ਲੁੱਟਾਂ-ਖੋਹਾਂ ਕਰਨ ਵਾਲੇ 11 ਮੈਂਬਰੀ ਗਿਰੋਹ ਦਾ ਪਰਦਾਫਾਸ਼, 8 ਚੜ੍ਹੇ ਪੁਲਸ ਅੜਿੱਕੇ

Thursday, May 09, 2019 - 05:31 PM (IST)

ਲੁੱਟਾਂ-ਖੋਹਾਂ ਕਰਨ ਵਾਲੇ 11 ਮੈਂਬਰੀ ਗਿਰੋਹ ਦਾ ਪਰਦਾਫਾਸ਼, 8 ਚੜ੍ਹੇ ਪੁਲਸ ਅੜਿੱਕੇ

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਤਰਸੇਮ ਢੁੱਡੀ, ਪਵਨ, ਸੁਖਪਾਲ, ਖੁਰਾਣਾ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਲੱਖੇਵਾਲੀ ਅਤੇ ਭਾਗਸਰ ਖੇਤਰ 'ਚ ਲੁੱਟਾਂ-ਖੋਹਾਂ ਕਰਨ ਵਾਲੇ 11 ਮੈਂਬਰੀ ਗਿਰੋਹ ਦੇ 8 ਮੈਂਬਰਾਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਉਕਤ ਗਿਰੋਹ ਦੇ ਬਾਕੀ 3 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ। ਜ਼ਿਲਾ ਪੁਲਸ ਮੁਖੀ ਮਨਜੀਤ ਸਿੰਘ ਢੋਸੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਫੜ੍ਹੇ ਗਏ ਸਾਰੇ ਨੌਜਵਾਨ 20-25 ਸਾਲ ਦੀ ਉਮਰ ਦੇ ਹਨ। ਪ੍ਰੈੱਸ ਕਾਨਫਰੰਸ ਕਰਦਿਆਂ ਉਨ੍ਹਾਂ ਦੱਸਿਆ ਕਿ ਸੋਹਨ ਲਾਲ ਐੱਸ. ਪੀ. (ਇਨਵੈਸਟੀਗੇਸ਼ਨ), ਜਸਮੀਤ ਸਿੰਘ ਉਪ ਪੁਲਸ ਕਪਤਾਨ ਦੀ ਅਗਵਾਈ ਹੇਠ ਇੰਸਪੈਕਟਰ ਸ਼ਿੰਦਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਸ੍ਰੀ ਮੁਕਤਸਰ ਸਾਹਿਬ ਪੁਲਸ ਪਾਰਟੀ ਨਾਲ ਬੱਸ ਅੱਡਾ ਪਿੰਡ ਰਹੂੜਿਆਂਵਾਲੀ ਵਿਖੇ ਮੌਜੂਦ ਸਨ।

ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ 11 ਮੈਂਬਰੀ ਗਿਰੋਹ ਅਸਲੇ, ਕਾਪੇ ਅਤੇ ਹੋਰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਪਿੰਡ ਰਹੂੜਿਆਂਵਾਲੀ ਤੋਂ ਪਿੰਡ ਭਾਗਸਰ ਨੂੰ ਜਾਂਦੀ ਸੜਕ 'ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਇਸ ਸੂਚਨਾ 'ਤੇ ਇੰਸਪੈਕਟਰ ਸ਼ਿੰਦਰ ਸਿੰਘ ਨੇ ਮਾਮਲਾ ਨੰ. 35 ਮਿਤੀ 08-05-2019 ਅ/ਧ 399, 402 ਸ਼ਿੰਦਰ ਸਿੰਘ ਵਲੋਂ ਹਿੰ. ਦੰ. 25/54/59 ਅਸਲਾ ਐਕਟ ਥਾਣਾ ਲੱਖੇਵਾਲੀ ਦਰਜ ਕਰਕੇ, ਸਮੇਤ ਪੁਲਸ ਪਾਰਟੀ ਬੇ-ਅਬਾਦ ਭੱਠੇ 'ਚੋਂ ਗਿਰੋਹ ਦੇ 08 ਮੈਂਬਰਾਂ ਦਲਬੀਰ ਸਿੰਘ ਉਰਫ਼ ਦੁੱਲਾ ਪੁੱਤਰ ਚਮਕੌਰ ਸਿੰਘ, ਹਰਫ਼ੂਲ ਸਿੰਘ ਉਰਫ਼ ਫ਼ੂਲਾ ਪੁੱਤਰ ਚਮਕੌਰ ਸਿੰਘ, ਪਰਮਜੀਤ ਸਿੰਘ ਪੁੱਤਰ ਮੋਠਾ ਸਿੰਘ, ਸੇਵਾ ਸਿੰਘ ਉਰਫ਼ ਗੋਪੀ ਪੁੱਤਰ ਇਕਬਾਲ ਸਿੰਘ, ਖੇਤਾ ਸਿੰਘ ਪੁੱਤਰ ਪਹਾੜਾ ਸਿੰਘ, ਨਵਕਿਰਨ ਸਿੰਘ ਉਰਫ਼ ਗੁੱਲੂ ਪੁੱਤਰ ਰਾਜਵੰਤ ਸਿੰਘ, ਸੰਦੀਪ ਸਿੰਘ ਉਰਫ ਘੁੱਗੀ ਪੁੱਤਰ ਮੁਖਤਿਆਰ ਸਿੰਘ, ਸੁਖਵਿੰਦਰ ਸਿੰਘ ਉਰਫ਼ ਧੱਕੜ ਪੁੱਤਰ ਗੁਰਦੀਪ ਸਿੰਘ ਨੂੰ ਦੋ ਰਿਵਾਲਵਰ, ਕਾਪੇ, ਬੇਸਬਾਲ, ਤਿੰਨ ਮੋਟਰਸਾਈਕਲ ਅਤੇ ਸਕੂਟੀ ਸਮੇਤ ਕਾਬੂ ਕਰ ਲਿਆ।

ਪੁੱਛਗਿੱਛ ਦੌਰਾਨ ਉਕਤ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਫ਼ਾਈਨਾਂਸ ਕੰਪਨੀਆਂ ਦੇ ਮੁਲਾਜ਼ਮਾਂ ਅਤੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਕੋਲੋ ਪੈਸੇ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਥਾਣਾ ਲੱਖੇਵਾਲੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ 03, ਜ਼ਿਲਾ ਫਾਜ਼ਿਲਕਾ 'ਚ 04 ਅਤੇ ਮੋਗਾ 'ਚ 01 ਆਦਿ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਸ ਮੌਕੇ ਸੋਹਨ ਲਾਲ ਐੱਸ.ਪੀ, ਮਨਵਿੰਦਰ ਬੀਰ ਸਿੰਘ ਤੇ ਡੀ. ਐੱਸ. ਪੀ. ਜਸਮੀਤ ਸਿੰਘ ਤੋਂ ਇਲਾਵਾ ਸੀ.ਆਈ.ਏ. ਦੇ ਇੰਚਾਰਜ ਸ਼ਿੰਦਰ ਸਿੰਘ ਮੌਜੂਦ ਸਨ।


author

rajwinder kaur

Content Editor

Related News