ਸ੍ਰੀ ਮੁਕਤਸਰ ਸਾਹਿਬ ''ਚ ਫ਼ਿਰ ਕੋਰੋਨਾ ਦਾ ਧਮਾਕਾ, ਇਕੱਠੇ 8 ਮਾਮਲੇ ਆਏ ਸਾਹਮਣੇ
Monday, Jul 27, 2020 - 02:52 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਕੋਰੋਨਾ ਨੇ ਫ਼ਿਰ ਤੋਂ ਧਮਾਕਾ ਕਰ ਦਿੱਤਾ ਹੈ। ਅੱਜ ਫ਼ਿਰ ਜ਼ਿਲ੍ਹੇ ਅੰਦਰ ਕੋਰੋਨਾ ਦੇ ਇਕੱਠੇ 8 ਕੇਸ ਸਾਹਮਣੇ ਆਏ ਹਨ। ਇਹ ਪੁਸ਼ਟੀ ਸਿਵਲ ਸਰਜਨ ਡਾ. ਹਰੀ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੈਂਪਲਿੰਗ ਦੇ ਨਤੀਜਿਆਂ ਦੌਰਾਨ ਅੱਜ ਜ਼ਿਲ੍ਹੇ ਅੰਦਰ ਕੋਰੋਨਾ ਦੇ 8 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚੋਂ ਦੋ ਪੀੜਤ ਵਿਅਕਤੀ ਸਥਾਨਕ ਭੁੱਲਰ ਕਲੋਨੀ ਦੀ ਗਲੀ ਨੰਬਰ 8 ਨਾਲ ਸਬੰਧਤ ਹਨ, ਜਦੋਂਕਿ 1 ਵਿਅਕਤੀ ਭਾਈ ਜਰਨੈਲ ਸਿੰਘ ਨਗਰ ਅਬੋਹਰ ਰੋਡ, ਇਕ ਵਿਅਕਤੀ ਕੋਟਲੀ ਰੋਡ, ਇਕ ਵਿਅਕਤੀ ਪਿੰਡ ਥਾਂਦੇਵਾਲਾ, ਇਕ ਵਿਅਕਤੀ ਪਿੰਡ ਮੌੜ, ਇਕ ਪਿੰਡ ਸੰਗਰਾਣਾ ਤੇ ਇਕ ਪਿੰਡ ਰੁਪਾਣਾ ਨਾਲ ਸਬੰਧਤ ਹੈ, ਜੋ ਸਾਰੇ ਹੀ ਪਹਿਲਾਂ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ ਵਿਚ ਆਏ ਸਨ। ਜਿਨ੍ਹਾਂ ਨੂੰ ਕੋਵਿਡ-19 ਹਸਪਤਾਲ ਵਿਖੇ ਆਈਸੋਲੇਟ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਅੱਜ ਚਾਰ ਮਰੀਜ਼ਾਂ ਨੂੰ ਮਿਸ਼ਨ ਫਤਹਿ ਠੀਕ ਕਰਕੇ ਉਨ੍ਹਾਂ ਦੀ ਘਰ ਵਾਪਸੀ ਕੀਤੀ ਗਈ ਹੈ। ਵਰਣਨਯੋਗ ਹੈ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਮਾਮਲਿਆਂ ਦੀ ਗਿਣਤੀ 212 ਹੋ ਗਈ ਹੈ, ਜਿਸ ਵਿਚੋਂ 174 ਮਰੀਜ਼ਾਂ ਨੂੰ ਛੁੱਟੀ ਮਿਲ ਚੁੱਕੀ ਹੈ ਤੇ ਇਸ ਸਮੇਂ 37 ਮਾਮਲੇ ਸਰਗਰਮ ਚੱਲ ਰਹੇ ਹਨ, ਜਦੋਂਕਿ ਕੋਰੋਨਾ ਕਰਕੇ ਇਕ ਔਰਤ ਦੀ ਮੌਤ ਵੀ ਹੋ ਚੁੱਕੀ ਹੈ।