ਜੇਕਰ ਕੈਪਟਨ ਸਾਨੂੰ ਜੇਲ ਭੇਜਣ ਲਈ ਮਨ ਬਣਾਈ ਬੈਠੈ ਤਾਂ ਅਸੀਂ ਜੇਲ ਜਾਣ ਨੂੰ ਤਿਆਰ : ਬਾਦਲ

Wednesday, May 29, 2019 - 03:59 PM (IST)

ਜੇਕਰ ਕੈਪਟਨ ਸਾਨੂੰ ਜੇਲ ਭੇਜਣ ਲਈ ਮਨ ਬਣਾਈ ਬੈਠੈ ਤਾਂ ਅਸੀਂ ਜੇਲ ਜਾਣ ਨੂੰ ਤਿਆਰ : ਬਾਦਲ

ਸ੍ਰੀ ਮੁਕਤਸਰ ਸਾਹਿਬ (ਸੰਧਿਆ) : ਬੇਅਦਬੀਆਂ ਦੇ ਮਾਮਲੇ 'ਤੇ ਹੋ ਰਹੀ ਸਿਆਸਤ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਉਹ ਅਰਦਾਸ ਕਰਦੇ ਹਨ ਕਿ ਬੇਅਦਬੀ ਲਈ ਜ਼ਿੰਮੇਵਾਰ ਲੋਕਾਂ ਦਾ ਕੱਖ ਨਾ ਰਹੇ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪਹਿਲਾਂ ਇਹ ਕਿਹਾ ਜਾ ਚੁੱਕਾ ਹੈ ਪਰ ਵੱਡੇ ਬਾਦਲ ਵੱਲੋਂ ਅਜਿਹਾ ਬਿਆਨ ਪਹਿਲੀ ਵਾਰ ਦਿੱਤਾ ਹੈ। ਉਹ ਅੱਜ ਹਰਸਿਮਰਤ ਕੌਰ ਬਾਦਲ ਦੀ ਜਿੱਤ ਤੋਂ ਬਾਅਦ ਹਲਕਾ ਲੰਬੀ ਅੰਦਰ ਸ਼ੁਰੂ ਕੀਤੇ ਧੰਨਵਾਦੀ ਦੌਰੇ ਲਈ ਹਾਕੂਵਾਲਾ, ਭੁੱਲਰਵਾਲਾ ਆਦਿ ਪਿੰਡਾਂ ਵਿਚ ਆਏ ਸਨ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸਾਬਕਾ ਮੁੱਖ ਮੰਤਰੀ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਝੋਨਾ ਲਾਉਣ ਲਈ ਮਿਤੀ ਨੂੰ 1 ਜੂਨ ਕਰਨ ਸਬੰਧੀ ਉਠਾਈ ਜਾ ਰਹੀ ਮੰਗ ਸਬੰਧੀ ਸਵਾਲ 'ਤੇ ਬੋਲਦਿਆਂ ਕਿਹਾ ਕਿ ਇਹ ਕਿਸਾਨਾਂ ਦੀ ਖੇਤੀ ਕਿਤੇ ਨਾਲ ਜ਼ਰੂਰਤ ਦੇ ਆਧਾਰ 'ਤੇ ਮੰਗ ਹੈ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਝੋਨੇ ਦੀ ਲਵਾਈ ਸਬੰਧੀ ਮਿਤੀ ਨਿਰਧਾਰਤ ਕਰਨ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਮਸ਼ਵਰਾ ਕਰਨ।

'ਸਿਟ' ਵੱਲੋਂ ਚਾਰਜਸ਼ੀਟ ਵਿਚ ਸਾਬਕਾ ਮੁੱਖ ਮੰਤਰੀ ਦੇ ਨਾਂ ਆਉਣ 'ਤੇ ਕੀਤੇ ਸਵਾਲ 'ਤੇ ਬਾਦਲ ਨੇ ਕਿਹਾ ਕਿ ਇਹ ਚਾਰਜਸ਼ੀਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਹੁਕਮਾਂ ਅਨੁਸਾਰ ਤਿਆਰ ਕੀਤੀ ਹੈ ਅਤੇ ਉਹ ਲੰਬੇ ਸਮੇਂ ਤੋਂ ਸਾਨੂੰ ਜੇਲ ਭੇਜਣ ਲਈ ਬਿਆਨ ਦੇ ਰਿਹਾ ਹੈ। ਇਸ ਲਈ ਕੈਪਟਨ ਸਾਨੂੰ ਜੇਲ ਭੇਜਣਾ ਚਾਹੁੰਦਾ ਹੈ ਤਾਂ ਅਸੀਂ ਕਦੋਂ ਦਾ ਐਲਾਨ ਕੀਤਾ ਹੈ ਕਿ ਅਸੀਂ ਜੇਲ ਜਾਣ ਲਈ ਤਿਆਰ ਹਾਂ। ਨਾਲ ਹੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਲੰਬੇ ਸਮੇਂ ਤੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਬੇਅਦਬੀਆਂ 'ਤੇ ਸਿਆਸਤ ਕਰ ਰਹੀ ਹੈ।

ਅਕਾਲੀ ਦਲ 'ਚੋਂ ਵਜ਼ੀਰ ਲੈਣਾ ਮੋਦੀ ਦੇ ਹੱਥ

ਉਧਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਕਾਲੀ ਦਲ 'ਚੋਂ ਕੇਂਦਰ ਵਿਚ ਵਜ਼ੀਰ ਲੈਣ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਭਾਵੇਂ ਅਕਾਲੀ ਦਲ ਦੇ ਸਿਰਫ ਦੋ ਐੱਮ. ਪੀ. ਜਿੱਤੇ ਹੋਣ ਕਰ ਕੇ ਇੱਥੇ ਛੋਟੇ ਭਾਈਵਾਲ ਦਾ ਹੱਕ ਕਿਸੇ ਵਜ਼ੀਰੀ ਲਈ ਨਹੀਂ ਬਣਦਾ ਪਰ ਐੱਨ. ਡੀ. ਏ. ਦੇ ਸਭ ਤੋਂ ਪੁਰਾਣੇ ਭਾਈਵਾਲ ਹੋਣ ਕਰ ਕੇ ਸਮਝਿਆ ਜਾ ਰਿਹਾ ਹੈ ਕਿ ਕੇਂਦਰੀ ਵਜ਼ਾਰਤ 'ਚ ਇਕ ਮਨਿਸਟਰੀ ਅਕਾਲੀ ਦਲ ਅਤੇ ਅਕਾਲੀ 'ਚੋਂ ਬਾਦਲ ਪਰਿਵਾਰ ਕੋਲ ਜਾਣਾ ਤੈਅ ਹੈ। ਇਸ ਲਈ ਪਰਿਵਾਰ ਵੱਲੋਂ ਇਹ ਫੈਸਲਾ ਕਰ ਲਿਆ ਸੀ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰ ਵਿਚ ਵਜ਼ੀਰ ਬਣਨਗੇ। ਉਧਰ, ਬਾਦਲ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਖੁਸ਼ੀ ਵਿਚ ਕਰਵਾਏ ਜਾ ਰਹੇ ਧਾਰਮਕ ਸਮਾਗਮ ਵਿਚ ਬੀਬਾ ਜੀ ਨੂੰ 30 ਮਈ ਨੂੰ ਮਿਲਣ ਜਾ ਰਹੀ ਵੱਡੀ ਜ਼ਿੰਮੇਵਾਰੀ ਲਈ ਵੀ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ।


author

Baljeet Kaur

Content Editor

Related News