ਪੰਜਾਬ ਦੀ 65 ਸਾਲਾ ਔਰਤ ਨੇ 85 ਵਾਰ ਕੀਤੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ-ਇਸ਼ਨਾਨ

06/30/2016 9:49:24 AM

ਜਲੰਧਰ\ਰਿਸ਼ੀਕੇਸ਼ (ਜੁਗਿੰਦਰ ਸੰਧੂ) : ਪੰਜਾਬ ਦੇ ਸ਼ਹਿਰ ਖੁਮਾਣੋਂ ਨਾਲ ਸੰਬੰਧਤ ਇਕ 65 ਸਾਲਾ ਔਰਤ ਨੇ ਹੁਣ ਤਕ 85 ਵਾਰ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ-ਇਸ਼ਨਾਨ ਕੀਤੇ ਹਨ। ਇਹ ਪਾਵਨ ਅਸਥਾਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਰਬਲੇ ਜਨਮ ਨਾਲ ਸੰਬੰਧਤ ਤਪੋ ਭੂਮੀ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਉਤਰਾਖੰਡ ਦੀਆਂ ਉੱਚੀਆਂ ਪਹਾੜੀਆਂ ''ਤੇ ਸਥਿਤ ਇਸ ਅਸਥਾਨ ਲਈ ਯਾਤਰਾ ਮਈ-ਜੂਨ ਤੋਂ ਅਕਤੂਬਰ ਤਕ ਚਲਦੀ ਹੈ। ਇਸ ਵਾਰ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਸ੍ਰੀ ਹੇਮਕੁੰਟ ਸਾਹਿਬ ਪਹੁੰਚ ਕੇ ਗੁਰੂ ਚਰਨਾ ਵਿਚ ਨਤਮਸਤਕ ਹੋ ਰਹੀਆਂ ਹਨ।
ਦਰਸ਼ਨ ਕਰਕੇ ਵਾਪਸ ਪਰਤਦੇ ਹੋਏ ਸ੍ਰੀ ਜੋਸ਼ੀ ਮੱਠ ਤੋਂ ਫੋਨ ''ਤੇ ਗੱਲਬਾਤ ਕਰਦਿਆਂ ਬੀਬੀ ਨਰਿੰਦਰ ਕੌਰ ਖੁਮਾਣੋਂ ਨੇ ਦੱਸਿਆ ਕਿ ਉਹ ਪਿਛਲੇ 35 ਸਾਲ ਤੋਂ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਹਰ ਸਾਲ ਦਰਸ਼ਨ ਕਰਨ ਜਾਂਦੇ ਹਨ ਅਤੇ ਹੁਣ ਤਕ ਉਹ 85 ਵਾਰ ਸ੍ਰੀ ਹੇਮਕੁੰਟ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰ ਚੁੱਕੇ ਹਨ। ਜਦੋਂਕਿ ਉਨ੍ਹਾਂ ਨੇ 101 ਵਾਰ ਦਰਸ਼ਨ-ਇਸ਼ਨਾਨ ਕਰਨ ਦਾ ਪ੍ਰਣ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਕ ਸਾਲ ਦੀ ਯਾਤਰਾ ਦੌਰਾਨ ਉਹ ਦੋ-ਦੋ ਤਿੰਨ-ਤਿੰਨ ਵਾਰ ਦਰਸ਼ਨ ਕਰਦੇ ਹਨ।
ਇਸ ਦੌਰਾਨ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਦੇ ਪ੍ਰਬੰਧਕ ਭਾਈ ਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਵਾਰ ਯਾਤਰਾ ਨਿਰਵਿਘਨ ਅਤੇ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਤੋਂ ਜਾਰੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ 1500-2000 ਦੇ ਕਰੀਬ ਯਾਤਰੀ ਦਰਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ਦਾ ਪੁੱਲ ਟੁੱਟਣ ਦੀਆਂ ਅਫਵਾਹਾਂ ਫੈਲਾਏ ਜਾਣ ਕਰਕੇ ਸ਼ਰਧਾਲੂਆਂ ਦੀ ਗਿਣਤੀ ਕੁਝ ਘਟੀ ਹੈ ਜਦਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾ ਕੋਈ ਪੁੱਲ ਟੁੱਟਿਆ ਹੈ ਅਤੇ ਨਾ ਹੀ ਕੋਈ ਸੜਕ ਬਲਾਕ ਹੋਈ ਹੈ, ਇਸ ਲਈ ਸੰਗਤਾਂ ਨੂੰ ਅਜਿਹੀਆਂ ਅਫਵਾਹਾਂ ''ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਯਾਤਰੂਆਂ ਨੂੰ ਠਹਿਰਾਉਣ ਲਈ ਇਸ ਵਾਰ ਬਹੁਤ ਬਿਹਤਰ ਪ੍ਰਬੰਧ ਕੀਤੇ ਗਏ ਹਨ ਅਤੇ ਉਨ੍ਹਾਂ ਲਈ 24 ਘੰਟੇ ਲੰਗਰ ਵੀ ਵਰਤਾਇਆ ਜਾਂਦਾ ਹੈ। ਭਾਈ ਦਰਸ਼ਨ ਸਿੰਘ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ਵਿਚ ਸਾਰੇ ਗੁਰਧਾਮਾਂ ਵਿਖੇ ਸ਼ਰਧਾਲੂਆਂ ਨੂੰ ਡਾਕਟਰੀ ਸਹਾਇਤਾ ਅਤੇ ਦਵਾਈਆਂ ਮੁਫਤ ਉਪਲੱਬਧ ਕਰਵਾਈਆਂ ਜਾਂਦੀਆਂ ਹਨ।
ਇਸ ਦੌਰਾਨ ਦੇਹਰਾਦੂਨ ਤੋਂ ਪ੍ਰਾਪਤ ਇਕ ਖਬਰ ਅਨੁਸਾਰ ਬਦਰੀਨਾਥ ਅਤੇ ਕੇਦਾਰਨਾਥ ਵਾਲੀ ਸੜਕ ''ਤੇ ਭਾਰੀ ਬਰਸਾਤ ਕਾਰਨ ਢਿੱਗਾਂ ਡਿੱਗਣ ਦੀ ਜਾਣਕਾਰੀ ਮਿਲੀ ਹੈ। ਬਾਰਡਰ ਰੋਡ ਆਰਗੇਨਾਈਜ਼ੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਸ ਸੜਕ ਨੂੰ ਬਹੁਤ ਜਲਦੀ ਸਾਫ ਕਰ ਦਿੱਤਾ ਜਾਵੇਗਾ ਤਾਂ ਜੋ ਚਾਰ ਧਾਮ ਦੇ ਯਾਤਰੂਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਇਸ ਦੇ ਨਾਲ ਹੀ ਪ੍ਰਸ਼ਾਸਨ ਵਲੋਂ ਬਰਸਾਤ ਨੂੰ ਧਿਆਨ ਵਿਚ ਰੱਖਦਿਆਂ ਅਲਮੋੜਾ, ਪੌੜੀ, ਉਤਰਾਕਾਂਸ਼ੀ, ਦੇਹਰਾਦੂਨ, ਉਧਮਸਿੰਘ ਨਗਰ, ਚੰਪਾਵਤ ਅਤੇ ਨੈਨੀਤਾਲ ਆਦਿ ਖੇਤਰਾਂ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।


Gurminder Singh

Content Editor

Related News