ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਲੱਗੇ ਮੇਲੇ ’ਚ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੇ ਲਿਆ ਆਨੰਦ

Saturday, Sep 03, 2022 - 10:28 AM (IST)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਲੱਗੇ ਮੇਲੇ ’ਚ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੇ ਲਿਆ ਆਨੰਦ

ਬਟਾਲਾ (ਬੇਰੀ, ਵਿਪਨ)- ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਜਿਥੇ ਸੰਗਤਾਂ ਦਾ ਭਾਰੀ ਜਨ ਸੈਲਾਬ ਦੇਖਣ ਨੂੰ ਮਿਲਿਆ, ਉੱਥੇ ਹੀ ਹਜ਼ਾਰਾਂ ਲੋਕਾਂ ਅੱਜ ਮੇਲੇ ਦਾ ਭਰਪੂਰ ਆਨੰਦ ਵੀ ਮਾਣਿਆ। ਇਸ ਸਾਲ ਸੰਗਤ ਦੇ ਵਿਚ ਮੇਲੇ ਪ੍ਰਤੀ ਭਾਰੀ ਉਤਸ਼ਾਹ ਸੀ ਅਤੇ ਨੌਜਵਾਨਾਂ ਦੇ ਨਾਲ-ਨਾਲ ਮਹਿਲਾਵਾਂ ਨੇ ਵੀ ਘਰਾਂ ’ਚੋਂ ਨਿਕਲ ਕੇ ਮੇਲੇ ਦਾ ਆਨੰਦ ਮਾਣਿਆ ਅਤੇ ਜਮ ਕੇ ਖਰੀਦਾਰੀ ਵੀ ਕੀਤੀ। ਜਿਥੇ ਅੱਜ ਬਟਾਲਾ ’ਚ ਸਥਾਨਕ ਕਾਹਨੂੰਵਾਨ, ਸ਼ਾਸਤਰੀ ਨਗਰ ਰੋਡ, ਜਲੰਧਰ ਰੋਡ ’ਤੇ ਵੱਖ-ਵੱਖ ਸਟਾਲ ਲੱਗੇ ਹੋਏ ਸਨ, ਜਿਨ੍ਹਾਂ ਸਟਾਲਾਂ ਵਿਚ ਲੋਕ ਰੋਜ਼ਮਰਾ ਦੀਆਂ ਚੀਜ਼ਾਂ ਦੀ ਖਰੀਦਾਰੀ ਕਰਦੇ ਨਜ਼ਰ ਆਏ।

PunjabKesari

ਨਗਰ ਕੀਰਤਨ ਵਾਲੇ ਰੂਟ ’ਚ ਥਾਂ-ਥਾਂ ’ਤੇ ਲੋਕਾਂ ਵਲੋਂ ਸੰਗਤਾਂ ਲਈ ਚਾਹ ਪਕੌੜੇ, ਜਲੇਬੀਆਂ, ਪਾਣੀ, ਹੋਰ ਖਾਣ-ਪੀਣ ਦੇ ਸਾਮਾਨ ਦੇ ਲੰਗਰ ਲਗਾਏ ਗਏ ਸਨ। ਇਨ੍ਹਾਂ ਲੰਗਰਾਂ ’ਚ ਵੀ ਵੱਡੀ ਗਿਣਤੀ ’ਚ ਲੋਕਾਂ ਨੇ ਲੰਗਰ ਛਕਿਆ ਅਤੇ ਗੁਰੂ ਸਾਹਿਬ ਦੇ ਚਰਨਾਂ ’ਚ ਸੀਸ ਨਿਵਾਇਆ। ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ ’ਚ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਸਤਿਕਰਤਾਰੀਆਂ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਸਮੇਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਸ਼ਾਮ ਸਮੇਂ ਗੁਰਦੁਆਰਾ ਸਾਹਿਬ ਰੰਗ ਬਰੰਗੀਆਂ ਰੋਸ਼ਨੀਆਂ ਨਾਲ ਜਗਮਗਾਉਂਦਾ ਹੋਇਆ ਬਹੁਤ ਸੁੰਦਰ ਲੱਗ ਰਿਹਾ ਸੀ।

PunjabKesari

ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਓਧਰ ਦੂਜੇ ਪਾਸੇ ਪੁਲਸ ਪ੍ਰਸ਼ਾਸਨ ਵੀ ਹਰਕਤ ’ਚ ਰਿਹਾ ਅਤੇ ਪੂਰੀ ਮੁਸਤੈਦੀ ਨਾਲ ਡਿਊਟੀ ਕਰਦੇ ਹੋਏ ਮੇਲੇ ਨੂੰ ਅਮਨ ਚੈਨ ਨਾਲ ਸਮਾਪਤ ਕਰਵਾਉਣ ’ਚ ਅਹਿਮ ਭੂਮਿਕਾ ਅਦਾ ਕੀਤੀ। ਇਸ ਸਮੇਂ ਪੀ.ਸੀ.ਆਰ. ਮੁਲਾਜ਼ਮਾਂ ਵਲੋਂ ਵੀ ਸ਼ਹਿਰ ’ਚ ਲਗਾਤਾਰ ਗਸ਼ਤ ਕੀਤੀ ਗਈ ਤਾਂ ਜੋ ਲੋਕਾਂ ਦਾ ਪੁਲਸ ਪ੍ਰਸ਼ਾਸਨ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਹੋ ਸਕੇ। ਇਸ ਦੇ ਨਾਲ ਹੀ ਬਟਾਲਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਲੱਗੇ ਝੂਲਿਆਂ ਦਾ ਆਨੰਦ ਵੀ ਮਾਣਿਆ ਗਿਆ ਅਤੇ ਲੋਕ ਪਰਿਵਾਰਾਂ ਸਮੇਤ ਝੂਲੇ ਝੂਲਦੇ ਨਜ਼ਰ ਆਏ।


author

rajwinder kaur

Content Editor

Related News