ਕਾਂਗਰਸ ਨੂੰ ਵੱਡਾ ਝਟਕਾ, SSS ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਸਰਕਾਰੀ ਅਹੁਦੇ ਤੇ ਪਾਰਟੀ ’ਚੋਂ ਦਿੱਤਾ ਅਸਤੀਫ਼ਾ

Monday, Nov 08, 2021 - 08:53 PM (IST)

ਕਾਂਗਰਸ ਨੂੰ ਵੱਡਾ ਝਟਕਾ, SSS ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਸਰਕਾਰੀ ਅਹੁਦੇ ਤੇ ਪਾਰਟੀ ’ਚੋਂ ਦਿੱਤਾ ਅਸਤੀਫ਼ਾ

ਗੁਰਦਾਸਪੁਰ (ਜੀਤ ਮਠਾਰੂ)-ਪਿਛਲੇ ਤਕਰੀਬਨ 100 ਸਾਲਾਂ ਤੋਂ ਗੁਰਦਾਸਪੁਰ ਸ਼ਹਿਰ ਤੇ ਇਸ ਸਰਹੱਦੀ ਜ਼ਿਲ੍ਹੇ ਦੀ ਸੇਵਾ ਕਰਦੇ ਆ ਰਹੇ ਬਹਿਲ ਪਰਿਵਾਰ ਨੇ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ, ਜਿਸ ਤਹਿਤ ਅੱਜ ਇਸ ਪਰਿਵਾਰ ਨਾਲ ਸਬੰਧਿਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲਕੈਸ਼ਨ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਆਪਣੇ ਇਸ ਵੱਕਾਰੀ ਅਹੁਦੇ ਤੋਂ ਮੁਕਤ ਹੋਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਸਤੀਫ਼ਾ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਰਮਨ ਬਹਿਲ ਨੇ ਕਾਂਗਰਸੀ ਪਾਰਟੀ ਨਾਲੋਂ ਨਾਤਾ ਤੋੜਦਿਆਂ ਕਾਂਗਰਸ ਪ੍ਰਧਾਨ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਅਸਤੀਫ਼ੇ ਭੇਜਣ ਤੋਂ ਬਾਅਦ ਰਮਨ ਬਹਿਲ ਕੱਲ 9 ਨਵੰਬਰ ਨੂੰ ਦੁਪਹਿਰ 12 ਵਜੇ ਆਪਣੇ ਪਰਿਵਾਰ ਤੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣਗੇ, ਜਿਸ ਲਈ ਉਨ੍ਹਾਂ ਨੇ ਬਕਾਇਦਾ ਇਕ ਸਮਾਗਮ ਦਾ ਆਯੋਜਨ ਕੀਤਾ ਹੈ। ਰਮਨ ਬਹਿਲ ਦੇ ਕਾਂਗਰਸ ਛੱਡਣ ਸਬੰਧੀ ਚਰਚਾਵਾਂ ਦਾ ਦੌਰ ਕਈ ਮਹੀਨਿਆਂ ਤੋਂ ਗਰਮ ਸੀ ਕਿਉਂਕਿ ਰਮਨ ਬਹਿਲ ਤੇ ਗੁਰਦਾਸਪੁਰ ਦੇ ਮੌਜੂਦਾ ਵਿਧਾਇਕ ਦਰਮਿਆਨ ਸਬੰਧ ਸੁਖਾਵੇਂ ਨਹੀਂ ਸਨ। ਰਮਨ ਬਹਿਲ ਅਤੇ ਉਨਾਂ ਦੇ ਸਮਰਥਕ ਹਮੇਸ਼ਾ ਇਸ ਗੱਲ ਨੂੰ ਲੈ ਕੇ ਨਿਰਾਸ਼ ਸਨ ਕਿ ਉਨ੍ਹਾਂ ਦੇ ਪਰਿਵਾਰ ਦੀ ਲੰਮੀ ਸੇਵਾ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਕਾਰਨ ਰਮਨ ਬਹਿਲ ਨੇ ਅੱਜ ਰਸਮੀ ਤੌਰ ’ਤੇ ਪਾਰਟੀ ਅਤੇ ਸਰਕਾਰੀ ਅਹੁਦਾ ਛੱਡਣ ਲਈ ਬਕਾਇਦਾ ਐਲਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ DAP ਖਾਦ ਦੀ ਘਾਟ ਨੂੰ ਲੈ ਕੇ ਚੰਨੀ ਸਰਕਾਰ ’ਤੇ ਵਰ੍ਹੇ ਸੁਖਬੀਰ ਬਾਦਲ, ਯਾਦ ਕਰਾਏ ਬਾਦਲ ਸਰਕਾਰ ਦੇ ਦਿਨ

ਗੁਰਦਾਸਪੁਰ ’ਚ ਬਦਲਣਗੇ ਸਿਆਸੀ ਸਮੀਕਰਨ
ਰਮਨ ਬਹਿਲ ਦੇ ਕਾਂਗਰਸ ਪਾਰਟੀ ਛੱਡਣ ਨਾਲ ਗੁਰਦਾਸਪੁਰ ਅੰਦਰ ਸਿਆਸੀ ਸਮੀਕਰਨਾਂ ’ਚ ਵੱਡੀ ਤਬਦੀਲੀ ਆ ਸਕਦੀ ਹੈ। ਰਮਨ ਬਹਿਲ ਜਿਥੇ ਖੁਦ ਦੋ ਵਾਰ ਨਗਰ ਕੌਂਸਲ ਗੁਰਦਾਸਪਰੁ ਦੇ ਪ੍ਰਧਾਨ ਵਜੋਂ ਸੇਵਾ ਕਰ ਚੁੱਕੇ ਹਨ, ਉਥੇ ਉਨ੍ਹਾਂ ਦੇ ਪਿਤਾ ਸਵ. ਖੁਸ਼ਹਾਲ ਬਹਿਲ 4 ਵਾਰ ਵਿਧਾਇਕ ਰਹਿਣ ਦੇ ਨਾਲ-ਨਾਲ ਗਿਆਨੀ ਜ਼ੈਲ ਸਿੰਘ, ਹਰਚਰਨ ਸਿੰਘ ਬਰਾੜ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਤਿੰਨ ਵਾਰ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਰਮਨ ਬਹਿਲ ਇਕ ਵਕੀਲ ਵੀ ਹਨ ਅਤੇ ਉਹ ਪੰਜਾਬ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਵਜੋਂ ਵੀ ਕੰਮ ਕਰ ਚੁੱਕੇ ਹਨ। ਰਮਨ ਬਹਿਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਸਨ। ਰਮਨ ਬਹਿਲ ਦੇ ਦਾਦਾ ਸਵ. ਗੋਪਾਲ ਦਾਸ ਬਹਿਲ ਨੇ 1922 ’ਚ ਲਾਲਾ ਲਾਜਪਤ ਰਾਏ ਦੀ ਗੁਰਦਾਸਪੁਰ ਫੇਰੀ ਮੌਕੇ ਅੰਗਰੇਜ਼ੀ ਤੇ ਫੈਂਸੀ ਪਹਿਰਾਵੇ ਨੂੰ ਤਿਆਗ ਕੇ ਖੱਦਰ ਪਾਉਣਾ ਸ਼ੁਰੂ ਕੀਤਾ ਸੀ ਅਤੇ ਉਸ ਦਿਨ ਤੋਂ ਹੀ ਬਹਿਲ ਪਰਿਵਾਰ ਨੇ ਆਜ਼ਾਦੀ ਸੰਗਰਾਮ ’ਚ ਯੋਗਦਾਨ ਪਾਉਣ ਦੇ ਨਾਲ-ਨਾਲ ਸਮਾਜ ਸੇਵਾ ਕਰਨੀ ਸ਼ੁਰੂ ਕੀਤੀ। ਲੰਮਾ ਅਰਸਾ ਲੋਕ ਸੇਵਾ ਕਰਨ ਦੇ ਨਾਲ ਨਾਲ ਇਹ ਪਰਿਵਾਰ ਕਾਂਗਰਸ ਪਾਰਟੀ ਨਾਲ ਜੁੜਿਆ ਰਿਹਾ। ਰਮਨ ਬਹਿਲ ਦੇ ਆਮ ਆਦਮੀ ਪਾਰਟੀ  ਵਿਚ ਸ਼ਾਮਿਲ ਹੋ੍ਣ ਨਾਲ ਹੁਣ ਗੁਰਦਾਸਪੁਰ 
ਹਲਕੇ ਅੰਦਰ ਚੋਣ ਮੁਕਾਬਲੇ ਹੋਰ ਵੀ ਰੌਚਕ ਹੋ ਸਕਦੇ ਹਨ। 

ਕਿਉਂ ਛੱਡੀ ਕਾਂਗਰਸ?
ਰਮਨ ਬਹਿਲ ਨੇ ਕਿਹਾ ਕਿ ਹੁਣ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਅਤੇ ਕਾਂਗਰਸ ਦੀ ਸਿਆਸਤ ਲੋਕਪੱਖੀ ਨਹੀਂ ਰਹੀ। ਅੱਜ ਕਾਂਗਰਸ ਪਾਰਟੀ ਤੇ ਸਰਕਾਰ ਵਿਚ ਬਾਹੂਬਲੀਆਂ ਅਤੇ ਪੈਸੇ ਦਾ ਬੋਲਬਾਲਾ ਹੈ। ਇਥੇ ਜਮਹੂਰੀਅਤ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਆਮ ਲੋਕਾਂ ਦੇ ਨਾਲ-ਨਾਲ ਕਾਂਗਰਸ ਦੇ ਵਰਕਰ ਵੀ ਮਾਯੂਸੀ ਦੇ ਆਲਮ ’ਚੋਂ ਗੁਜ਼ਰ ਰਹੇ ਹਨ। ਇਖ਼ਲਾਕੀ ਕਦਰਾਂ- ਕੀਮਤਾਂ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀਆਂ ਹਨ, ਜਿਸ ਕਾਰਨ ਉਨ੍ਹਾਂ ਨੇ ਨਿਰਾਸ਼ ਹੋ ਕੇ ਦੁਖੀ ਮਨ ਨਾਲ ਕਾਂਗਰਸ ਛੱਡਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਵੱਡੇ ਬਦਲਾਅ ਦਾ ਗਵਾਹ ਬਣੇਗਾ।
 


author

Manoj

Content Editor

Related News