ਕਿਤੇ ਸੀ. ਏ. ਏ. ਦਾ ਸਾਈਡ ਇਫੈਕਟ ਤਾਂ ਨਹੀਂ ਸ੍ਰੀ ਨਨਕਾਣਾ ਸਾਹਿਬ ਦੀ ਘਟਨਾ!

01/05/2020 12:16:57 PM

ਜਲੰਧਰ/ਪਾਕਿਸਤਾਨ (ਸੰਜੀਵ ਸ਼ਰਮਾ)– ਕੀ ਸ੍ਰੀ ਨਨਕਾਣਾ ਸਾਹਿਬ ਦੀ ਘਟਨਾ ਭਾਰਤ 'ਚ ਹਾਲ ਹੀ 'ਚ ਲਾਗੂ ਹੋਏ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਅਤੇ ਪ੍ਰਸਤਾਵਿਤ ਕੌਮੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਦਾ ਸਾਈਡ ਇਫੈਕਟ ਤਾਂ ਨਹੀਂ ਹੈ? ਕੀ ਪਾਕਿਸਤਾਨ ਇਸੇ ਬਹਾਨੇ ਆਪਣੇ ਉਥੇ ਬਚੇ ਹੋਏ ਘੱਟਗਿਣਤੀਆਂ ਜਿਨ੍ਹਾਂ 'ਚ ਹੁਣ ਲੈ-ਦੇ ਕੇ ਸਿੱਖ ਹੀ ਪ੍ਰਭਾਵੀ ਹਨ ਨੂੰ ਖਦੇੜਣ ਦੀ ਰਣਨੀਤੀ ਦੇ ਤਹਿਤ ਕੰਮ ਕਰ ਰਿਹਾ ਹੈ। ਜੋ ਗੱਲ ਮੋਦੀ-ਸ਼ਾਹ ਅਤੇ ਉਨ੍ਹਾਂ ਦੀ ਪਾਰਟੀ ਕਹਿ ਰਹੀ ਹੈ ਕਿ ਭਾਰਤ 'ਚ ਸੀ. ਏ. ਏ. ਦੇ ਵਿਰੋਧ ਨੂੰ ਪਾਕਿਸਤਾਨ ਹਵਾ ਦੇ ਰਿਹਾ ਹੈ, ਕੀ ਉਹ ਗੱਲ ਸਹੀ ਹੈ? ਕੀ ਸੀ. ਏ. ਏ. ਆੜ 'ਚ ਪਾਕਿਸਤਾਨ 'ਚ ਘੱਟਗਿਣਤੀਆਂ ਦਾ ਧਾਰਮਿਕ ਸੋਸ਼ਣ ਫਿਰ ਤੋਂ ਤੇਜ਼ ਹੋ ਗਿਆ ਹੈ? ਇਹ ਕੁਝ ਸਵਾਲ ਹੁਣ ਉੱਠਣ ਲੱਗੇ ਹਨ। ਅਧਿਕਾਰਤ ਤੌਰ 'ਤੇ ਕੁਝ ਵੀ ਕਹਿਣਾ ਅਜੇ ਜਲਦਬਾਜੀ ਹੋਵੇਗੀ ਪਰ ਫਿਰ ਵੀ ਸ੍ਰੀ ਨਨਕਾਣਾ ਸਾਹਿਬ ਦੀ ਘਟਨਾ ਸੀ. ਏ. ਏ. ਅਤੇ ਐੈੱਨ. ਸੀ. ਆਰ. ਦੀ ਸਾਈਡ ਇਫੈਕਟ ਨਾਲ ਜੋੜ ਕੇ ਦੇਖਿਆ ਜਾਣਾ ਜ਼ਰੂਰੀ ਹੋ ਗਿਆ ਹੈ। ਖਾਸ ਤੌਰ 'ਤੇ ਉਦੋਂ ਜਦੋਂ ਪਾਕਿਸਤਾਨ ਦੀ ਸਰਕਾਰ ਅਤੇ ਜਨਤਾ ਨੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਖੁੱਲ੍ਹਣ ਵੇਲੇ ਸਿੱਖਾਂ ਦੇ ਸਵਾਗਤ 'ਚ ਆਪਣੇ ਸਾਫੇ ਤਕ ਵਿਛਾਏ ਹੋਣ ਤਾਂ ਹੁਣ ਉਹੀ ਮੁਸਲਮਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨੂੰ ਕਿਉਂ ਮੁਸਲਿਮ ਨਗਰੀ ਬਣਾਉਣ ਦਾ ਐਲਾਨ ਕਰ ਰਹੇ ਹਨ। ਇਹ ਗੱਲ ਸੋਚ 'ਚ ਤਾਂ ਪਾਉਂਦੀ ਹੀ ਹੈ।

PunjabKesari
ਆਖਿਰ ਦੋ ਮਹੀਨਿਆਂ 'ਚ ਅਜਿਹਾ ਕੀ ਹੋ ਗਿਆ ਕਿ ਮੁਸਲਮਾਨਾਂ ਦੀ ਸਿੱਖਾਂ ਪ੍ਰਤੀ ਬਦਲੀ ਸੋਚ
ਆਖਿਰ ਦੋ ਮਹੀਨਿਆਂ ਦਰਮਿਆਨ ਅਜਿਹਾ ਕਿ ਬਦਲ ਗਿਆ ਕਿ ਮੁਸਲਮਾਨਾਂ ਦੀ ਸਿੱਖਾਂ ਪ੍ਰਤੀ ਸੋਚ ਨੂੰ ਇੰਨਾ ਬਦਲ ਦਿੱਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ 'ਤੇ ਹਮਲਾ ਹੋ ਗਿਆ। ਕਿਉਂ ਗੁਰੂ ਜੀ ਦੇ ਜਨਮ ਅਸਥਾਨ 'ਚ ਗੁਰੂ ਘਰ ਨੂੰ ਤੋੜ ਕੇ ਮਸਜਿਦ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਹਨ? ਅਜੇ ਜ਼ਿਆਦਾ ਦਿਨ ਨਹੀਂ ਹੋਏ 9 ਨਵੰਬਰ ਨੂੰ ਤਾਂ ਕਰਤਾਰਪੁਰ ਸਾਹਿਬ ਕਾਰੀਡੋਰ ਖੁੱਲ੍ਹਿਆ ਸੀ। ਸਿੱਖਾਂ ਦਾ ਆਪਣੇ ਗੁਰੂਧਾਮ ਦੇ ਦਰਸ਼ਨ ਕਰਨ ਦਾ ਦਹਾਕਿਆਂ ਦਾ ਸੁਪਨਾ ਪੂਰਾ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ ਸਨ। ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਕਦਮ 'ਤੇ ਖੂਬ ਵਾਹ-ਵਾਹੀ ਲੁੱਟੀ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤਾਂ ਸਾਰਾ ਸਮਾਂ ਉਥੇ ਡਟੇ ਰਹੇ ਅਤੇ ਮੁਸਲਿਮ-ਸਿੱਖ ਭਾਈਚਾਰਿਆਂ ਨੂੰ ਦੋ ਜਿਸਮ ਇਕ ਜਾਨ ਕਹਿੰਦੇ ਨਹੀਂ ਥੱਕ ਰਹੇ ਸਨ ਤਾਂ ਫਿਰ ਇਨ੍ਹਾਂ ਦੋ ਮਹੀਨਿਆਂ 'ਚ ਅਜਿਹਾ ਕੀ ਬਦਲਿਆ, ਜਿਸ ਨੇ ਸ੍ਰੀ ਨਨਕਾਣਾ ਸਾਹਿਬ 'ਚ ਏਨੀ ਘਿਨੌਣੀ ਹਰਕਤ ਦੀ ਇਬਾਦਤ ਲਿਖੀ।

ਭਾਰਤ 'ਚ ਸੀ. ਏ. ਏ. ਦਾ ਸੋਧਿਆ ਹੋਇਆ ਕਾਨੂੰਨ ਬਣਨਾ
ਬਾਰੀਕੀ ਨਾਲ ਦੇਖੀਏ ਤਾਂ ਇਸ ਦਰਮਿਆਨ ਦੋਹਾਂ ਦੇਸ਼ਾਂ ਵਿਚਾਲੇ ਧਰਮ 'ਤੇ ਆਧਾਰਿਤ ਇਕ ਵੱਡੀ ਘਟਨਾ ਹੋਈ ਹੈ ਅਤੇ ਉਹ ਹੈ ਭਾਰਤ 'ਚ ਸੀ. ਏ. ਏ. ਦਾ ਸੋਧਿਆ ਹੋਇਆ ਕਾਨੂੰਨ ਬਣਨਾ। ਇਸ ਦੇ ਤਹਿਤ ਤਿੰਨ ਦੇਸ਼ਾਂ ਦੇ 6 ਘੱਟਗਿਣਤੀ ਭਾਈਚਾਰਿਆਂ ਦੇ ਧਾਰਮਿਕ ਤੌਰ 'ਤੇ ਸਤਾਏ ਲੋਕਾਂ ਨੂੰ ਭਾਰਤ ਨਾਗਰਿਕਤਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ਦੇਸ਼ਾਂ 'ਚੋ ਮੁੱਖ ਹੈ ਪਾਕਿਸਤਾਨ, ਜਿੱਥੇ ਇਸ ਵੇਲੇ ਸਿੱਖ ਹੀ ਸਭ ਤੋਂ ਵੱਡਾ ਘੱਟਗਿਣਤੀ ਭਾਈਚਾਰਾ ਹੈ, ਜਿਸ ਦਾ ਵਰਨਣ ਸੀ. ਏ. ਏ. 'ਚ ਸੂਚੀਬੱਧ ਹੈ। ਪਾਕਿਸਤਾਨ 'ਚ ਕਿੰਨੇ ਸਿੱਖ ਹਨ ਇਸ ਨੂੰ ਲੈ ਕੇ ਵੱਖ-ਵੱਖ ਅੰਕੜੇ ਹਨ।

PunjabKesari
ਪਾਕਿਸਤਾਨ ਸਰਕਾਰ ਮੁਤਾਬਕ ਉਥੇ 2012 'ਚ 6 ਹਜ਼ਾਰ ਸਿੱਖ ਸਨ। ਅਮਰੀਕਾ ਮੁਤਾਬਕ ਪਾਕਿਸਤਾਨ 'ਚ ਇਸ ਵੇਲੇ ਸਿੱਖਾਂ ਦੀ ਗਿਣਤੀ 20 ਹਜ਼ਾਰ ਤੋਂ ਘੱਟ ਹਨ। ਕੁਲ ਮਿਲਾ ਕੇ ਇਹ ਸੰਖਿਆ ਪਾਕਿਸਤਾਨ 'ਚ ਰਹਿ ਰਹੇ ਹਿੰਦੂਆਂ ਅਤੇ ਬੌਧੀਆਂ, ਪਾਰਸੀ, ਜੈਨੀਆਂ ਦੇ ਮੁਕਾਬਲੇ ਜ਼ਿਆਦਾ ਹੈ ਤਾਂ ਕੀ ਭਾਰਤ 'ਚ ਸੀ. ਏ. ਏ. ਆਉਣ ਤੋਂ ਬਾਅਦ ਪਾਕਿਸਤਾਨ 'ਚ ਸਭ ਤੋਂ ਵੱਡੇ ਘੱਟਗਿਣਤੀ ਸਿੱਖ ਭਾਈਚਾਰੇ ਨੂੰ ਹੁਣ ਜਬਰਦਸਤੀ ਦੇਸ਼ 'ਚੋਂ ਬਾਹਰ ਕੱਢਣ ਦਾ ਕੰਮ ਸ਼ੁਰੂ ਹੋ ਗਿਆ? ਉਨ੍ਹਾਂ ਸਿੱਖਾਂ ਨੂੰ ਜਿਨ੍ਹਾਂ ਦੇ ਸਾਮਰਾਜ ਦੀ ਰਾਜਧਾਨੀ ਹੀ ਕਦੇ ਲਾਹੌਰ ਸੀ? ਸੋਚਣਾ ਤਾ ਬਣਦਾ ਹੈ। ਕੀ ਪਾਕਿਸਤਾਨ ਮੋਦੀ ਸਰਕਾਰ ਦੀ ਘੱਟਗਿਣਤੀ ਹਿਤੈਸ਼ੀ ਨੀਤੀ ਨੂੰ ਢਾਲ ਬਣਾ ਕੇ ਆਪਣੇ ਦੇਸ਼ 'ਚੋਂ ਘੱਟਗਿਣਤੀਆਂ ਦਾ ਸਫਾਇਆ ਕਰਨ 'ਚ ਜੁਟ ਗਿਆ ਹੈ? ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਲੈ ਕੇ ਇਕ ਵਿਚਾਰ ਇਹ ਵੀ ਆਇਆ ਸੀ ਕਿ ਇਸ ਬਹਾਨੇ ਪਾਕਿਸਤਾਨ ਭਾਰਤ ਖਾਸ ਕਰਕੇ ਪੰਜਾਬ 'ਚ ਕੱਟੜਪੰਥੀ ਤਾਕਤਾਂ ਨੂੰ ਹੁਲਾਰਾ ਦੇ ਕੇ ਅੱਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਤਾਂ ਉਸ ਮੰਤਵ 'ਚ ਅਸਫਲ ਰਹਿਣ 'ਤੇ ਸ੍ਰੀ ਨਨਕਾਨਾ ਸਾਹਿਬ ਵਰਗੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ? ਇਹ ਸਵਾਲ ਵੀ ਬਣਦਾ ਹੈ।

ਫਿਲਹਾਲ ਸ੍ਰੀ ਨਨਕਾਣਾ ਸਾਹਿਬ ਦੀ ਘਟਨਾ 'ਤੇ ਹੁਣ ਪਾਕਿਸਤਾਨ ਸਰਕਾਰ ਦੇ ਰੁਖ 'ਤੇ ਨਜ਼ਰ ਹੀ ਰੱਖਣੀ ਪਵੇਗੀ। ਇਹ ਵੀ ਦੇਖਣਾ ਪਵੇਗਾ ਕਿ ਕਿਤੇ ਅਫਗਾਨਿਸਤਾਨ ਦੇ ਸਿੱਖਾਂ ਨਾਲ ਵੀ ਅਜਿਹੀ ਕੋਈ ਹਰਕਤ ਤਾਂ ਨਹੀਂ ਹੁੰਦੀ। ਉਧਰ ਬੰਗਲਾਦੇਸ਼ 'ਚ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਸਿਲਹਟ ਗੁਰਦੁਆਰਾ ਹੈ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਦੋ ਵਾਰ ਪ੍ਰਵਾਸ ਕੀਤਾ ਸੀ। ਉਥੇ ਵੀ ਕੁਝ ਸਿੱਖ ਪਰਿਵਾਰ ਹਨ ਜਿਨ੍ਹਾਂ ਦੀ ਸੁਰੱਖਿਆ ਵੀ ਯਕੀਨੀ ਬਣਾਉਣੀ ਪਵੇਗੀ।


shivani attri

Content Editor

Related News