਸਤ 2016 ਨੂੰ ਸੀਨੀਅਰ ਸੈਕਸ਼ਨ ਇੰਜੀਨੀਅਰ ਵਰਕਸ ਦੇ ਇੰਚਾਰਜ ਬੱਲੀ ਰਾਮ ਨੂੰ ਪੱਤਰ ਲਿਖਿਆ ਗਿਆ ਸੀ, ਜਿਨ੍ਹਾਂ ਨੇ ਅੱਜ ਮੋਗਾ ਆ ਕੇ ਜੇ. ਸੀ. ਬੀ. ਮਸ਼ੀਨ ਦੀ ਸਹਾਇਤਾ ਨਾਲ ਉਕਤ ਜਗ੍ਹਾ ਦੇ ਆਸ-ਪਾਸ ਚਾਰਾਂ ਪਾਸਿਆਂ ਤੋਂ ਨੀਂਹ ਪੁੱਟ ਕੇ ਪੱਕੀ ਚਾਰਦੀਵਾਰੀ ਬਣਾਉਣ ਦਾ ਕੰਮ ਆਰੰਭ ਕਰ ਦਿੱਤਾ। ਇਸ ਤਰ੍ਹਾਂ ਰੇਲਵੇ ਦੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਨਹੀਂ ਹੋਵੇਗਾ ਅਤੇ ਲੋਕਾਂ ਨੂੰ ਰਾਹਤ ਮਿਲੇਗੀ।