ਘੁੰਗਣੀਆਂ ਵੇਚਣ ਵਾਲੇ ਪਾਤਸ਼ਾਹ

Friday, Aug 30, 2019 - 03:11 PM (IST)

ਜਲੰਧਰ - ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਇਤਿਹਾਸ ਅਨੁਸਾਰ 29 ਸਤੰਬਰ 1534 ਈਸਵੀ ਨੂੰ ਪਿਤਾ ਹਰੀਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਯਾ ਜੀ ਦੀ ਕੁੱਖੋਂ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਦਾ ਬਚਪਨ ਦਾ ਨਾਮ ਭਾਈ ਜੇਠਾ ਸੀ। ਬਚਪਨ ਵਿੱਚ ਹੀ ਆਪ ਦੇ ਮਾਤਾ-ਪਿਤਾ ਅਕਾਲ ਚਲਾਣਾ ਕਰ ਗਏ। ਆਪ ਨੇ ਆਪਣਾ ਬਚਪਨ ਨਾਨਕੇ ਘਰ ਪਿੰਡ ਬਾਸਰਕੇ ਗਿੱਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਤੀਤ ਕੀਤਾ।    

ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮਿ੍ਰਤਸਰ ਵਰਗੀ ਪਵਿੱਤਰ ਧਰਤੀ ਤੇ ਰਾਮਦਾਸ ਸਰੋਵਰ ਬਖਸ਼ਿਆ, ਜਿਥੇ ਰੋਜ਼ਾਨਾਂ ਲੱਖਾਂ ਦੀ ਗਿਣਤੀ ’ਚ ਸੰਗਤਾਂ ਆਉਂਦੀਆਂ ਹਨ। ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਕੌਮ ਨੂੰ ਅਣਮੁੱਲੀਆਂ ਦਾਤਾਂ ਦਿੱਤੀਆਂ ਹਨ। ਗੁਰੂ ਜੀ ਨੇ 30 ਰਾਗਾਂ ’ਚ 6038 ਸਲੋਕਾਂ ਦੀ ਰਚਨਾ ਕੀਤੀ ਤੇ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸਸ਼ੋਭਿਤ ਕੀਤੀ। ਗੁਰੂ ਸਾਹਿਬ ਜੀ ਨੇ ਰੂੜੀਵਾਦੀ ਪਰੰਪਰਾਵਾਂ ਨੂੰ ਤੋੜਦਿਆਂ ਸਿੱਖ ਧਰਮ ਨੂੰ ਸਭ ਤੋਂ ਵੱਡਮੁੱਲੀ ਦੇਣ ਦਿੱਤੀ, 4 ਲਾਵਾਂ ਦੇ ਰੂਪ ’ਚ। ਆਪ ਜੀ ਨੇ ਸੂਹੀ ਰਾਗ ’ਚ ਚਾਰ ਲਾਵਾਂ ਦੀ ਬਾਣੀ ਦਾ ਉਚਾਰਨ ਕੀਤਾ, ਜਿਸ ਤੋਂ ਬਾਅਦ ਸਿੱਖ ਧਰਮ ’ਚ ਇਕ ਹੋਰ ਵਿਲੱਖਤਾ ਆ ਗਈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਨਾਨਕ ਨਾਮ ਲੇਵਾ ਸਿੱਖ ਆਪਣੇ ਵਿਆਹ ਸਮਾਗਮ ਆਨੰਦ ਕਾਰਜ ਰਾਹੀਂ ਸੰਪੂਰਨ ਕਰਦੇ ਹਨ। ਗੁਰੂ ਰਾਮਦਾਸ ਜੀ ਨੇ ਸਾਰਾ ਸਮਾਂ ਸੱਚੀ ਮਨੁੱਖਤਾ ਦੀ ਸੇਵਾ ਕੀਤੀ ਤੇ ਸਿੱਖ ਧਰਮ ਦਾ ਪ੍ਰਚਾਰ ਤੇ ਪਰਸਾਰ ਕੀਤਾ।  

PunjabKesari

ਆਪ ਜੀ ਦਾ ਬਚਪਨ ਗ਼ਰੀਬੀ ਵਿਚ ਬੀਤਿਆ, ਜਿਸ ਕਾਰਨ ਆਪ ਨੂੰ ਜੀਵਨ ਨਿਰਬਾਹ ਲਈ ਘੁੰਗਣੀਆਂ ਵੇਚਣੀਆਂ ਪਈਆ। ਇਸ ਪ੍ਰਕਾਰ ਆਪ ਬਚਪਨ ਤੋਂ ਹੀ ਹੱਥੀਂ ਕਿਰਤ ਕਰਨ ਲੱਗ ਪਏ ਸੀ। ਮਨ ਵਿੱਚ ਗੁਰੂ ਅਮਰਦਾਸ ਜੀ ਨੂੰ ਮਿਲਣ ਦੀ ਤਾਂਘ ਲੈ ਆਪ ਗੋਇੰਦਵਾਲ ਸਾਹਿਬ ਪਹੁੰਚ ਗਏ। ਉੱਥੇ ਆਪ ਦਿਨ ਰਾਤ ਕੀਰਤਨ ਸੁਣਦੇ ਅਤੇ ਗੁਰੂ ਘਰ ਦੀ ਸੇਵਾ ਕਰਦੇ।

ਇੱਥੇ ਵੀ ਆਪ ਨੇ ਆਪਣਾ ਜੀਵਨ ਨਿਰਬਾਹ ਘੁੰਗਣੀਆਂ ਵੇਚ ਕੇ ਹੀ ਕੀਤਾ। ਅਮਰਦਾਸ ਜੀ ਨੇ ਭਾਈ ਜੇਠਾ ਜੀ ਦੀ ਕਿਰਤ ਕਰਨ ਦੀ ਲਗਨ ਅਤੇ ਗੁਰੂ ਘਰ ਨਾਲ ਸ਼ਰਧਾ ਨੂੰ ਵੇਖਦਿਆਂ ਹੋਇਆਂ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਹੀ ਨਾਲ ਕਰ ਦਿੱਤਾ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਦਾ ਨਾਮ ਬਦਲ ਕੇ ਰਾਮਦਾਸ ਰੱਖ ਦਿੱਤਾ। ਗੁਰੂ ਅਮਰਦਾਸ ਜੀ ਨੇ ਗੁਰਿਆਈ ਦੇਣ ਲਈ ਭਾਈ ਰਾਮਾ ਅਤੇ ਭਾਈ ਜੇਠਾ (ਰਾਮਦਾਸ) ਜੀ ਦੀ ਪ੍ਰੀਖਿਆ ਲਈ। ਗੁਰੂ ਜੀ ਨੇ ਦੋਵਾਂ ਨੂੰ ਹੀ ਥੜ੍ਹਾ ਬਣਾਉਣ ਲਈ ਕਿਹਾ। ਗੁਰੂ ਅਮਰਦਾਸ ਜੀ ਕੋਈ ਨਾ ਕੋਈ ਕਮੀ ਕੱਢ ਕੇ ਥੜ੍ਹਾ ਢੁਹਾ ਦਿੰਦੇ ਰਹੇ।

ਅਜਿਹਾ ਦੇਖ ਭਾਈ ਰਾਮਾ ਜੀ ਦਾ ਸਿਦਕ ਡੋਲ ਗਿਆ ਪਰ ਭਾਈ ਜੇਠਾ ਜੀ ਹਰ ਵਾਰੀ ‘ਸਤਿ ਬਚਨ’ ਕਹਿ ਦੁਬਾਰਾ ਥੜ੍ਹਾ ਬਣਾਉਣ ਲੱਗ ਪੈਂਦੇ। ਇਸ ਪ੍ਰਕਾਰ ਗੁਰੂ ਅਮਰਦਾਸ ਜੀ ਦੀ ਗੁਰਿਆਈ ਲਈ ਯੋਗ ਵਿਅਕਤੀ ਦੀ ਭਾਲ ਖ਼ਤਮ ਹੋ ਗਈ। ਸਤੰਬਰ 1574 ਈਸਵੀ ਨੂੰ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੌਂਪ ਦਿੱਤੀ। ਗੁਰੂ ਅਮਰਦਾਸ ਜੀ ਦੇ ਕਹੇ ਅਨੁਸਾਰ ਆਪ ਨੇ ਗੁਰੂ ਕਾ ਚੱਕ (ਰਾਮਦਾਸਪੁਰ) ਦੀ ਨੀਂਹ 1574 ਈਸਵੀ ਵਿੱਚ ਰੱਖੀ। ਗੁਰੂ ਘਰ ਦੀ ਇਮਾਰਤ ਬਣਾਉਣ, ਧਰਮਸ਼ਾਲਾ ਅਤੇ ਸਰੋਵਰ ਦੀ ਉਸਾਰੀ ਲਈ ਬਹੁਤ ਧੰਨ ਦੀ ਜ਼ਰੂਰਤ ਸੀ। ਇਸ ਲਈ ਗੁਰੂ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ, ਇਸ ਪ੍ਰਥਾ ਦੇ ਅਧੀਨ ਸੰਗਤਾਂ ਨੂੰ ਗੁਰੂ ਘਰ ਵਿੱਚ ਹੋਣ ਵਾਲੇ ਕਾਰਜਾਂ ਤੋਂ ਜਾਣੂ ਕਰਵਾਇਆ ਜਾਂਦਾ ਸੀ ਅਤੇ ਉਨ੍ਹਾਂ ਵੱਲੋਂ ਭੇਟ ਕੀਤੀ ਗਈ ਮਾਇਆ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਂਦਾ।

PunjabKesariਆਪ ਦੇ ਗ੍ਰਹਿ ਵਿਖੇ ਤਿੰਨ ਪੁਤਰਾਂ ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ ਦੇਵ ਦਾ ਜਨਮ ਹੋਇਆ। ਗੁਰੂ ਪਰਵਾਰ ਦੇ ਤਿੰਨਾਂ ਸਾਹਿਬਜ਼ਾਦਿਆਂ ਵਿਚੋਂ ਸਭ ਤੋਂ ਛੋਟੇ ਸ੍ਰੀ (ਗੁਰੂ) ਅਰਜਨ ਦੇਵ ਜੀ ਦੀਨ ਅਤੇ ਦੁਨੀਆਂ ਦੇ ਮਾਮਲੇ ਵਿਚ ਸਭ ਤੋਂ ਵਧੇਰੇ ਯੋਗ ਸਾਬਤ ਹੋਏ। ਜਿਥੇ ਉਹ ਪਰਵਾਰਕ ਪੱਖ ਤੋਂ ਪੂਰੇ ਜ਼ਿੰਮੇਵਾਰ ਸਨ, ਉਥੇ ਉਹ ਅਧਿਆਤਮਕ ਪੱਖ ਤੋਂ ਵੀ ਸਰਬ-ਕਲਾ ਸਮਰੱਥ ਵਿਖਾਈ ਦਿੰਦੇ ਸਨ। ਇਸ ਸਮਰੱਥਾ ਕਾਰਨ ਹੀ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਗੁਰਿਆਈ ਦਾ ਤਿਲਕ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਗਾਇਆ ਗਿਆ। 

ਗੁਰੂ ਪਿਤਾ ਵਲੋਂ ਵੱਡੇ ਪੁੱਤਰ (ਪ੍ਰਿਥੀ ਚੰਦ) ਨੂੰ ਅਣਡਿੱਠ ਕਰ ਕੇ ਸੱਭ ਤੋਂ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਨਾਨਕ ਕੇ ਘਰ ਦੀ ਵਡਿਆਈ (ਗੁਰਗੱਦੀ) ਦਿਤੇ ਜਾਣ ਦਾ ਪ੍ਰਿਥੀ ਚੰਦ ਵਲੋਂ ਡਟਵਾਂ ਵਿਰੋਧ ਕੀਤਾ ਗਿਆ ਪਰ ਸ੍ਰੀ ਗੁਰੂ ਰਾਮਦਾਸ ਜੀ ਵਲੋਂ 'ਤਖ਼ਤਿ ਬਹੈ ਤਖ਼ਤੈ ਕੀ ਲਾਇਕ' ਦੀ ਕਸਵੱਟੀ ਨੂੰ ਆਧਾਰ ਬਣਾ ਕੇ ਸਿਰਫ਼ ਯੋਗਤਾ ਨੂੰ ਹੀ ਪਹਿਲ ਦਿਤੀ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਪਣਾ ਗੱਦੀ-ਨਸ਼ੀਨ ਬਣਾ ਕੇ ਸ੍ਰੀ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਚਲੇ ਗਏ। ਕੁੱਝ ਦਿਨ ਇਥੇ ਟਿਕਾਣਾ ਕਰਨ ਤੋਂ ਬਾਅਦ ਅੱਸੂ ਮਹੀਨੇ ਦੇ ਦੂਜੇ ਦਿਨ ਮੁਤਾਬਕ ਸੰਮਤ 1638 (ਸਤੰਬਰ 1581 ਈ:) ਨੂੰ ਜੋਤੀ ਜੋਤ ਸਮਾ ਗਏ। 


Baljeet Kaur

Content Editor

Related News