ਦੁਕਾਨਦਾਰਾਂ ਨੇ ਬ੍ਰਾਂਡਿਡ ਕੰਪਨੀਆਂ ਦੀ ਪੈਕਿੰਗ ਵਾਲਾ ਫੜਿਆ ਨਕਲੀ ਸਾਮਾਨ, ਪੁਲਸ ਜਾਂਚ ਜਾਰੀ
Saturday, Apr 03, 2021 - 12:08 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ)-ਸ੍ਰੀ ਮੁਕਤਸਰ ਸਾਹਿਬ ਦੇ ਕੁਝ ਜ਼ਰੂਰੀ ਵਸਤਾਂ ਦੀ ਹੋਲਸੇਲ ਦਾ ਕੰਮ ਕਰਦੇ ਦੁਕਾਨਦਾਰਾਂ ਨੇ ਇਕ ਛੋਟਾ ਹਾਥੀ ਕਾਬੂ ਕੀਤਾ। ਦੁਕਾਨਦਾਰ, ਜੋ ਰੋਜ਼ਾਨਾ ਜ਼ਰੂਰਤ ਦੀਆਂ ਵਸਤੂਆਂ ਦੀਆਂ ਵੱਖ-ਵੱਖ ਕੰਪਨੀਆਂ ਦੇ ਡੀਲਰ ਹਨ, ਦੇ ਕਹਿਣ ਅਨੁਸਾਰ ਇਸ ਛੋਟੇ ਹਾਥੀ ’ਚ ਕੰਪਨੀਆਂ ਦੇ ਮਾਰਕੇ ਨਾਲ ਬਣਾਇਆ ਜਾ ਰਿਹਾ ਮਾਲ ਨਕਲੀ ਹੈ। ਦੁਕਾਨਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਛੋਟੇ ਹਾਥੀ ’ਚ ਸਰਫ ਐਕਸਲ, ਟਾਇਲਟ ਕਲੀਨਰ ਹਾਰਪਿਕ, ਹਿਟ, ਮੈਗੀ ਮਸਾਲਾ ਦਾ ਨਕਲੀ ਸਾਮਾਨ ਹੈ।
ਇਸ ਦੌਰਾਨ ਉਨ੍ਹਾਂ ਇਨ੍ਹਾਂ ਕੰਪਨੀਆਂ ਦੇ ਸਾਮਾਨ ਅਤੇ ਨਕਲੀ ਸਾਮਾਨ ਦੀ ਪੈਕਿੰਗ ਵਿਚਲੇ ਫਰਕ ਸਬੰਧੀ ਵੀ ਜਾਣਕਾਰੀ ਦਿੱਤੀ।ਦੁਕਾਨਦਾਰਾਂ ਨੇ ਨਕਲੀ ਸਾਮਾਨ ਦਾ ਛੋਟਾ ਹਾਥੀ ਪੁਲਸ ਹਵਾਲੇ ਕਰ ਦਿੱਤਾ । ਮਾਮਲੇ ਸਬੰਧੀ ਥਾਣਾ ਸਿਟੀ ਐੱਸ. ਐੱਚ. ਓ. ਮੋਹਨ ਲਾਲ ਨੇ ਦੱਸਿਆ ਕਿ ਇਕ ਛੋਟਾ ਹਾਥੀ ਸਥਾਨਕ ਹਿੰਦੁਸਤਾਨ ਲੀਵਰ ਕੰਪਨੀ ਦੇ ਡੀਲਰ ਵੱਲੋਂ ਫੜਾਇਆ ਗਿਆ ਹੈ, ਜਿਸ ’ਚ ਇਨ੍ਹਾਂ ਦੇ ਕਹਿਣ ਅਨੁਸਾਰ ਕੰਪਨੀਆਂ ਦੇ ਮਾਰਕੇ ਦੇ ਪੈਕਟ ਲਾ ਕੇ ਨਕਲੀ ਸਾਮਾਨ ਵੇਚਿਆ ਜਾ ਰਿਹਾ।
ਇਸ ਸਬੰਧੀ ਕੰਪਨੀ ਅਧਿਕਾਰੀਆਂ ਦੇ ਬਿਆਨਾਂ ’ਤੇ ਉਨ੍ਹਾਂ ਵੱਲੋਂ ਸਾਮਾਨ ਸਬੰਧੀ ਦਿੱਤੀ ਰਿਪੋਰਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਵਰਣਨਯੋਗ ਹੈ ਕਿ ਜੋ ਸਾਮਾਨ ਫੜਿਆ ਗਿਆ, ਉਸ ਦੀ ਬਹੁਤ ਬਾਰੀਕੀ ਨਾਲ ਜਾਂਚ ਕਰਨ ’ਤੇ ਹੀ ਸਾਮਾਨ ਦੀ ਪੈਕਿੰਗ ’ਚ ਫਰਕ ਨਜ਼ਰ ਆਉਂਦੇ ਹਨ। ਪਹਿਲੀ ਨਜ਼ਰ ’ਚ ਆਮ ਗਾਹਕ ਬ੍ਰਾਂਡ ਕੰਪਨੀਆਂ ਦੇ ਨਾਂ ਹੇਠ ਵਿਕ ਰਹੇ ਕਥਿਤ ਤੌਰ ’ਤੇ ਇਸ ਨਕਲੀ ਸਾਮਾਨ ਦੀ ਪਛਾਣ ਨਹੀਂ ਕਰ ਸਕਦਾ।