ਗੈਂਗਸਟਰਾਂ ਨਾਲ ਖ਼ੁਦ ਨਿਪਟਣ ਵਾਲੇ ਐੱਸ. ਐੱਸ. ਪੀ. ਚਾਹਲ ਮੁੜ ਮੋਹਾਲੀ ''ਚ

07/18/2019 11:27:25 PM

ਮੋਹਾਲੀ (ਕੁਲਦੀਪ)-'ਸਰੀਰ ਉੱਤੇ ਖਾਕੀ ਵਰਦੀ ਦਾ ਰੋਹਬ ਪਰ ਅੰਦਰੋਂ ਦਿਲ ਨਸ਼ਿਆਂ ਤੋਂ ਬਚਾਉਣ ਲਈ ਨੌਜਵਾਨਾਂ ਨੂੰ ਸਿਹਤਮੰਦ ਸਰੀਰ ਪ੍ਰਤੀ ਉਤਸ਼ਾਹਿਤ ਕਰਨ ਲਈ ਧੜਕਦਾ ਹੈ ਪੁਲਸ ਦੇ ਆਈ. ਪੀ. ਐੱਸ. ਅਫ਼ਸਰ ਕੁਲਦੀਪ ਸਿੰਘ ਚਾਹਲ ਦਾ। ਚਾਹਲ ਸਹੀ ਮਾਇਨਿਆਂ ਵਿਚ ਨੌਜਵਾਨਾਂ ਪ੍ਰਤੀ ਚਿੰਤਤ ਰਹਿੰਦੇ ਹਨ ਅਤੇ ਉਹ ਨੌਜਵਾਨਾਂ ਲਈ ਪ੍ਰੇਰਣਾਸ੍ਰੋਤ ਹਨ। ਅਜਿਹੇ ਹੀ ਕਾਰਣ ਹਨ ਕਿ ਉਨ੍ਹਾਂ ਆਪਣੇ ਜੱਦੀ ਪਿੰਡ ਉਝਾਣਾ (ਹਰਿਆਣਾ) ਵਿਖੇ ਆਪਣੀ 'ਪਰਿਆਸ' ਟੀਮ ਦੇ ਸਹਿਯੋਗ ਨਾਲ ਮਹਿਲਾ ਖਿਡਾਰੀਆਂ ਸਮੇਤ ਕੁੱਲ 500 ਖਿਡਾਰੀਆਂ ਦੀ ਸਮਰੱਥਾ ਵਾਲਾ ਖੇਡ ਭਵਨ ਤਿਆਰ ਕਰਵਾਇਆ, ਜਿਸ ਦਾ ਉਦਘਾਟਨ ਕਿਸੇ ਮੰਤਰੀ-ਸੰਤਰੀ ਤੋਂ ਨਹੀਂ ਬਲਕਿ ਖ਼ੁਦ ਆਪਣੇ ਮਾਤਾ-ਪਿਤਾ ਤੋਂ 6 ਅਗਸਤ 2017 ਨੂੰ ਕਰਵਾਇਆ। ਆਪਣੇ ਭਤੀਜੇ ਮਨਜੀਤ ਚਾਹਲ ਵੱਲੋਂ ਏਸ਼ੀਅਨ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਦੀ ਖੁਸ਼ੀ ਨੂੰ ਇਲੈਕਟ੍ਰੋਨਿਕ, ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਉਤੇ ਇੰਨਾ ਜ਼ਿਆਦਾ ਸ਼ੇਅਰ ਕੀਤਾ ਤਾਕਿ ਹੋਰਨਾਂ ਨੌਜਵਾਨਾਂ ਵਿਚ ਵੀ ਖੇਡਾਂ ਵਿਚ ਹਿੱਸਾ ਲੈਣ ਲਈ ਇੱਛਾ ਪੈਦਾ ਹੋਵੇ। 'ਨਰੋਏ ਸਰੀਰ ਵਿਚ ਨਰੋਏ ਮਨ ਦਾ ਵਿਕਾਸ ਹੁੰਦਾ ਹੈ' ਅਤੇ 'ਸਿਹਤ ਹੀ ਪੂੰਜੀ ਹੈ' ਨੂੰ ਆਪਣੇ ਜੀਵਨ ਵਿਚ ਢਾਲ ਕੇ ਉਹ ਸਿਹਤ ਪ੍ਰਤੀ ਪੂਰੇ ਫਿਕਰਮੰਦ ਰਹਿੰਦੇ ਹਨ। ਇਸੇ ਦੇ ਮੱਦੇਨਜ਼ਰ ਸੋਸ਼ਲ ਮੀਡੀਆ 'ਤੇ ਆਪਣੀਆਂ ਜਿੰਮ ਵਿਚ ਕਸਰਤ ਕਰਨ ਦੀਆਂ ਲਾਈਵ ਵੀਡੀਓਜ਼ ਅਪਲੋਡ ਕਰ ਕੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਹਨ।

ਏ. ਐੱਸ. ਆਈ. ਤੋਂ ਬਣੇ ਆਈ. ਪੀ. ਐੱਸ.
ਹਰਿਆਣਾ ਦੇ ਜ਼ਿਲਾ ਜੀਂਦ ਦੇ ਪਿੰਡ ਉਝਾਣਾ ਦੇ ਵਸਨੀਕ ਕੁਲਦੀਪ ਸਿੰਘ ਚਾਹਲ ਚੰਡੀਗੜ੍ਹ ਪੁਲਸ ਵਿਚ ਏ. ਐੱਸ. ਆਈ. ਵਜੋਂ ਭਰਤੀ ਹੋਏ ਸਨ ਅਤੇ ਫਿਰ ਸਬ-ਇੰਸਪੈਕਟਰ ਅਤੇ ਸਖ਼ਤ ਮਿਹਨਤ ਸਦਕਾ 2009 ਵਿਚ ਸਿੱਧੇ ਆਈ. ਪੀ. ਐੱਸ. ਬਣੇ ਅਤੇ ਉਨ੍ਹਾਂ ਨੂੰ ਪੰਜਾਬ ਵਿਚ ਤਾਇਨਾਤ ਕਰ ਦਿੱਤਾ ਗਿਆ। ਉਨ੍ਹਾਂ ਬਠਿੰਡਾ ਵਿਖੇ ਏ. ਐੱਸ. ਪੀ. ਵਜੋਂ ਅਤੇ ਸ੍ਰੀ ਮੁਕਤਸਰ ਦੇ ਐੱਸ. ਐੱਸ. ਪੀ. ਵਜੋਂ ਵੀ ਸੇਵਾ ਬਾਖੂਬੀ ਨਿਭਾਈ ਚਾਹਲ ਨੇ 2016 ਵਿਚ ਮੋਹਾਲੀ ਦੇ ਐੱਸ. ਐੱਸ. ਪੀ. ਵਜੋਂ ਕਮਾਨ ਸੰਭਾਲੀ ਸੀ ਅਤੇ ਇਸੇ ਸਾਲ ਫਰਵਰੀ ਮਹੀਨੇ ਵਿਚ ਪੰਜਾਬ ਸਰਕਾਰ ਵਲੋਂ ਉਨ੍ਹਾਂ ਦਾ ਤਬਾਦਲਾ ਜ਼ਿਲਾ ਤਰਨਤਾਰਨ ਦੇ ਐੱਸ. ਐੱਸ. ਪੀ. ਵਜੋਂ ਕਰ ਦਿੱਤਾ ਗਿਆ ਸੀ। ਪੰਜ ਮਹੀਨੇ ਤਰਨਤਾਰਨ ਵਿਖੇ ਸੇਵਾ ਨਿਭਾਉਣ ਉਪਰੰਤ ਉਨ੍ਹਾਂ ਦਾ ਤਬਾਦਲਾ ਹੁਣ ਮੁੜ ਐੱਸ. ਐੱਸ. ਪੀ. ਮੋਹਾਲੀ ਵਜੋਂ ਕਰ ਦਿੱਤਾ ਗਿਆ ਹੈ।

ਆਈ. ਪੀ. ਐੱਸ. ਅਫ਼ਸਰ ਚਾਹਲ ਪੰਜਾਬ ਵਿਚ ਬੀਤੇ ਸਮੇਂ ਦੌਰਾਨ ਵੱਡੇ ਪੱਧਰ 'ਤੇ ਫੈਲੇ ਗੈਂਗਵਾਦ ਨੂੰ ਖ਼ਤਮ ਕਰਨ ਵਿਚ ਪੂਰਾ ਯੋਗਦਾਨ ਪਾਉਂਦੇ ਰਹੇ ਹਨ ਅਤੇ ਕਈ ਖ਼ਤਰਨਾਕ ਗੈਂਗਸਟਰਾਂ ਨਾਲ ਆਪਣੀ ਜਾਨ 'ਤੇ ਖੇਡ ਕੇ ਖ਼ੁਦ ਨਿਪਟਦੇ ਰਹੇ ਹਨ। ਬੀਤੇ ਸਮੇਂ ਵਿਚ ਉਨ੍ਹਾਂ ਨੂੰ ਗੈਂਗਸਟਰਾਂ ਤੋਂ ਮਿਲਦੀਆਂ ਰਹੀਆਂ ਧਮਕੀਆਂ ਕਾਰਣ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਬਾਕਾਇਦਾ ਬੁਲੇਟ ਪਰੂਫ਼ ਗੱਡੀ ਵੀ ਮੁਹੱਈਆ ਕਰਵਾਈ ਹੋਈ ਹੈ। ਗੈਂਗਵਾਦ ਨੂੰ ਖ਼ਤਮ ਕਰਨ ਲਈ ਉਹ ਆਮ ਲੋਕਾਂ ਨੂੰ ਨਸੀਹਤ ਦਿੰਦੇ ਹਨ ਕਿ ਇਨ੍ਹਾਂ ਨੂੰ 'ਗੈਂਗਸਟਰ' ਕਹਿ ਕੇ ਉਤਸ਼ਾਹਿਤ ਨਾ ਕਰੋ ਬਲਕਿ ਇਨ੍ਹਾਂ ਲਈ 'ਬਦਮਾਸ਼' ਸ਼ਬਦ ਦੀ ਵਰਤੋਂ ਕਰੋ।

ਪੁਲਸ ਅਫ਼ਸਰ ਵਜੋਂ ਡਿਊਟੀ ਨੂੰ ਬਾਖੂਬੀ ਨਿਭਾਉਂਦੇ ਨੇ ਚਾਹਲ
ਸਮਾਜ ਸੇਵਾ, ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਆਈ. ਪੀ. ਐੱਸ. ਕੁਲਦੀਪ ਸਿੰਘ ਚਾਹਲ ਇਕ ਪੁਲਸ ਅਫ਼ਸਰ ਵਜੋਂ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਉਂਦੇ ਹਨ। ਇਸ ਤੋਂ ਪਹਿਲਾਂ ਮੋਹਾਲੀ ਵਿਖੇ ਆਪਣੀ ਪਿਛਲੀ ਤਾਇਨਾਤੀ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਦੇ ਖ਼ਤਰਨਾਕ ਮੈਂਬਰ ਅੰਕਿਤ ਭਾਦੂ ਨਾਲ ਹੋਏ ਪੁਲਸ ਮੁਕਾਬਲੇ ਮੌਕੇ ਵੀ ਐੱਸ. ਐੱਸ. ਪੀ. ਚਹਿਲ ਖ਼ੁਦ ਮੌਕੇ 'ਤੇ ਗਏ ਅਤੇ ਪੁਲਸ ਪਾਰਟੀ ਨਾਲ ਮਿਲ ਕੇ ਖ਼ੁਦ ਆਪ੍ਰੇਸ਼ਨ ਦੀ ਮਾਨੀਟਰਿੰਗ ਕੀਤੀ ਅਤੇ ਇਸ ਆਪ੍ਰੇਸ਼ਨ ਦੌਰਾਨ ਜ਼ਖ਼ਮੀ ਹੋਏ ਲੋਕਾਂ ਨੂੰ ਉਨ੍ਹਾਂ ਖ਼ੁਦ ਹਸਪਤਾਲ ਵਿਚ ਭਰਤੀ ਕਰਵਾਇਆ। ਫੇਜ਼-3 ਵਿਖੇ ਪੱਤਰਕਾਰ ਕੇ. ਜੇ. ਸਿੰਘ ਕਤਲ ਕੇਸ ਵਰਗੇ ਅੰਨ੍ਹੇ ਕੇਸਾਂ ਨੂੰ ਹੱਲ ਕਰਵਾਇਆ। ਜੁਲਾਈ 2018 ਵਿਚ ਮੋਹਾਲੀ ਦੇ ਪਿੰਡ ਸਨੇਟਾ ਤੋਂ ਇਕ ਵਰਨਾ ਕਾਰ ਵਿਚ ਭੱਜ ਕੇ ਨੈਣਾ ਦੇਵੀ (ਹਿਮਾਚਲ ਪ੍ਰਦੇਸ਼) ਵੱਲ ਭੱਜੇ ਗੈਂਗਸਟਰਾਂ ਦਾ ਖ਼ੁਦ ਆਪਣੀ ਪੁਲਸ ਪਾਰਟੀ ਨਾਲ ਪਿੱਛਾ ਕਰ ਕੇ ਮੁਕਾਬਲਾ ਕੀਤਾ, ਜਿਨ੍ਹਾਂ ਵਿਚੋਂ ਇਕ ਮੁਲਜ਼ਮ ਦੀ ਮੌਕੇ 'ਤੇ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਅਤੇ ਦੋ ਮੁਲਜ਼ਮਾਂ ਨੂੰ ਦਬੋਚ ਲਿਆ ਗਿਆ ਸੀ। ਪੰਜਾਬੀ ਗਾਇਕ ਪਰਮੀਸ਼ ਵਰਮਾ ਵੀ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਵਲੋਂ ਕੀਤੇ ਕਾਤਿਲਾਨਾ ਹਮਲੇ ਵਿਚ ਇਸੇ ਲਈ ਬਚ ਗਿਆ ਕਿਉਂਕਿ ਉਸ ਨੇ ਸਿੱਧਾ ਫੋਨ ਕੁਲਦੀਪ ਸਿੰਘ ਚਾਹਲ ਨੂੰ ਲਾਇਆ ਅਤੇ ਉਨ੍ਹਾਂ ਵਲੋਂ ਫੋਨ 'ਤੇ ਦਿੱਤੇ ਨਿਰਦੇਸ਼ਾਂ ਕਾਰਣ ਪਰਮੀਸ਼ ਮੌਤ ਦੇ ਮੂੰਹ ਜਾਣੋਂ ਬਚ ਗਿਆ ਸੀ।

ਭਰਿਆ ਹੈ ਦੇਸ਼ ਭਗਤੀ ਦਾ ਜਜ਼ਬਾ
ਦੇਸ਼ ਭਗਤੀ ਦਾ ਜਜ਼ਬਾ ਕੁਲਦੀਪ ਸਿੰਘ ਚਾਹਲ ਵਿਚ ਖੂਬ ਭਰਿਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਭਾਰਤ ਮਾਤਾ ਦੇ ਚਰਨਾਂ ਵਿਚ ਬੈਠ ਕੇ ਖਿਚਵਾਈ ਫੋਟੋ ਇਸੇ ਦੇਸ਼ ਭਗਤੀ ਦੇ ਜਜ਼ਬੇ ਦੀ ਉਦਾਹਰਨ ਪੇਸ਼ ਕਰਦੀ ਹੈ। ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਦੇਸ਼ ਦੀ ਸੇਵਾ ਕਰਨ ਅਤੇ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਰੱਖਣ ਲਈ ਖੇਡਾਂ ਅਤੇ ਆਪਣੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਪ੍ਰੇਰਿਤ ਕਰਨ ਦਾ ਹੋਰ ਬਲ ਬਖਸ਼ੇ।


Karan Kumar

Content Editor

Related News