ਪੰਜਾਬੀ ਫ਼ਿਲਮ 'ਭੂਤ ਅੰਕਲ ਤੁਸੀਂ ਗ੍ਰੇਟ ਹੋ' ਦੀ ਸਟਾਰਕਾਸਟ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

Thursday, Aug 25, 2022 - 12:38 AM (IST)

ਪੰਜਾਬੀ ਫ਼ਿਲਮ 'ਭੂਤ ਅੰਕਲ ਤੁਸੀਂ ਗ੍ਰੇਟ ਹੋ' ਦੀ ਸਟਾਰਕਾਸਟ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

ਅੰਮ੍ਰਿਤਸਰ (ਸਰਬਜੀਤ, ਮਿੱਤਲ) : ਬਾਲੀਵੁੱਡ ਦੇ ਨਿਰਮਾਤਾ, ਨਿਰਦੇਸ਼ਕ ਕੇ.ਸੀ. ਬੁਕਾੜੀਆ ਵੱਲੋਂ ਪਹਿਲੀ ਵਾਰ ਬਣਾਈ ਜਾ ਰਹੀ ਹਾਰਰ ਕਾਮੇਡੀ ਪੰਜਾਬੀ ਫ਼ਿਲਮ 'ਭੂਤ ਅੰਕਲ ਤੁਸੀਂ ਗ੍ਰੇਟ ਹੋ' ਦੀ ਸਟਾਰਕਾਸਟ ਨੇ ਬੁੱਧਵਾਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ। ਇਸ ਦੌਰਾਨ ਫ਼ਿਲਮ ਦੀ ਸਟਾਰਕਾਸਟ ਨੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ, ਉੱਥੇ ਹੀ ਉਨ੍ਹਾਂ ਨੇ ਫ਼ਿਲਮ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ। ਫ਼ਿਲਮ ਦੀ ਸਟਾਰਕਾਸਟ 'ਚ ਅਭਿਨੇਤਾ ਰਾਜ ਬੱਬਰ, ਅਭਿਨੇਤਰੀ ਜਯਾ ਪ੍ਰਦਾ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਕਰਮਜੀਤ ਅਨਮੋਲ ਤੇ ਹਰਪ੍ਰੀਤ ਬਹਿਣੀਵਾਲ ਮੌਜੂਦ ਸਨ।

ਇਸ ਮੌਕੇ ਗੱਲਬਾਤ ਕਰਦਿਆਂ ਹਿੰਦੀ ਤੇ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਰਾਜ ਬੱਬਰ, ਜਯਾ ਪ੍ਰਦਾ ਅਤੇ ਈਆਨਾ ਢਿੱਲੋਂ ਨੇ ਦੱਸਿਆ ਕਿ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਫ਼ਿਲਮ ਦੀ ਤਰੱਕੀ ਵਾਸਤੇ ਅਰਦਾਸ ਕਰਨ ਪਹੁੰਚੇ ਹਾਂ ਅਤੇ ਫ਼ਿਲਮ 'ਚ ਪੂਰੀ ਟੀਮ ਵੱਲੋਂ ਬਹੁਤ ਹੀ ਮਿਹਨਤ ਕੀਤੀ ਗਈ ਹੈ। ਦਰਸ਼ਕ ਇਸ ਕਾਮੇਡੀ ਫ਼ਿਲਮ ਨੂੰ ਪੂਰੇ ਪਰਿਵਾਰ ਦੇ ਨਾਲ ਬੈਠ ਕੇ ਵੇਖਣ ਅਤੇ ਫ਼ਿਲਮ ਦਾ ਆਨੰਦ ਮਾਣਨ। ਇਸ ਫ਼ਿਲਮ ਵਿੱਚ ਈਆਨਾ ਢਿੱਲੋਂ ਵੱਲੋਂ ਭੂਤ ਦਾ ਰੋਲ ਕੀਤਾ ਗਿਆ ਹੈ। ਹਾਰਰ ਅਤੇ ਕਾਮੇਡੀ ਨਾਲ ਭਰਪੂਰ ਇਹ ਫ਼ਿਲਮ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ।

ਰਾਜ ਬੱਬਰ ਤੇ ਜਯਾ ਪ੍ਰਦਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੀ ਫ਼ਿਲਮ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ। ਇਹ ਹੋਰ ਵੀ ਖੁਸ਼ੀ ਵਾਲੀ ਖ਼ਬਰ ਹੈ ਕਿ ਬਾਲੀਵੁੱਡ ਦੇ ਨਿਰਮਾਤਾ, ਨਿਰਦੇਸ਼ਕਾਂ ਨੇ ਵੱਡੇ ਬੈਨਰ ਦੀਆਂ ਫ਼ਿਲਮਾਂ ਬਣਾਉਣ ਲਈ ਪੰਜਾਬ ਨੂੰ ਚੁਣਿਆ ਹੈ, ਜਿਸ ਨਾਲ ਪੰਜਾਬੀ ਭਾਸ਼ਾ ਹੋਰ ਪ੍ਰਫੁਲਿੱਤ ਹੋਵੇਗੀ। ਫ਼ਿਲਮ ਵਿੱਚ ਇਕ ਝਲਕ ਵਜੋਂ ਨਜ਼ਰ ਆਉਣ ਵਾਲੇ ਨੌਜਵਾਨ ਅਤੇ ਸਮਾਜ ਸੇਵਾ 'ਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਕਿਹਾ ਕਿ ਪੰਜਾਬ ਅੰਦਰ ਕਲਾਕਾਰ, ਸੋਹਣਾ ਲਿਖਣ ਵਾਲੇ ਸਾਹਿਤਕਾਰ ਅਤੇ ਚੰਗੀ ਅਦਾਕਾਰੀ ਰੱਖਣ ਵਾਲੇ ਕਲਾਕਾਰ ਮੌਜੂਦ ਹਨ।

ਹੁਣ ਜਦੋਂ ਬਾਲੀਵੁੱਡ ਪੰਜਾਬ ਵੱਲ ਵਧ ਰਿਹਾ ਹੈ ਤਾਂ ਉਹ ਵੀ ਅਜਿਹੇ ਅਨੇਕਾਂ ਅਦਾਕਾਰਾਂ ਨੂੰ ਅਜਿਹੀਆਂ ਫ਼ਿਲਮਾਂ ਦਾ ਹਿੱਸਾ ਬਣਾਉਣ ਲਈ ਆਪਣੇ ਵੱਲੋਂ ਪ੍ਰਮੋਟ ਕਰਨਗੇ। ਉਨ੍ਹਾਂ ਕਿਹਾ ਕਿ ਅਭਿਨੇਤਾ ਰਾਜ ਬੱਬਰ ਅਤੇ ਜਯਾ ਪ੍ਰਦਾ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਪ੍ਰਮਾਤਮਾ ਅੱਗੇ ਪੰਜਾਬੀਆਂ ਦੀ ਤਰੱਕੀ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ ਹੈ।

 

 

 


author

Mukesh

Content Editor

Related News