ਪੱਕੇ ਮੋਰਚੇ ਨੂੰ ਠੁੱਸ ਕਰਨ ਲਈ ਕਿਸਾਨ ਆਗੂਆਂ ਦੀ ਫੜੋ-ਫੜੀ ਸ਼ੁਰੂ
Tuesday, Sep 19, 2017 - 03:00 AM (IST)
ਭਵਾਨੀਗੜ੍ਹ, (ਵਿਕਾਸ, ਸੰਜੀਵ)- 7 ਕਿਸਾਨ ਜਥੇਬੰਦੀਆਂ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਵਿਖੇ ਸਥਿਤ ਨਿੱਜੀ ਰਿਹਾਇਸ਼ 'ਤੇ 22 ਤੋਂ 27 ਸਤੰਬਰ ਤੱਕ ਪੱਕੇ ਮੋਰਚੇ ਲਾਉਣ ਦੇ ਉਲੀਕੇ ਪ੍ਰੋਗਰਾਮ ਨੂੰ ਠੁੱਸ ਕਰਨ ਲਈ ਪੁਲਸ ਨੇ ਇਲਾਕੇ ਵਿਚ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਮੁਤਾਬਕ ਪੁਲਸ ਨੇ ਬੀਤੀ ਰਾਤ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਇਕਾਈ ਪ੍ਰਧਾਨ ਹਰਪਾਲ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੇ ਪਿਤਾ ਬਲਵਿੰਦਰ ਸਿੰਘ, ਹਰਵਿੰਦਰ ਨੂਰਪੁਰਾ, ਰੋਲੀ ਸਿੰਘ ਈਲਵਾਲ, ਅਮਰ ਸਿੰਘ ਬਿੱਲੂ ਅਤੇ ਡਕੌਂਦਾ ਗਰੁੱਪ ਦੇ ਸੁਖਦੇਵ ਘਰਾਚੋਂ, ਜਰਨੈਲ ਮਾਝੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਨਾਲ ਹੀ ਹੋਰ ਆਗੂਆਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਲਗਾਤਾਰ ਕਿਸਾਨ ਆਗੂਆਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਐੱਸ. ਐੱਚ. ਓ. ਭਵਾਨੀਗੜ੍ਹ ਚਰਨਜੀਵ ਲਾਂਬਾ ਨੇ ਦੱਸਿਆ ਕਿ ਪੁਲਸ ਨੇ ਹੁਣ ਤੱਕ 4 ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਸੰਦੀਪ ਵਡੇਰਾ ਡੀ.ਐੱਸ.ਪੀ. ਸੰਗਰੂਰ ਨੇ ਕਿਹਾ ਕਿ ਪੁਲਸ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਕਿਸਾਨ ਆਗੂਆਂ ਖਿਲਾਫ ਪ੍ਰੀਵੈਂਟਿਵ ਅਰੈਸਟ ਤਹਿਤ 7/51 ਦੀ ਧਾਰਾ ਹੇਠ ਮੁਕੱਦਮੇ ਦਰਜ ਕੀਤੇ ਗਏ ਹਨ।
ਓਧਰ, ਕਿਸਾਨ ਆਗੂਆਂ ਦੀ ਗ੍ਰਿਫਤਾਰੀ ਅਤੇ ਪੁਲਸ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਦਾ ਸਖਤ ਵਿਰੋਧ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਡਕੌਂਦਾ ਵੱਲੋਂ ਇਲਾਕੇ ਦੇ ਪਿੰਡਾਂ ਕਾਲਾਝਾੜ, ਘਰਾਚੋਂ ਅਤੇ ਬਲਿਆਲ ਵਿਚ ਕੈਪਟਨ ਸਰਕਾਰ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ।
ਮਾਲੇਰਕੋਟਲਾ, (ਜ਼ਹੂਰ)— ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਬਲਜਿੰਦਰਪਾਲ ਦੀ ਅਗਵਾਈ ਹੇਠ ਹਥਨ, ਭੂਦਨ, ਅਲੀਪੁਰ ਅਤੇ ਖੱਟੜਾ ਆਦਿ ਪਿੰਡਾਂ ਵਿਚ ਵੀ ਸੂਬਾ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ । ਬਲਜਿੰਦਰਪਾਲ ਸਿੰਘ ਹਥਨ ਨੇ ਕਿਹਾ ਕਿ 22 ਸਤੰਬਰ ਨੂੰ ਹਰ ਕੀਮਤ 'ਤੇ ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ, ਬਲਵੀਰ ਸਿੰਘ, ਚਰਨਜੀਤ ਸਿੰਘ (ਤਿੰਨੋਂ ਹਥਨ), ਕਰਨੈਲ ਸਿੰਘ, ਕੁਲਵਿੰਦਰ ਸਿੰਘ, ਕਮਲਜੀਤ ਸਿੰਘ (ਸਾਰੇ ਭੂਦਨ ਤੋਂ), ਦਰਸ਼ਨ ਸਿੰਘ, ਰਾਜਦੀਪ ਸਿੰਘ, ਨਿਰਮਲ ਸਿੰਘ, ਕਾਲਾ ਸਿੰਘ, ਸ਼ੇਰ ਸਿੰਘ ਤੇ ਮੇਜਰ ਸਿੰਘ ਆਦਿ ਹਾਜ਼ਰ ਸਨ ।
ਲਹਿਰਾਗਾਗਾ, (ਜਿੰਦਲ, ਗਰਗ)- ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਪਿੰਡ ਢੀਂਡਸਾ, ਚੋਟੀਆਂ ਵਿਖੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ। ਇਸ ਮੌਕੇ ਬਲਾਕ ਪ੍ਰਧਾਨ ਬਹਾਲ ਸਿੰਘ ਢੀਂਡਸਾ ਨੇ ਕਿਹਾ ਕਿ 7 ਕਿਸਾਨ ਜਥੇਬੰਦੀਆਂ ਵੱਲੋਂ ਮੋਤੀ ਮਹਿਲ ਪਟਿਆਲਾ ਵਿਖੇ ਕਿਸਾਨ ਵੱਲੋਂ ਸ਼ਾਂਤਮਈ ਤਰੀਕੇ ਨਾਲ ਲਾਏ ਜਾ ਰਹੇ 5 ਦਿਨਾ ਦੇ ਪੱਕੇ ਮੋਰਚੇ ਬਾਰੇ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਪਿੰਡਾਂ ਵਿਚ ਮੀਟਿੰਗਾਂ, ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਸਰਕਾਰ ਬੁਖਲਾਹਟ ਵਿਚ ਆ ਕੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਲੱਗੀ ਹੈ, ਜਿਸ ਦੇ ਰੋਸ ਵੱਜੋਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਰਕਾਰ ਦੀਆਂ ਅਰਥੀਆਂ ਫੂਕ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਮੌਕੇ ਬਹਾਦਰ ਸਿੰਘ ਭੁਟਾਲ, ਰਾਮ ਸਿੰਘ ਢੀਂਡਸਾ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ ।
ਸੰਗਰੂਰ, (ਬੇਦੀ)- ਇਥੇ ਵੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬਾ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਹਰੇ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਇਕ ਪਾਸੇ ਸੂਬਾ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਤੋਂ ਭੱਜ ਰਹੀ ਹੈ ਅਤੇ ਦੂਜੇ ਪਾਸੇ ਆਪਣੀਆਂ ਯੋਗ ਮੰਗਾਂ ਨੂੰ ਪੂਰਾ ਕਰਵਾਉਣ ਲਈ ਕੀਤੇ ਜਾਣ ਵਾਲੇ ਸੰਘਰਸ਼ ਵਿਚ ਵੀ ਅੜਿੱਕੇ ਪੈਦਾ ਕਰ ਰਹੀ ਹੈ।
ਸ਼ੇਰਪੁਰ, (ਅਨੀਸ਼)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿੰਡ ਟਿੱਬਾ ਵਿਖੇ ਵੀ ਪੰਜਾਬ ਸਰਕਾਰ ਦੀ ਅਰਥੀ ਫੂਕੀ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਦੇ ਆਗੂ ਹਰਬੰਸ ਸਿੰਘ ਟਿੱਬਾ ਨੇ ਕਿਹਾ ਕਿ ਸਰਕਾਰ ਰੋਕਾਂ ਦੇ ਬਾਵਜੂਦ ਕਿਸਾਨਾਂ ਨੂੰ ਰੋਕ ਨਹੀਂ ਸਕੇਗੀ।
ਇਸ ਮੌਕੇ ਗੁਰਦੇਵ ਸਿੰਘ, ਬੂਟਾ ਸਿੰਘ ਗੰਡੇਵਾਲ, ਹਰਦਿਆਲ ਸਿੰਘ, ਰਣਜੀਤ ਸਿੰਘ, ਗੁਰਮੇਲ ਸਿੰਘ, ਨਿਰਮਲ ਸਿੰਘ, ਸ਼ਿੰਦਰਪਾਲ ਸਿੰਘ, ਪ੍ਰੀਤਮ ਸਿੰਘ, ਸੁਰਿੰਦਰ ਸਿੰਘ, ਬਲਵੀਰ ਸਿੰਘ, ਭੋਲਾ ਸਿੰਘ, ਜਗਦੇਵ ਸਿੰਘ, ਪਾਲ ਸਿੰਘ, ਗੁਰਦੀਪ ਸਿੰਘ ਤੇ ਸ਼ੇਰ ਸਿੰਘ ਆਦਿ ਆਗੂ ਮੌਜੂਦ ਸਨ।
ਧੂਰੀ, (ਸ਼ਰਮਾ)- ਪਿੰਡ ਪੇਧਨੀ ਕਲਾਂ, ਲੱਡਾ ਅਤੇ ਜਹਾਂਗੀਰ ਵਿਖੇ ਵੀ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ ਅਤੇ ਕੈਪਟਨ ਅਤੇ ਮੋਦੀ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਸ਼ਿਆਮ ਦਾਸ ਕਾਂਝਲੀ ਅਤੇ ਜਨਰਲ ਸੈਕਟਰੀ ਹਰਬੰਸ ਸਿੰਘ ਲੱਡਾ ਨੇ ਕਿਹਾ ਕਿ 22 ਸਤੰਬਰ ਨੂੰ ਪਟਿਆਲਾ ਦੇ ਧਰਨੇ ਨੂੰ ਸਫਲ ਬਣਾਉਣ ਲਈ ਪਿੰਡਾਂ ਵਿਚ ਮਸ਼ਾਲ ਮਾਰਚ, ਝੰਡਾ ਮਾਰਚ ਕੀਤੇ ਜਾ ਰਹੇ ਹਨ। ਦੂਜੇ ਪਾਸੇ ਪੁਲਸ ਕਿਸਾਨ ਆਗੂਆਂ ਦੇ ਘਰਾਂ ਵਿਚ ਛਾਪੇਮਾਰੀ ਕਰ ਕੇ ਦਹਿਸ਼ਤ ਦਾ ਮਾਹੌਲ ਬਣਾ ਰਹੀ ਹੈ।
ਇਸ ਮੌਕੇ ਮਹਿੰਦਰ ਸਿੰਘ ਪੇਧਨੀ ਕਲਾਂ, ਇਕਾਈ ਪ੍ਰਧਾਨ ਗੁਰਦੇਵ ਸਿੰਘ ਲੱਡਾ, ਸੁਰਜੀਤ ਸਿੰਘ ਲੱਡਾ, ਗੁਰਜੰਟ ਸਿੰਘ ਪੇਧਨੀ ਕਲਾਂ, ਜਗਪਾਲ ਸਿੰਘ, ਦਰਸ਼ਨ ਸਿੰਘ, ਲਾਭ ਕੌਰ, ਜਰਨੈਲ ਕੌਰ ਤੇ ਰਣਜੀਤ ਕੌਰ ਨੇ ਵੀ ਸ਼ਿਰਕਤ ਕੀਤੀ।
